ਵਾਸ਼ਿੰਗਟਨ : ਸੋਸ਼ਲ ਮੀਡੀਆ ਦੀ ਦਿੱਗਜ ਕੰਪਨੀ ਫੇਸਬੁੱਕ ਨੇ ਪਹਿਲੀ ਵਾਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਇਕ ਪੋਸਟ ਹਟਾ ਦਿੱਤਾ ਹੈ। ਟਰੰਪ ਨੇ ਇਸ ਵਿਚ ਕਿਹਾ ਸੀ ਕਿ ਕੋਵਿਡ-19 ਨਾਲ ਲੜਨ ਲਈ ਬੱਚੇ ਲਗਪਗ ਇਮਿਊਨ ਹਨ। ਫੇਸਬੁੱਕ ਨੇ ਇਸ ਨੂੰ ਭਰਮ ਪੈਦਾ ਕਰਨ ਵਾਲੀ ਸੂਚਨਾ ਸਬੰਧੀ ਆਪਣੀ ਨੀਤੀ ਖ਼ਿਲਾਫ਼ ਪਾਇਆ ਅਤੇ ਚਾਰ ਘੰਟਿਆਂ ਦੇ ਅੰਦਰ ਹੀ ਇਸ ਨੂੰ ਹਟਾ ਦਿੱਤਾ। ਹਾਲਾਂਕਿ, ਤਦ ਤਕ ਪੰਜ ਲੱਖ ਲੋਕ ਇਸ ਨੂੰ ਦੇਖ ਚੁੱਕੇ ਸਨ। ਟਵਿੱਟਰ ਅਤੇ ਯੂਟਿਊਬ ਨੇ ਵੀ ਇਹ ਦਲੀਲ ਦਿੰਦੇ ਹੋਏ ਆਪਣੀ ਸਾਈਟ ਤੋਂ ਇਸ ਵੀਡੀਓ ਦਾ ਲਿੰਕ ਹਟਾ ਦਿੱਤਾ ਹੈ।

ਟਰੰਪ ਦੇ ਮਾਹਿਰ ਸਹਿਮਤ ਨਹੀਂ

ਫਾਕਸ ਨਿਊਜ਼ ਚੈਨਲ ਨੂੰ ਦਿੱਤੇ ਗਏ ਅਮਰੀਕੀ ਰਾਸ਼ਟਰਪਤੀ ਦੇ ਇੰਟਰਵਿਊ ਦਾ ਵੀਡੀਓ 'ਟਰੰਪ ਕੰਪੇਨ ਅਕਾਊਂਟ' ਤੋਂ ਫੇਸਬੁੱਕ 'ਤੇ ਪਾਇਆ ਗਿਆ ਸੀ। ਇਸੇ ਵਿਚ ਟਰੰਪ ਨੇ ਸਕੂਲ ਖੋਲ੍ਹੇ ਜਾਣ ਦੀ ਵਕਾਲਤ ਕਰਦੇ ਹੋਏ ਇਹ ਗੱਲ ਕਹੀ ਸੀ। ਹਾਲਾਂਕਿ, ਜ਼ਿਆਦਾਤਰ ਮਾਹਿਰ ਟਰੰਪ ਦੀ ਰਾਇ ਨਾਲ ਸਹਿਮਤ ਨਹੀਂ ਹਨ। ਫੇਸਬੁੱਕ ਨੀਤੀ ਦੇ ਬੁਲਾਰੇ ਐਂਟੀ ਸਟੀਨ ਨੇ ਕਿਹਾ ਕਿ ਇਹ ਭਰਮ ਪੈਦਾ ਕਰਨ ਵਾਲੀ ਜਾਣਕਾਰੀ ਹੈ ਅਤੇ ਸਾਡੀ ਨੀਤੀ ਦੇ ਖ਼ਿਲਾਫ ਹੈ।

