ਵਾਸ਼ਿੰਗਟਨ (ਏਪੀ) : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਸ਼ਨਿਚਰਵਾਰ ਨੂੰ ਇਕ ਮਿਲਟਰੀ ਹਸਪਤਾਲ ਦੇ ਦੌਰ ਦੌਰਾਨ ਪਹਿਲੀ ਵਾਰ ਜਨਤਕ ਤੌਰ 'ਤੇ ਮਾਸਕ ਪਹਿਨੇ ਨਜ਼ਰ ਆਏ। ਇਹ ਪਹਿਲੀ ਵਾਰ ਹੈ ਜਦੋਂ ਸਿਹਤ ਮਾਹਿਰਾਂ ਦੀ ਸਲਾਹ ਮੁਤਾਬਕ ਕੋਰੋਨਾ ਵਾਇਰਸ ਮਹਾਮਾਰੀ ਤੋਂ ਬਚਣ ਲਈ ਟਰੰਪ ਆਪਣੇ ਚਿਹਰੇ ਨੂੰ ਢੱਕੇ ਹੋਏ ਦਿਖਾਈ ਦਿੱਤੇ। ਦੱਸਣਯੋਗ ਹੈ ਕਿ ਟਰੰਪ ਨੇ ਇਸ ਤੋਂ ਪਹਿਲਾਂ ਸਿਰਫ ਇਕ ਵਾਰ ਮਾਸਕ ਪਹਿਨਿਆ ਸੀ ਜਦੋਂ ਉਹ ਮਿਸ਼ੀਗਨ ਸਥਿਤ ਫੋਰਡ ਪਲਾਂਟ ਦੇ ਦੌਰੇ 'ਤੇ ਗਏ ਸਨ। ਹਾਲਾਂਕਿ ਇਸ ਨੂੰ ਉਨ੍ਹਾਂ ਦੀ ਨਿੱਜੀ ਯਾਤਰਾ ਮੰਨਿਆ ਗਿਆ ਸੀ।

ਦਰਅਸਲ, ਟਰੰਪ ਕੋਰੋਨਾ ਮਰੀਜ਼ਾਂ ਦੀ ਦੇਖਭਾਲ ਕਰ ਰਹੇ ਸਿਹਤ ਮੁਲਾਜ਼ਮਾਂ ਤੇ ਜ਼ਖ਼ਮੀ ਸੈਨਿਕਾਂ ਨੂੰ ਮਿਲਣ ਲਈ ਹੈਲੀਕਾਪਟਰ ਰਾਹੀਂ ਵਾਸ਼ਿੰਗਟਨ ਸਥਿਤ ਵਾਲਟਰ ਰੀਡ ਨੈਸ਼ਨਲ ਮਿਲਟਰੀ ਮੈਡੀਕਲ ਸੈਂਟਰ ਪਹੁੰਚੇ ਸਨ। ਵ੍ਹਾਈਟ ਹਾਊਸ ਤੋਂ ਨਿਕਲਦੇ ਸਮੇਂ ਉਨ੍ਹਾਂ ਪੱਤਰਕਾਰਾਂ ਨੂੰ ਕਿਹਾ, 'ਖਾਸ ਕਰ ਕੇ ਜਦੋਂ ਤੁਸੀਂ ਕਿਸੇ ਹਸਪਤਾਲ 'ਚ ਹੋਵੋਂ, ਤਾਂ ਮੈਨੂੰ ਲੱਗਦਾ ਹੈ ਕਿ ਮਾਸਕ ਪਹਿਨਣਾ ਚਾਹੀਦਾ ਹੈ।' ਟਰੰਪ ਵਾਲਟਰ ਰੀਡ ਦੇ ਗਲਿਆਰੇ 'ਚ ਮਾਸਕ ਪਹਿਨੇ ਨਜ਼ਰ ਆਏ। ਹਾਲਾਂਕਿ ਜਦੋਂ ਉਹ ਹੈਲੀਕਾਪਟਰ ਤੋਂ ਉਤਰੇ ਸਨ, ਉਦੋਂ ਉਨ੍ਹਾਂ ਨੇ ਮਾਸਕ ਨਹੀਂ ਪਹਿਨਿਆ ਸੀ।

