ਵਾਸ਼ਿੰਗਟਨ, ਏਜੰਸੀਆਂ : ਅਮਰੀਕਾ ਦੇ ਇੰਡੀਆਨਾ ਸੂਬੇ ’ਚ ਫੇਡਐਕਸ ਕੰਪਨੀ ਦੇ ਕੰਪਲੈਕਸ ’ਚ ਗੋਲ਼ੀਬਾਰੀ ਦੀ ਘਟਨਾ ’ਚ ਸਿੱਖ ਭਾਈਚਾਰੇ ਦੇ ਚਾਰ ਵਿਅਕਤੀਆਂ ਦੀ ਵੀ ਜਾਨ ਗਈ ਸੀ। ਇਸ ਤੋਂ ਇਲਾਵਾ ਤਿੰਨ ਹੋਰ ਲੋਕ ਵੀ ਮਾਰੇ ਗਏ ਅਤੇ ਪੰਜ ਲੋਕ ਜ਼ਖ਼ਮੀ ਹੋ ਗਏ ਸੀ। ਬੰਦੂਕਧਾਰੀ ਹਮਲਾਵਰ ਦੀ ਪਛਾਣ ਇੰਡੀਆਨਾ ਦੇ 19 ਸਾਲ ਦੇ ਬ੍ਰੇਂਡਨ ਸਕਾਟ ਹੋਲ ਦੇ ਰੂਪ ’ਚ ਕੀਤੀ ਗਈ ਹੈ, ਜਿਸਨੇ ਇੰਡੀਆਨਾਪੋਲਿਸ ’ਚ ਸਥਿਤ ਫੇਡਐਕਸ ਕੰਪਨੀ ਦੇ ਕੰਪਲੈਕਸ ’ਚ ਗੋਲ਼ੀਬਾਰੀ ਕਰਨ ਤੋਂ ਬਾਅਦ ਕਥਿਤ ਤੌਰ ’ਤੇ ਖ਼ੁਦ ਨੂੰ ਗੋਲ਼ੀ ਮਾਰ ਲਈ। ਗੋਲ਼ੀਬਾਰੀ ਦੀ ਇਸ ਘਟਨਾ ’ਤੇ ਪੀੜਤ ਪਰਿਵਾਰਾਂ ਨੇ ਗੁੱਸਾ, ਡਰ ਤੇ ਚਿੰਤਾ ਦਾ ਇਜ਼ਹਾਰ ਕੀਤਾ ਹੈ।

ਰਾਸ਼ਟਰਪਤੀ ਤੇ ਉਪਰਾਸ਼ਟਰਪਤੀ ਨੇ ਪ੍ਰਗਟਾਇਆ ਦੁੱਖ

ਅਮਰੀਕਾ ਦੇ ਰਾਸ਼ਟਰਪਤੀ ਜੋ ਬਾਇਡਨ ਅਤੇ ਉਪਰਾਸ਼ਟਰਪਤੀ ਕਮਲਾ ਹੈਰਿਸ ਨੇ ਇਸ ਘਟਨਾ ’ਤੇ ਸੋਗ ਪ੍ਰਗਟਾਇਆ ਹੈ। ਬਾਇਡਨ ਨੇ ਕਿਹਾ, ਹੋਮਲੈਂਡ ਸਕਿਓਰਿਟੀ ਦੀ ਟੀਮ ਦੁਆਰਾ ਉਪਰਾਸ਼ਟਰਪਤੀ ਹੈਰਿਸ ਅਤੇ ਮੈਨੂੰ ਇੰਡੀਆਨਾਪੋਲਿਸ ’ਚ ਹੋਈ ਗੋਲ਼ੀਬਾਰੀ ਦੀ ਘਟਨਾ ਦੀ ਜਾਣਕਾਰੀ ਦਿੱਤੀ ਗਈ ਹੈ। ਬਾਈਡਨ ਨੇ ਮਿ੍ਰਤਕਾਂ ਦੇ ਸਨਮਾਨ ’ਚ ਵ੍ਹਾਈਟ ਹਾਊਸ ਤੇ ਹੋਰ ਸੰਘੀ ਇਮਾਰਤਾਂ ’ਚ ਅੱਧਾ ਰਾਸ਼ਟਰੀ ਝੰਡਾ ਲਹਿਰਾਉਣ ਦਾ ਆਦੇਸ਼ ਦਿੱਤਾ ਹੈ। ਉਪਰਾਸ਼ਟਰਪਤੀ ਕਮਲਾ ਹੈਰਿਸ ਨੇ ਕਿਹਾ, ਸਾਡੇ ਦੇਸ਼ ’ਚ ਅਜਿਹੇ ਪਰਿਵਾਰ ਹਨ ਜੋ ਹਿੰਸਾ ਕਾਰਨ ਆਪਣੇ ਪਰਿਵਾਰਕ ਮੈਂਬਰਾਂ ਨੂੰ ਗੁਆ ਚੁੱਕੇ ਹਨ। ਬੇਸ਼ੱਕ ਇਸ ਹਿੰਸਾ ਦਾ ਅੰਤ ਹੋਣਾ ਚਾਹੀਦਾ ਹੈ। ਅਸੀਂ ਉਨ੍ਹਾਂ ਪਰਿਵਾਰਾਂ ਪ੍ਰਤੀ ਚਿੰਤਤ ਹਾਂ ਜਿਨ੍ਹਾਂ ’ਤੇ ਇਹ ਦੁੱਖਾਂ ਦਾ ਪਹਾੜ ਡਿੱਗਾ ਹੈ।

Posted By: Ramanjit Kaur