ਵਾਸ਼ਿੰਗਟਨ, ਏਐੱਨਆਈ : ਪੈਂਟਾਗਨ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ 20 ਸਾਲ ਦੀਆਂ ਅਮਰੀਕੀ ਫ਼ੌਜੀ ਮੁਹਿੰਮਾਂ ਤੋਂ ਬਾਅਦ ਅਫ਼ਗਾਨਿਸਤਾਨ ਤੋਂ ਅਮਰੀਕੀ ਫ਼ੌਜੀਆਂ ਦੀ ਵਾਪਸੀ ਪੂਰੀ ਹੋ ਗਈ ਹੈ। ਅਮਰੀਕੀ ਰੱਖਿਆ ਵਿਭਾਗ ਪੈਂਟਾਗਨ ਨੇ ਟਵੀਟ ਕਰ ਕੇ ਦੱਸਿਆ ਕਿ ਅਫ਼ਗਾਨਿਸਤਾਨ ਛੱਡਣ ਵਾਲਾ ਆਖਰੀ ਅਮਰੀਕੀ ਫ਼ੌਜੀ ਮੇਜਰ ਜਨਰਲ ਕ੍ਰਿਸ ਡੋਨਹਿਊ (Major General Chris Donahue) ਹੈ ਜੋ 30 ਅਗਸਤ ਨੂੰ ਸੀ-17 ਜਹਾਜ਼ 'ਚ ਸਵਾਰ ਹੋਇਆ ਤੇ ਇਹ ਕਾਬੁਲ 'ਚ ਅਮਰੀਕੀ ਮਿਸ਼ਨ ਦੇ ਅੰਤ ਦਾ ਪ੍ਰਤੀਕ ਹੈ। ਇਸ ਦੇ ਨਾਲ ਹੀ ਯੂਐੱਸ ਸੈਂਟਰਲ ਕਮਾਂਡ ਦੇ ਕਮਾਂਡਰ ਜਨਰਲ ਕੈਨੇਥ ਮੈਕੇਂਜੀ ਨੇ ਪੈਂਟਾਗਨ ਨਿਊਜ਼ ਕਾਨਫਰੰਸ ਦੌਰਾਨ ਅਫ਼ਗਾਨਿਸਤਾਨ ਤੋਂ ਅਮਰੀਕੀ ਵਾਪਸੀ ਨੂੰ ਪੂਰਾ ਕਰਨ ਦਾ ਐਲਾਨ ਕੀਤਾ।

ਜਨਰਲ ਕੈਨੇਥ ਮੈਕੇਂਜੀ ਨੇ ਕਿਹਾ ਕਿ ਮੈਂ ਇੱਥੇ ਅਫ਼ਗਾਨਿਸਤਾਨ ਤੋਂ ਆਪਣੀ ਵਾਪਸੀ ਦੇ ਪੂਰਾ ਹੋਣ ਤੇ ਅਮਰੀਕੀ ਨਾਗਰਿਕਾਂ ਨੂੰ ਕੱਢਣ ਲਈ ਫ਼ੌਜੀ ਮਿਸ਼ਨ ਦੀ ਸਮਾਪਤੀ ਦਾ ਐਲਾਨ ਕਰਨ ਲਈ ਹਾਂ। ਮੈਕੇਂਜੀ ਨੇ ਦੱਸਿਆ ਕਿ ਆਖਰੀ ਅਮਰੀਕੀ ਸੀ-17 ਫ਼ੌਜੀ ਮੁਹਿੰਮ ਨੇ ਹਾਮਿਦ ਕਰਜ਼ਈ ਕੌਮਾਂਤਰੀ ਹਵਾਈ ਅੱਡੇ ਤੋਂ ਅੱਧੀ ਰਾਤ ਨੂੰ ਉਡਾਣ ਭਰੀ। ਉਨ੍ਹਾਂ ਕਿਹਾ ਤਾਲਿਬਾਨ ਦੋਵਾਂ ਧੜਿਆਂ ਵਿਚਕਾਰ ਡੂੰਘੀ ਦੁਸ਼ਮਣੀ ਦੇ ਬਾਵਜੂਦ ਨਿਕਾਸੀ ਤੇ ਅੰਤਿਮ ਉਡਾਣਾਂ ਦੇ ਸੰਚਾਲਨ 'ਚ ਬੇੱਹਦ ਮਦਦਗਾਰ ਤੇ ਫਾਇਦੇਮੰਦ ਰਿਹਾ ਹੈ।

ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਤੈਅ ਕੀਤੀ ਸੀ ਸਮੇਂ-ਸੀਮਾ

ਦੱਸ ਦੇਈਏ ਕਿ ਅਲਕਾਇਦਾ ਵੱਲੋਂ ਅਮਰੀਕਾ 'ਤੇ 11 ਸਤੰਬਰ 2001 ਦੇ ਹਮਲਿਆਂ ਤੋਂ ਬਾਅਦ 2001 'ਚ ਹੀ ਤਾਲਿਬਾਨ ਨੂੰ ਸੱਤਾ ਤੋਂ ਬੇਦਖ਼ਲ ਕਰਨ ਲਈ ਅਮਰੀਕੀ ਫ਼ੌਜੀ ਨਾਟੋ ਗਠਜੋੜ ਦੀ ਅਗਵਾਈ 'ਚ ਅਫ਼ਗਾਨਿਸਤਾਨ ਆਏ ਸਨ। ਰਾਸ਼ਟਰਪਤੀ ਜੋਅ ਬਾਇਡਨ ਨੇ ਇਸ ਸਾਲ ਦੀ ਸ਼ੁਰੂਆਤ 'ਚ ਅਮਰੀਕੀ ਫ਼ੌਜ ਦੀ ਵਾਪਸੀ ਲਈ 31 ਅਗਸਤ ਦੀ ਸਮੇਂ-ਸੀਮਾ ਤੈਅ ਕੀਤੀ ਸੀ। ਉੱਥੇ ਹੀ ਇਸਲਾਮਿਕ ਸਟੇਟ ਖੁਰਾਸਨ (IS-K) ਨੇ ਦੋ ਹਫ਼ਤਿਆਂ ਦੀ ਨਿਕਾਸੀ ਮੁਹਿੰਮ ਦੌਰਾਨ ਦੋ ਹਮਲੇ ਕੀਤੇ ਸਨ। ਇਕ ਆਤਮਘਾਤੀ ਬੰਬ ਧਮਾਕੇ 'ਚ 13 ਅਮਰੀਕੀ ਫ਼ੌਜੀਆਂ ਸਮੇਤ 120 ਤੋਂ ਜ਼ਿਆਦਾ ਲੋਕ ਮਾਰੇ ਗਏ ਸਨ। ਇਸ ਤੋਂ ਬਾਅਦ ਭਾਰੀ ਸੁਰੱਖਿਆ ਦੌਰਾਨ ਕਾਬੁਲ ਹਵਾਈ ਅੱਡੇ ਤੋਂ ਅੰਤਿਮ ਉਡਾਣ ਮੁਕੰਮਲ ਹੋਈ ਹੈ।

Posted By: Seema Anand