ਵਾਸ਼ਿੰਗਟਨ (ਰਾਇਟਰ) : ਅਮਰੀਕੀ ਸਰਕਾਰ ਨਾਲ ਆਪਣੇ ਮਤਭੇਦ ਦੂਰ ਕਰਨ ਲਈ ਦਿੱਗਜ ਸੋਸ਼ਲ ਮੀਡੀਆ ਕੰਪਨੀ ਫੇਸਬੁੱਕ ਦੇ ਸੀਈਓ ਮਾਰਕ ਜ਼ੁਕਰਬਰਗ ਨੇ ਇੱਥੇ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਲਾਕਾਤ ਕੀਤੀ। ਤਿੰਨ ਦਿਨਾਂ ਲਈ ਵਾਸ਼ਿੰਗਟਨ ਪੁੱਜੇ ਜ਼ੁਕਰਬਰਗ ਕਈ ਹੋਰ ਅਮਰੀਕੀ ਸੰਸਦ ਮੈਂਬਰਾਂ ਨੂੰ ਵੀ ਮਿਲ ਰਹੇ ਹਨ। ਇਨ੍ਹਾਂ ਬੈਠਕਾਂ 'ਚ ਉਨ੍ਹਾਂ ਨੂੰ ਯੂਜ਼ਰ ਦੀ ਨਿੱਜਤਾ ਸੁਰੱਖਿਅਤ ਰੱਖ ਸਕਣ 'ਚ ਅਸਫਲ ਰਹਿਣ ਲਈ ਸਖ਼ਤ ਸਵਾਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਟਰੰਪ ਨੇ ਵੀਰਵਾਰ ਨੂੰ ਜ਼ੁਕਰਬਰਗ ਨਾਲ ਆਪਣੀ ਤਸਵੀਰ ਟਵਿੱਟਰ 'ਤੇ ਸਾਂਝੀ ਕੀਤੀ ਤੇ ਮੁਲਾਕਾਤ ਨੂੰ ਵਧੀਆ ਦੱਸਿਆ। ਫੇਸਬੁੱਕ ਨੇ ਵੀ ਵ੍ਹਾਈਟ ਹਾਊਸ 'ਚ ਹੋਈ ਬੈਠਕ ਨੂੰ ਰਚਨਾਤਮਕ ਦੱਸਿਆ ਹੈ। ਦੋਵਾਂ ਧਿਰਾਂ ਨੇ ਹਾਲਾਂਕਿ ਇਹ ਸਪਸ਼ਟ ਨਹੀਂ ਕੀਤਾ ਕਿ ਇਸ ਬੈਠਕ 'ਚ ਕਿਹੜੇ ਮੁੱਖ ਮੁੱਦਿਆਂ 'ਤੇ ਚਰਚਾ ਹੋਈ। ਟਰੰਪ ਤੋਂ ਇਲਾਵਾ ਜ਼ੁਕਰਬਰਗ ਨੇ ਸੈਨੇਟਰ ਜੋਸ਼ ਹਾਵਲੀ, ਟੌਮ ਕਾਟਨ ਤੇ ਮਾਈਕ ਲੀ ਨਾਲ ਵੀ ਮੁਲਾਕਾਤ ਕੀਤੀ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਉਨ੍ਹਾਂ ਨੇ ਸੈਨੇਟਰ ਰਿਚਰਡ ਬਲੂਮੈਂਥਲ ਸਮੇਤ ਕਈ ਸੰਸਦ ਮੈਂਬਰਾਂ ਨਾਲ ਡਿਨਰ ਕੀਤਾ ਸੀ। ਹੁਣ ਉਹ ਰਿਪਬਲਿਕਨ ਆਗੂ ਕੇਵਿਨ ਮੈਕਕਾਰਥੀ ਤੇ ਕਈ ਡੈਮੋਕ੍ਰੇਟ ਆਗੂਆਂ ਨੂੰ ਮਿਲਣਗੇ। ਜ਼ਿਕਰਯੋਗ ਹੈ ਕਿ ਟਰੰਪ ਕਈ ਵਾਰ ਫੇਸਬੁੱਕ 'ਤੇ ਵਿਰੋਧੀ ਧਿਰ ਡੈਮੋਕ੍ਰੇਟਿਕ ਪਾਰਟੀ ਤੇ ਉਸ ਦੇ ਆਗੂਆਂ ਦਾ ਪੱਖ ਲੈਣ ਦਾ ਦੋਸ਼ ਲਗਾ ਚੁੱਕੇ ਹਨ। ਸੋਸ਼ਲ ਮੀਡੀਆ ਕੰਪਨੀ ਨਿੱਜਤਾ ਦਾ ਘਾਣ ਤੇ ਚੋਣਾਂ 'ਚ ਦਖ਼ਲਅੰਦਾਜ਼ੀ ਦੇ ਦੋਸ਼ਾਂ ਦਾ ਵੀ ਸਾਹਮਣਾ ਕਰ ਰਹੀ ਹੈ। ਬਰਤਾਨਵੀ ਕੰਪਨੀ ਕੈਂਬਿ੍ਜ ਐਨਾਲਿਟਿਕਾ ਵੱਲੋਂ ਫੇਸਬੁੱਕ ਦੇ 8.7 ਕਰੋੜ ਯੂਜ਼ਰ ਦਾ ਡਾਟਾ ਚੋਰੀ ਕਰਨ ਦੇ ਮਾਮਲੇ 'ਚ ਫੇਸਬੁੱਕ 'ਤੇ ਭਾਰੀ ਜੁਰਮਾਨਾ ਵੀ ਲੱਗਾ ਹੈ।

ਸੈਨੇਟਰ ਨੇ ਦਿੱਤਾ ਇੰਸਟਾਗ੍ਰਾਮ ਤੇ ਵ੍ਹਟਸਐਪ ਵੇਚਣ ਦਾ ਸੁਝਾਅ

ਜ਼ੁਕਰਬਰਗ ਨਾਲ ਬੈਠਕ 'ਚ ਸੈਨੇਟਰ ਜੋਸ਼ ਹਾਵਲੀ ਨੇ ਉਨ੍ਹਾਂ ਨੂੰ ਫੋਟੋ ਸ਼ੇਅਰਿੰਗ ਸਾਈਟ ਇੰਸਟਾਗ੍ਰਾਮ ਤੇ ਮੈਸੇਜਿੰਗ ਐਪ ਵ੍ਹਟਸਐਪ ਨੂੰ ਵੇਚਣ ਦਾ ਸੁਝਾਅ ਦਿੱਤਾ। ਬੈਠਕ ਤੋਂ ਬਾਅਦ ਹਾਵਲੀ ਨੇ ਕਿਹਾ, 'ਮੈਂ ਜ਼ੁਕਰਬਰਗ ਨੂੰ ਕਿਹਾ ਕਿ ਜੇਕਰ ਉਹ ਯੂਜ਼ਰ ਦੇ ਡਾਟਾ ਨੂੰ ਸੁਰੱਖਿਅਤ ਰੱਖਣ ਦੇ ਆਪਣੇ ਦਾਅਵਿਆਂ ਨੂੰ ਲੈ ਕੇ ਗੰਭੀਰ ਹਨ ਤਾਂ ਉਸ ਨੂੰ ਸਾਬਤ ਕਰਨ। ਉਹ ਇੰਸਟਾਗ੍ਰਾਮ ਤੇ ਵ੍ਹਟਸਐਪ ਵੇਚ ਦੇਣ। ਪਰ ਉਹ ਮੇਰੇ ਸੁਝਾਅ 'ਤੇ ਸਕਾਰਾਤਮਕ ਨਹੀਂ ਦਿਸੇ।