ਵਾਸ਼ਿੰਗਟਨ (ਪੀਟੀਆਈ) : ਅਮਰੀਕਾ ਵਿਚ ਭਾਰਤੀ ਨਾਗਰਿਕ ਪਰੇਸ਼ ਕੁਮਾਰ ਪਟੇਲ ਦੇ ਅਗਵਾ ਅਤੇ ਹੱਤਿਆ ਮਾਮਲੇ ਵਿਚ 15 ਹਜ਼ਾਰ ਡਾਲਰ (ਕਰੀਬ 11 ਲੱਖ ਰੁਪਏ) ਦੇ ਇਨਾਮ ਦਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਦੇ ਹੱਤਿਆਰਿਆਂ ਦੇ ਬਾਰੇ ਵਿਚ ਸੁਰਾਗ ਦੇਣ 'ਤੇ ਇਹ ਰਾਸ਼ੀ ਇਨਾਮ ਦੇ ਤੌਰ 'ਤੇ ਦਿੱਤੀ ਜਾਵੇਗੀ।

ਪਟੇਲ ਨੂੰ 16 ਸਤੰਬਰ, 2012 ਨੂੰ ਵਰਜੀਨੀਆ ਸੂਬੇ ਦੇ ਚੈਸਟਰਫੀਲਡ ਕਾਊਂਟੀ ਦੇ ਇਕ ਗੈਸ ਸਟੇਸ਼ਨ ਤੋਂ ਅਗਵਾ ਕਰ ਲਿਆ ਗਿਆ ਸੀ। ਇਸ ਦੇ ਚਾਰ ਦਿਨ ਬਾਅਦ ਉਨ੍ਹਾਂ ਦੀ ਲਾਸ਼ ਨੇੜੇ ਦੇ ਰਿਚਮੰਡ ਸ਼ਹਿਰ ਵਿਚ ਬਰਾਮਦ ਕੀਤੀ ਗਈ ਸੀ। ਇਸ ਮਾਮਲੇ ਦੀ ਜਾਂਚ ਕਰ ਰਹੀ ਕਾਨੂੰਨ ਲਾਗੂ ਕਰਨ ਵਾਲੀ ਏਜੰਸੀ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ (ਐੱਫਬੀਆਈ) ਅਨੁਸਾਰ ਪੁਲਿਸ ਨੂੰ ਚਸ਼ਮਦੀਦਾਂ ਨੇ ਦੱਸਿਆ ਕਿ ਵਾਰਦਾਤ ਵਾਲੇ ਦਿਨ ਪਟੇਲ ਸਵੇਰੇ ਛੇ ਵਜੇ ਗੈਸ ਸਟੇਸ਼ਨ ਪੁੱਜੇ ਸਨ। ਇੱਥੇ ਉਹ ਇਕ ਸਟੋਰ ਚਲਾਉਂਦੇ ਸਨ। ਕੁਝ ਦੇਰ ਬਾਅਦ ਹੀ ਦੋ ਲੋਕ ਆਏ ਅਤੇ ਉਨ੍ਹਾਂ ਨੂੰ ਫੜ ਕੇ ਇਕ ਵੈਨ ਰਾਹੀਂ ਲੈ ਗਏ। ਚਾਰ ਦਿਨਾਂ ਬਾਅਦ ਉਨ੍ਹਾਂ ਦੀ ਲਾਸ਼ ਬਰਾਮਦ ਕੀਤੀ ਗਈ ਸੀ। ਐੱਫਬੀਆਈ ਨੇ ਕਿਹਾ ਕਿ ਅਜਿਹੀ ਸੂਚਨਾ ਦੇਣ 'ਤੇ 15 ਹਜ਼ਾਰ ਡਾਲਰ ਦਾ ਇਨਾਮ ਦਿੱਤਾ ਜਾਵੇਗਾ ਜਿਸ ਨਾਲ ਇਸ ਵਾਰਦਾਤ ਵਿਚ ਸ਼ਾਮਲ ਲੋਕਾਂ ਦੀ ਗਿ੍ਫ਼ਤਾਰੀ ਹੋ ਸਕੇ।