ਮਾਸਕ ਪਹਿਨੇ ਨਜ਼ਰ ਆਉਂਦੇ ਹਨ ਜ਼ਿਆਦਾਤਰ ਰਿਪਬਲਿਕਨ ਨੇਤਾ

ਟਰੰਪ ਭਾਵੇਂ ਪਹਿਲੀ ਵਾਰ ਮਾਸਕ ਪਹਿਨੇ ਨਜ਼ਰ ਆਏ ਹੋਣ ਪਰ ਦੇਸ਼ ਦੇ ਉਪ-ਰਾਸ਼ਟਰਪਤੀ ਮਾਈਕ ਪੇਂਸ ਸਮੇਤ ਚੋਟੀ ਦੇ ਕਈ ਰਿਪਬਲਿਕਨ ਨੇਤਾ ਜਨਤਕ ਥਾਵਾਂ 'ਤੇ ਮਾਸਕ ਦੀ ਵਰਤੋਂ ਕਰਦੇ ਹਨ। ਇਸ ਤੋਂ ਇਲਾਵਾ ਦੇਸ਼ ਦੇ ਦੱਖਣੀ ਤੇ ਪੱਛਮੀ ਹਿੱਸਿਆਂ 'ਚ ਮਹਾਮਾਰੀ ਦੇ ਭਿਆਨਕ ਰੂਪ ਦੇ ਦੇਖਦੇ ਹੋਏ ਜਿਨ੍ਹਾਂ ਸੂਬਿਆਂ 'ਚ ਰਿਪਬਲਿਕਨ ਪਾਰਟੀ ਦੇ ਗਵਰਨਰ ਹਨ, ਉਹ ਵੀ ਮਾਸਕ ਪਹਿਨਣ ਨੂੰ ਬੜ੍ਹਾਵਾ ਦੇ ਰਹੇ ਹਨ। ਇਸ ਤੋਂ ਪਹਿਲਾਂ ਟਰੰਪ ਨੇ ਪ੍ਰੈੱਸ ਕਾਨਫਰੰਸਾਂ, ਰੈਲੀਆਂ ਤੇ ਹੋਰ ਜਨਤਕ ਥਾਵਾਂ 'ਤੇ ਮਾਸਕ ਪਹਿਨਣ ਤੋਂ ਇਨਕਾਰ ਕਰ ਦਿੱਤਾ ਸੀ। ਟਰੰਪ ਦੇ ਨਜ਼ਦੀਕੀ ਲੋਕਾਂ ਮੁਤਾਬਕ ਰਾਸ਼ਟਰਪਤੀ ਨੂੰ ਇਸ ਗੱਲ ਦਾ ਡਰ ਹੈ ਕਿ ਮਾਸਕ ਪਹਿਨਣ ਨਾਲ ਉਹ ਕਮਜ਼ੋਰ ਪ੍ਰਤੀਤ ਹੋਣਗੇ ਤੇ ਇਸ ਨਾਲ ਲੋਕਾਂ ਦਾ ਧਿਆਨ ਆਰਥਿਕ ਤੌਰ 'ਤੋਂ ਉਭਰਨ ਦੀ ਬਜਾਏ ਸਿਹਤ ਸੰਕਟ 'ਤੇ ਕੇਂਦਰਿਤ ਹੋ ਜਾਵੇਗਾ।

ਮਾਸਕ ਪਹਿਨਣ ਦੇ ਮੁੱਦੇ 'ਤੇ ਰਿਪਬਲਿਕਨ ਤੇ ਡੈਮੋਕ੍ਰੇਟਸ ਆਹਮੋ-ਸਾਹਮਣੇ

ਹਾਲਾਂਕਿ ਅਜੇ ਵੀ ਸਭ ਤੋਂ ਵੱਡਾ ਸਵਾਲ ਇਹੀ ਹੈ ਕਿ ਕੀ ਟਰੰਪ ਬਿਨਾਂ ਕਿਸੇ ਅਨਿਯਮਿਤਤਾ ਦੇ ਮਾਸਕ ਦੀ ਵਰਤੋਂ ਕਰਨਗੇ। ਦਰਅਸਲ, ਅਮਰੀਕਾ 'ਚ ਮਾਸਕ ਪਹਿਨਣ ਦੇ ਮੁੱਦੇ 'ਤੇ ਰਾਜਨੀਤੀ ਦੋ ਹਿੱਸਿਆਂ 'ਚ ਵੰਡੀ ਗਈ ਹੈ। ਡੈਮੋਕ੍ਰੇਟਸ ਦੀ ਤੁਲਨਾ 'ਚ ਟਰੰਪ ਦੀ ਰਿਪਬਲਿਕਨ ਪਾਰਟੀ ਨਾਲ ਸਬੰਧ ਰੱਖਣ ਵਾਲੇ ਲੋਕ ਮਾਸਕ ਪਹਿਨਣ ਪ੍ਰਤੀ ਬਹੁਤ ਉਤਸੁਕ ਨਹੀਂ ਹਨ। ਓਕਲਾਹੋਮਾ, ਫੀਨਿਕਸ ਤੇ ਮਾਊਂਟ ਰਸ਼ਮੋਰ 'ਚ ਹੋਈਆਂ ਟਰੰਪ ਦੀਆਂ ਰੈਲੀਆਂ 'ਚ ਬਹੁਤ ਹੀ ਘੱਟ ਲੋਕ ਮਾਸਕ ਪਹਿਨੇ ਦਿਖਾਈ ਦਿੱਤੇ। ਆਪਣੀ ਵੈੱਬਸਾਈਟ 'ਤੇ ਵਾਲਟਰ ਰੀਡ ਨੇ ਮਾਸਕ ਪਹਿਨਣ ਦੀ ਸ਼ਿਫਾਰਸ਼ ਕਰਦੇ ਹੋਏ ਲਿਖਿਆ ਕਿ ਜਦੋਂ ਵੀ ਤੁਸੀਂ ਕਿਤੇ ਬਾਹਰ ਜਾਓ, ਭਾਵੇਂ ਉਹ ਕਰਿਆਨੇ ਦੀ ਦੁਕਾਨ ਹੋਵੇ ਜਾਂ ਮੈਡੀਕਲ ਸਟੋਰ, ਜੇ ਉੱਥੇ 6 ਫੁੱਟ ਦੀ ਸਰੀਰਕ ਦੂਰੀ ਬਣਾਏ ਰੱਖਣਾ ਮੁਸ਼ਕਲ ਹੋਵੇ ਤਾਂ ਤੁਹਾਡਾ ਚਿਹਰਾ ਇਕ ਕੱਪੜੇ ਨਾਲ ਢੱਕਿਆ ਹੋਣਾ ਚਾਹੀਦਾ ਹੈ।