ਨਿਊਯਾਰਕ (ਪੀਟੀਆਈ) : ਅਮਰੀਕਾ 'ਚ ਨਾਜਾਇਜ਼ ਤੌਰ 'ਤੇ ਦਾਖ਼ਲ ਹੋਣ ਦਾ ਯਤਨ ਕਰ ਰਹੇ ਪੰਜ ਭਾਰਤੀਆਂ ਨੂੰ ਹਿਰਾਸਤ 'ਚ ਲਿਆ ਗਿਆ ਹੈ। ਇਸ ਤਰ੍ਹਾਂ ਦੇ ਮਾਮਲਿਆਂ ਵਿਚ ਫੜੇ ਗਏ 145 ਭਾਰਤੀਆਂ ਨੂੰ ਹਾਲ ਹੀ 'ਚ ਅਮਰੀਕਾ ਤੋਂ ਭਾਰਤ ਡਿਪੋਰਟ ਕੀਤਾ ਗਿਆ ਸੀ।

ਅਮਰੀਕੀ ਸਰਹੱਦ 'ਤੇ ਗਸ਼ਤ ਕਰ ਰਹੇ ਅਧਿਕਾਰੀਆਂ ਨੇ 15 ਨਵੰਬਰ ਨੂੰ ਭਾਰਤ ਤੋਂ ਆਏ ਪੰਜ ਲੋਕਾਂ ਅਤੇ ਇਕ ਸ਼ੱਕੀ ਸਮੱਗਲਰ ਨੂੰ ਨਿਊਯਾਰਕ ਵਿਚ ਫੜਿਆ ਸੀ। ਅਧਿਕਾਰੀਆਂ ਅਨੁਸਾਰ ਇਨ੍ਹਾਂ ਭਾਰਤੀਆਂ ਨੂੰ ਲੈ ਕੇ ਜਾ ਰਿਹਾ ਵਾਹਨ ਨਿਊਯਾਰਕ ਦੇ ਮੌਰਿਸ ਟਾਊਨ ਕੋਲ ਜਾਂਚ ਚੌਕੀ ਤੋਂ ਬੱਚ ਕੇ ਨਿਕਲ ਗਿਆ ਸੀ। ਇਸ ਵਾਹਨ ਦਾ ਡ੍ਰਾਈਵਰ ਅਮਰੀਕੀ ਨਾਗਰਿਕ ਸੀ। ਸਰਹੱਦ ਦੇ ਗਸ਼ਤੀ ਵਿਭਾਗ ਦੇ ਅਧਿਕਾਰੀਆਂ ਨੇ ਆਗਡੇਂਸਬਰਗ 'ਚ ਇਸ ਵਾਹਨ ਨੂੰ ਇਕ ਪਾਰਕਿੰਗ ਵਿਚ ਲੱਭ ਲਿਆ ਅਤੇ ਸਾਰਿਆਂ ਨੂੰ ਹਿਰਾਸਤ 'ਚ ਲੈ ਲਿਆ। ਭਾਰਤ ਤੋਂ ਆਏ ਪੰਜਾਂ ਲੋਕਾਂ ਕੋਲ ਕੋਈ ਇਮੀਗ੍ਰੇਸ਼ਨ ਦਸਤਾਵੇਜ਼ ਨਹੀਂ ਸਨ। ਸਾਰਿਆਂ ਨੂੰ ਫੜ ਕੇ ਆਸਡੇਂਸਬਰਗ ਸਰਹੱਦ 'ਤੇ ਸਥਿਤ ਪੈਟਰੋਲ ਸਟੇਸ਼ਨ ਦੇ ਹਵਾਲੇ ਕਰ ਦਿੱਤਾ ਗਿਆ ਹੈ।

2018 'ਚ ਫੜੇ ਗਏ ਸਨ ਨੌਂ ਹਜ਼ਾਰ ਭਾਰਤੀ

ਸਰਹੱਦੀ ਗਸ਼ਤੀ ਦਲ ਨੇ ਸਾਲ 2018 'ਚ ਦੱਖਣੀ-ਪੱਛਮੀ ਸਰਹੱਦ ਤੋਂ ਅਮਰੀਕਾ ਵਿਚ ਨਾਜਾਇਜ਼ ਤੌਰ 'ਤੇ ਦਾਖ਼ਲ ਹੋਣ ਦੇ ਯਤਨ 'ਚ 113 ਦੇਸ਼ਾਂ ਦੇ ਨਾਗਰਿਕਾਂ ਨੂੰ ਫੜਿਆ ਸੀ। ਇਨ੍ਹਾਂ ਵਿਚ ਨੌਂ ਹਜ਼ਾਰ ਤੋਂ ਜ਼ਿਆਦਾ ਭਾਰਤੀ ਵੀ ਸਨ। ਇਹ ਅੰਕੜਾ 2017 ਦੀ ਤੁਲਨਾ 'ਚ ਬਹੁਤ ਜ਼ਿਆਦਾ ਸੀ। 2017 'ਚ ਕਰੀਬ 3,100 ਭਾਰਤੀ ਫੜੇ ਗਏ ਸਨ।

ਟਰੰਪ ਨੇ ਅਪਣਾ ਰੱਖਿਆ ਹੈ ਸਖ਼ਤ ਰਵੱਈਆ

ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕਾ 'ਚ ਨਾਜਾਇਜ਼ ਤੌਰ 'ਤੇ ਦਾਖ਼ਲ ਹੋਣ ਵਾਲਿਆਂ ਨੂੰ ਲੈ ਕੇ ਸਖ਼ਤ ਰਵੱਈਆ ਅਪਣਾ ਰੱਖਿਆ ਹੈ। ਉਨ੍ਹਾਂ ਨੇ ਇਹ ਵਾਅਦਾ ਕੀਤਾ ਹੈ ਕਿ ਨਾਜਾਇਜ਼ ਇਮੀਗ੍ਰੇਸ਼ਨ ਰੋਕਣ ਲਈ ਸਰਹੱਦ 'ਤੇ ਦੋ ਸਾਲ 'ਚ ਦੀਵਾਰ ਖੜ੍ਹੀ ਕਰ ਦਿੱਤੀ ਜਾਏਗੀ।