ਨਿਊਯਾਰਕ (ਪੀਟੀਆਈ) : ਕੋਰੋਨਾ ਮਹਾਮਾਰੀ ਕਾਰਨ ਪਹਿਲੀ ਵਾਰ 'ਅਮਰੀਕਾ ਰੋਡਸ ਸਕਾਲਰਸ' ਦੀ ਚੋਣ ਆਨਲਾਈਨ ਕੀਤੀ ਗਈ। ਇਸ ਤਹਿਤ 32 ਵਿਦਿਆਰਥੀਆਂ ਨੇ ਆਕਸਫੋਰਡ ਯੂਨੀਵਰਸਿਟੀ ਵਿਚ ਪੜ੍ਹਨ ਲਈ ਵਜ਼ੀਫ਼ਾ ਹਾਸਲ ਕੀਤਾ ਹੈ। ਇਨ੍ਹਾਂ ਵਿੱਚੋਂ 22 ਘੱਟ ਗਿਣਤੀਆਂ (ਸਟੂਡੈਂਟ ਆਫ ਕਲਰ) ਅਤੇ 10 ਸਿਆਹਫਾਮ ਹਨ। ਇਸ ਤੋਂ ਪਹਿਲਾਂ ਕਦੀ ਵੀ ਏਨੀ ਜ਼ਿਆਦਾ ਗਿਣਤੀ ਵਿਚ ਸਿਆਹਫਾਮ ਵਿਦਿਆਰਥੀਆਂ ਦੀ ਚੋਣ ਨਹੀਂ ਹੋਈ ਹੈ। ਦੱਸਣਯੋਗ ਹੈ ਕਿ 'ਰੋਡਸ ਸਕਾਲਰਸ਼ਿਪ' ਇੰਗਲੈਂਡ ਦੀ ਆਕਸਫੋਰਡ ਯੂਨੀਵਰਸਿਟੀ ਵਿਚ ਦੋ ਜਾਂ ਤਿੰਨ ਸਾਲ ਦੇ ਅਧਿਐਨ ਲਈ ਵਿਦਿਆਰਥੀਆਂ ਦਾ ਪੂਰਾ ਖ਼ਰਚ ਚੁੱਕਦਾ ਹੈ। ਸੇਸਿਲ ਰੋਡਸ ਦੀ ਵਸੀਅਤ ਤਹਿਤ 1902 ਵਿਚ ਇਸ ਵਜ਼ੀਫ਼ੇ ਦੀ ਸ਼ੁਰੂਆਤ ਕੀਤੀ ਗਈ ਸੀ।

'ਰੋਡਸ ਟਰੱਸਟ' ਦੇ ਅਮਰੀਕੀ ਸਕੱਤਰ ਏਲਿਟ ਗਰਸਨ ਨੇ 32 ਜੇਤੂਆਂ ਦੇ ਨਾਵਾਂ ਦਾ ਐਲਾਨ ਐਤਵਾਰ ਨੂੰ ਕੀਤਾ। ਇਹ ਸਾਰੇ ਵਿਦਿਆਰਥੀ 'ਰੋਡਸ ਸਕਾਲਰ' ਵਿਚ ਅਮਰੀਕਾ ਦਾ ਪ੍ਰਤੀਨਿਧਤਵ ਕਰਨਗੇ। ਜਿਨ੍ਹਾਂ ਚਾਰ ਭਾਰਤੀ ਮੂਲ ਦੇ ਵਿਦਿਆਰਥੀਆਂ ਨੂੰ ਚੁਣਿਆ ਗਿਆ ਹੈ ਉਨ੍ਹਾਂ ਵਿਚ ਸਵਾਤੀ ਆਰ. ਸ਼੍ਰੀਨਿਵਾਸਨ, ਵਿਜੇਸੁੰਦਰਮ ਰਾਮਸੈਮੀ, ਗਰਿਮਾ ਪੀ. ਦੇਸਾਈ ਅਤੇ ਸਵਰਾਨੀ ਸੰਕਾ ਸ਼ਾਮਲ ਹਨ। ਗਰਸਨ ਨੇ ਕਿਹਾ ਕਿ ਇਸ ਤੋਂ ਪਹਿਲੇ ਕਦੀ ਵੀ 'ਰੋਡਸ ਸਕਾਲਰ' ਲਈ ਵਿਦਿਆਰਥੀਆਂ ਦੀ ਚੋਣ ਆਨਲਾਈਨ ਨਹੀਂ ਕੀਤੀ ਗਈ। ਇਸ ਵਜ਼ੀਫ਼ੇ ਲਈ 288 ਕਾਲਜਾਂ ਅਤੇ ਯੂਨੀਵਰਸਿਟੀਆਂ ਤੋਂ ਕਰੀਬ 2,300 ਵਿਦਿਆਰਥੀਆਂ/ਵਿਦਿਆਰਥਣਾਂ ਨੇ ਅਰਜ਼ੀਆਂ ਦਿੱਤੀਆਂ ਸਨ। 'ਰੋਡਸ ਟਰੱਸਟ' ਦੀਆਂ 16 ਕਮੇਟੀਆਂ ਨੇ ਅਰਜ਼ੀਆਂ ਦੀ ਛਾਂਟੀ ਕੀਤੀ ਅਤੇ ਫਿਰ ਮੁੱਖ ਦਾਅਵੇਦਾਰਾਂ ਦਾ ਆਨਲਾਈਨ ਇੰਟਰਵਿਊ ਲਿਆ ਗਿਆ। ਜੇਤੂਆਂ ਵਿਚ 17 ਔਰਤਾਂ, 14 ਮਰਦ ਅਤੇ ਇਕ ਟ੍ਾਂਸਜੈਂਡਰ ਸ਼ਾਮਲ ਹੈ।