ਐਰੀ : Fire at Pennsylvania day care centre ਪੈਨਸਿਲਵੇਨੀਆ ਦੇ ਐਰੀ ਸ਼ਹਿਰ 'ਚ ਇਕ ਦੇਖਭਾਲ ਕੇਂਦਰ (day care centre) 'ਚ ਐਤਵਾਰ ਤੜਕੇ ਭਿਆਨਕ ਅੱਗ ਲੱਗਣ ਨਾਲ ਚਾਰ ਭੈਣ-ਭਰਾਵਾਂ ਸਮੇਤ ਪੰਜ ਬੱਚਿਆਂ ਦੀ ਮੌਤ ਹੋ ਗਈ। ਦੇਖਭਾਲ ਕੇਂਦਰ ਦਾ ਮਾਲਕ ਵੀ ਇਸ ਹਾਦਸੇ 'ਚ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ ਜਿਸ ਤੋਂ ਬਾਅਦ ਉਸ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਐਰੀ ਦੇ ਅੱਗ ਬੁਝਾਊ ਵਿਭਾਗ ਦੇ ਮੁਖੀ ਗੇ ਸੈਂਟੋਨ ਨੇ ਦੱਸਿਆ ਕਿ ਹਾਦਸੇ 'ਚ ਮਾਰੇ ਗਏ ਬੱਚਿਆਂ ਦੀ ਉਮਰ ਅੱਠ ਮਹੀਨੇ ਤੋਂ ਸੱਤ ਸਾਲ ਦੇ ਵਿਚਕਾਰ ਸੀ।

ਮੁੱਖ ਫਾਇਰ ਬ੍ਰਿਗੇਡ ਸੁਪਰਡੈਂਟ ਜੌਨ ਵਿਡੋਮਸਕੀ ਨੇ ਦੱਸਿਆ ਕਿ ਘੱਟੋ-ਘੱਟ ਚਾਰ ਬੱਚੇ ਰਾਤ ਨੂੰ 'ਡੇਅ ਕੇਅਰ ਸੈਂਟਰ' 'ਚ ਸਨ। ਇਹ ਰਿਹਾਇਸ਼ੀ ਮਕਾਨ ਸੀ ਜਿਸ ਨੂੰ ਦੇਖਭਾਲ ਗ੍ਰਹਿ 'ਚ ਤਬਦੀਲ ਕੀਤਾ ਗਿਆ ਸੀ। ਇਹ ਅੱਗ ਤੜਕੇ ਕਰੀਬ ਸਵਾ ਕੁ ਇਕ ਵਜੇ ਲੱਗੀ। ਅਧਿਕਾਰੀਆਂ ਮੁਤਾਬਿਕ ,ਜਦੋਂ ਫਾਇਰ ਬ੍ਰਿਗੇਡ ਮੁਲਾਜ਼ਮ ਘਟਨਾ ਵਾਲੀ ਥਾਂ ਪਹੁੰਚੇ ਤਾਂ ਦੇਖਭਾਲ ਕੇਂਦਰ ਦੀ ਪਹਿਲੀ ਮੰਜ਼ਿਲ ਦੀਆਂ ਖਿੜਕੀਆਂ 'ਤੋਂ ਅੱਗ ਦੀਆਂ ਲਪਟਾਂ ਨਿਕਲ ਰਹੀਆਂ ਸਨ। ਮੰਨਿਆ ਜਾ ਰਿਹਾ ਹੈ ਕਿ ਅੱਗ ਪਹਿਲੀ ਮੰਜ਼ਿਲ 'ਤੇ ਸਥਿਤ ਲਿਵਿੰਗ ਰੂਮ ਤੋਂ ਸ਼ੁਰੂ ਹੋਈ। ਫਿਲਹਾਲ, ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਦੱਸਿਆ ਜਾਂਦਾ ਹੈ ਕਿ ਦੇਖਭਾਲ ਗ੍ਰਹਿ 'ਚ ਰੱਖੇ ਜਾਣ ਵਾਲੇ ਬੱਚਿਆਂ ਦੇ ਮਾਤਾ-ਪਿਤਾ ਰਾਤ ਨੂੰ ਨੌਕਰੀ ਜਾਂਦੇ ਸਨ, ਇਸ ਲਈ ਉਹ ਬੱਚਿਆਂ ਨੂੰ ਇੱਥੇ ਰੱਖਦੇ ਸਨ।

Posted By: Seema Anand