ਅਪ੍ਰੈਲ 'ਚ ਬਣਾਈ ਗਈ ਨੀਤੀ

ਕੋਰੋਨਾ ਵਾਇਰਸ ਨੂੰ ਲੈ ਕੇ ਫੇਸਬੁੱਕ ਨੇ ਅਪ੍ਰਰੈਲ ਵਿਚ ਹੀ ਨਵੀਂ ਨੀਤੀ ਬਣਾਈ ਸੀ। ਟਰੰਪ ਅਤੇ ਕਈ ਹੋਰ ਸ਼ੱਕੀ ਦਾਅਵਿਆਂ ਵਾਲੇ ਵੀਡੀਓ ਪਾ ਕੇ ਇਸ ਨੀਤੀ ਦੀ ਪ੍ਰਰੀਖਿਆ ਲੈਂਦੇ ਰਹੇ ਹਨ। ਅਪ੍ਰਰੈਲ ਵਿਚ ਹੀ ਟਰੰਪ ਨੇ ਸੁਝਾਅ ਦਿੱਤਾ ਸੀ ਕਿ ਕੋਰੋਨਾ ਦੇ ਇਲਾਜ ਵਿਚ ਪਰਾਬੈਂਗਨੀ ਕਿਰਣਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਤਦ ਫੇਸਬੁੱਕ ਨੇ ਇਹ ਕਹਿੰਦੇ ਹੋਏ ਇਸ ਪੋਸਟ ਨੂੰ ਨਹੀਂ ਹਟਾਇਆ ਸੀ ਕਿ ਟਰੰਪ ਨੇ ਇਸ ਲਈ ਕਿਸੇ ਨੂੰ ਨਿਰਦੇਸ਼ ਨਹੀਂ ਦਿੱਤਾ ਹੈ।

ਕੌਣ ਕਰੇ ਝੂਠ ਸੱਚ ਦਾ ਫ਼ੈਸਲਾ

ਫੇਸਬੁੱਕ ਵਿਚਾਰਾਂ ਦੀ ਆਜ਼ਾਦੀ ਦਾ ਪ੍ਰਬਲ ਪੱਖੀ ਹੈ ਅਤੇ ਇਸ ਫ਼ੈਸਲੇ ਨਾਲ ਕੰਪਨੀ ਦੀ ਨੀਤੀ ਵਿਚ ਕਿਸੇ ਬਦਲਾਅ ਦੇ ਸੰਕੇਤ ਨਹੀਂ ਹਨ। ਕੰਪਨੀ ਦੇ ਸੰਸਥਾਪਕ ਮਾਰਕ ਜ਼ੁਕਰਬਰਗ ਦਾ ਕਹਿਣਾ ਹੈ ਕਿ ਸੋਸ਼ਲ ਮੀਡੀਆ ਪਲੇਟਫਾਰਮ ਝੂਠ-ਸੱਚ ਦਾ ਫ਼ੈਸਲਾ ਨਹੀਂ ਕਰ ਸਕਦਾ। ਆਮ ਲੋਕਾਂ ਨੂੰ ਖ਼ੁਦ ਦੇਖਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਨੇਤਾ ਕਿਸ ਤਰ੍ਹਾਂ ਦੇ ਪੋਸਟ ਪਾ ਰਹੇ ਹਨ। ਇਸ ਵਿਚ ਟਰੰਪ ਵਰਗੇ ਆਗੂ ਦੇ ਝੂਠ ਨੂੰ ਵੀ ਸ਼ਾਮਲ ਕਰ ਸਕਦੇ ਹਾਂ।

