ਵਾਸ਼ਿੰਗਟਨ : ਸੋਸ਼ਲ ਨੈੱਟਵਰਕਿੰਗ ਖੇਤਰ ਦੀ ਕੰਪਨੀ ਫੇਸਬੁੱਕ ਦੀਆਂ ਮੁਸ਼ਕਲਾਂ ਘੱਟ ਹੁੰਦੀਆਂ ਨਹੀਂ ਦਿਸ ਰਹੀਆਂ ਹਨ। ਅਮਰੀਕਾ 'ਚ ਸੰਘੀ ਜਾਂਚਕਰਤਾ ਵੱਖ-ਵੱਖ ਵੱਡੀਆਂ ਟੈਕਨਾਲੋਜੀ ਕੰਪਨੀਆਂ ਨਾਲ ਫੇਸਬੁੱਕ ਦੇ ਡਾਟਾ ਸ਼ੇਅਰਿੰਗ ਸੌਦੇ ਦੀ ਅਪਰਾਧਕ ਜਾਂਚ ਕਰ ਰਹੇ ਹਨ। ਇਸ ਗੱਲ ਦੀ ਜਾਂਚ ਵੀ ਕੀਤੀ ਜਾਵੇਗੀ ਕਿ ਫੇਸਬੁੱਕ ਕਿਸ ਤਰ੍ਹਾਂ ਨਾਲ ਕਾਰੋਬਾਰ ਕਰਦੀ ਹੈ।

ਮਾਮਲੇ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਨਿਊਯਾਰਕ ਦੀ ਗ੍ਰੈਂਡ ਜਿਊਰੀ ਨੇ ਘੱਟ ਤੋਂ ਘੱਟ ਦੋ ਵੱਡੀਆਂ ਸਮਾਰਟਫੋਨ ਤੇ ਹੋਰ ਉਪਕਰਣ ਨਿਰਮਾਤਾ ਕੰਪਨੀਆਂ ਤੋਂ ਉਨ੍ਹਾਂ ਦੇ ਰਿਕਾਰਡ ਮੰਗਵਾਏ ਹਨ। ਦੋਵੇਂ ਹੀ ਕੰਪਨੀਆਂ ਦਾ ਫੇਸਬੁੱਕ ਨਾਲ ਕਰਾਰ ਸੀ ਅਤੇ ਉਨ੍ਹਾਂ ਨੂੰ ਫੇਸਬੁੱਕ ਦੇ ਕਰੋੜਾਂ ਯੂਜਰਜ਼ ਦੇ ਡਾਟਾ ਤਕ ਪਹੁੰਚ ਮਿਲੀ ਹੋਈ ਸੀ। ਦੋਵੇਂ ਕੰਪਨੀਆਂ ਐਮਾਜ਼ੋਨ, ਐਪਲ, ਮਾਈਕ੍ਰੋਸਾਫਟ ਅਤੇ ਸੋਨੀ ਵਰਗੀਆਂ ਉਨ੍ਹਾਂ 150 ਕੰਪਨੀਆਂ 'ਚ ਸ਼ੁਮਾਰ ਹੈ ਜਿਨ੍ਹਾਂ ਫੇਸਬੁੱਕ ਨਾਲ ਡਾਟਾ ਸ਼ੇਅਰਿੰਗ ਸੌਦਾ ਖ਼ਤਮ ਕੀਤਾ ਹੈ। ਇਨ੍ਹਾਂ ਕੰਪਨੀਆਂ ਨੂੰ ਫੇਸਬੁੱਕ ਯੂਜਰਜ਼ ਦੀ ਫ੍ਰੈਂਡਲਿਸਟ ਅਤੇ ਕਾਨਟੈਕਟ ਇਨਫਰਮੇਸ਼ਨ ਅਤੇ ਹੋਰ ਡਾਟਾ ਦੇਖਣ ਦੀ ਇਜਾਜ਼ਤ ਇਸ ਸੌਦੇ ਤਹਿਤ ਮਿਲੀ ਸੀ। ਕਈ ਵਾਰ ਯੂਜਰਜ਼ ਦੀ ਜਾਣਕਾਰੀ ਦੇ ਬਿਨਾਂ ਕੰਪਨੀਆਂ ਅਜਿਹਾ ਕਰਦੀਆਂ ਸਨ। ਫੇਸਬੁੱਕ ਨੇ ਇਨ੍ਹਾਂ ਵਿਚੋਂ ਜ਼ਿਆਦਾਤਰ ਸਾਂਝੇਦਾਰੀਆਂ ਪਿਛਲੇ ਦੋ ਸਾਲ 'ਚ ਖ਼ਤਮ ਕੀਤੀਆਂ ਹਨ।

ਇਸ ਮਾਮਲੇ 'ਚ ਫੇਸਬੁੱਕ ਦੇ ਬੁਲਾਰੇ ਦਾ ਕਹਿਣਾ ਹੈ ਕਿ ਕੰਪਨੀ ਜਾਂਚ 'ਚ ਪੂਰਾ ਸਹਿਯੋਗ ਕਰ ਰਹੀ ਹੈ। ਈਸਟਰਨ ਡਿਸਟਿ੍ਕਟ ਆਫ ਨਿਊਯਾਰਕ ਦੇ ਯੂਐੱਸ ਅਟਾਰਨੀ ਆਫਿਸ ਦੇ ਜਾਂਚਕਰਤਾਵਾਂ ਦੀ ਨਿਗਰਾਨੀ ਗ੍ਰੈਂਡ ਜਿਊਰੀ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਹਾਲੇ ਇਹ ਸਪੱਸ਼ਟ ਨਹੀਂ ਹੈ ਕਿ ਜਾਂਚ ਕਦੋਂ ਸ਼ੁਰੂ ਕੀਤੀ ਗਈ ਅਤੇ ਇਸ ਵਿਚ ਕਿਹੜੇ ਪਹਿਲੂਆਂ ਨੂੰ ਦੇਖਿਆ ਜਾਵੇਗਾ।