ਪਹਿਲੇ ਵੀ ਹਟਾਏ ਗਏ ਪੋਸਟ

ਇਸ ਤੋਂ ਪਹਿਲੇ, ਜੂਨ ਵਿਚ ਫੇਸਬੁੱਕ ਨੇ ਟਰੰਪ ਕੰਪੇਨ ਦੇ ਉਨ੍ਹਾਂ ਇਸ਼ਤਿਹਾਰਾਂ ਨੂੰ ਹਟਾ ਦਿੱਤਾ ਸੀ ਜਿਨ੍ਹਾਂ ਵਿਚ ਨਾਜ਼ੀ ਪ੍ਰਤੀਕ ਚਿੰਨ੍ਹ ਦੀ ਵਰਤੋਂ ਕੀਤੀ ਗਈ ਸੀ। ਇਸ ਦੇ ਇਲਾਵਾ 2020 ਦੀ ਜਨਗਣਨਾ ਨਾਲ ਸਬੰਧਿਤ ਇਸ਼ਤਿਹਾਰ ਨੂੰ ਵੀ ਹਟਾ ਦਿੱਤਾ ਗਿਆ ਸੀ। ਟਵਿੱਟਰ ਨੇ ਵੀ ਆਪਣੀ ਸਾਈਟ ਤੋਂ ਇਸ ਵੀਡੀਓ ਦਾ ਲਿੰਕ ਹਟਾ ਦਿੱਤਾ ਹੈ। ਇਹ ਵੀ ਟਰੰਪ ਕੰਪੇਨ ਦੇ ਅਕਾਊਂਟ ਤੋਂ ਪੋਸਟ ਕੀਤਾ ਗਿਆ ਸੀ।

ਫੇਸਬੁੱਕ 'ਤੇ ਭਾਰੀ ਦਬਾਅ

ਟਰੰਪ ਕੰਪੇਨ ਦਾ ਕਹਿਣਾ ਹੈ ਕਿ ਫੇਸਬੁੱਕ ਨੇ ਕਿਸੇ ਦੇ ਪ੍ਰਭਾਵ ਹੇਠ ਇਹ ਕਦਮ ਚੁੱਕਿਆ ਹੈ। ਉਧਰ, ਫੇਸਬੁੱਕ ਨੂੰ ਕੁਝ ਮਹੀਨਿਆਂ ਤੋਂ ਆਪਣੇ ਮੁਲਾਜ਼ਮਾਂ, ਇਸ਼ਤਿਹਾਰਦਾਤਿਆਂ ਅਤੇ ਮਨੁੱਖੀ ਅਧਿਕਾਰ ਵਰਕਰਾਂ ਦੇ ਭਾਰੀ ਦਬਾਅ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿ ਕੰਪਨੀ ਟਰੰਪ ਦੇ ਝੂਠ 'ਤੇ ਰੋਕ ਨਹੀਂ ਲਗਾ ਪਾ ਰਹੀ ਹੈ। ਖ਼ਾਸ ਕਰਕੇ ਮੇਲ-ਇਨ-ਵੋਟਿੰਗ ਅਤੇ 'ਬਲੈਕ ਲਾਈਵਸ ਮੈਟਰ' ਨੂੰ ਲੈ ਕੇ।

ਫੇਸਬੁੱਕ ਦੀ ਹੋਈ ਆਲੋਚਨਾ

ਪੀਟੀਆਈ ਅਨੁਸਾਰ ਦੋ ਮਹੀਨੇ ਪਹਿਲੇ ਵੀ ਫੇਸਬੁੱਕ ਦੀ ਚੌਤਰਫ਼ਾ ਆਲੋਚਨਾ ਹੋਈ ਸੀ ਕਿ ਉਸ ਨੇ ਟਰੰਪ ਦੀ 29 ਮਈ ਵਾਲੀ ਟਿੱਪਣੀ 'ਤੇ ਕੋਈ ਕਾਰਵਾਈ ਨਹੀਂ ਕੀਤੀ। ਪੁਲਿਸ ਹਿਰਾਸਤ ਵਿਚ ਮਾਰੇ ਗਏ ਸਿਆਹਫਾਮ ਅਮਰੀਕੀ ਜਾਰਜ ਫਲਾਇਡ ਦੇ ਬਾਰੇ ਵਿਚ ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਇਹ ਪੋਸਟ ਲਿਖੀ ਗਈ ਸੀ। ਇਸ ਵਿਚ ਟਰੰਪ ਨੇ ਕਿਹਾ ਸੀ ਕਿ ਲੁੱਟ ਹੋਵੇਗੀ ਤਾਂ ਗੋਲ਼ੀ ਵੀ ਚੱਲੇਗੀ।