ਵਿਲਮਿੰਗਟਨ (ਏਜੰਸੀ) : ਅਮਰੀਕਾ ਦੇ ਇਨਫੈਕਸ਼ਨ ਰੋਗ ਮਾਹਰ ਐਂਥਨੀ ਫਾਸੀ ਨੇ ਐਤਵਾਰ ਨੂੰ ਕਿਹਾ ਕਿ ਕੋਰੋਨਾ ਇਨਫੈਕਸ਼ਨ ਦੇ ਮਾਮਲੇ ’ਚ ਉਨ੍ਹਾਂ ਦਾ ਦੇਸ਼ ਗ਼ਲਤ ਦਿਸ਼ਾ ਵੱਲ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਬਗ਼ੈਰ ਟੀਕਾਕਰਨ ਵਾਲੇ ਅਮਰੀਕੀਆਂ ਤੇ ਵਧੇਰੇ ਖ਼ਤਰਨਾਕ ਡੈਲਟਾ ਵੇਰੀਐਂਟ ਕਾਰਨ ਅਮਰੀਕਾ ’ਚ ਫਿਰ ਕੋਰੋਨਾ ਦੀ ਸਥਿਤੀ ਪੈਦਾ ਹੋਣ ਲੱਗੀ ਹੈ।

ਇਕ ਟੀਵੀ ਚੈਨਲ ਨਾਲ ਗੱਲਬਾਤ ’ਚ ਫਾਸੀ ਨੇ ਕਿਹਾ ਕਿ ਅਸੀਂ ਗ਼ਲਤ ਦਿਸ਼ਾ ’ਚ ਵਧ ਰਹੇ ਹਾਂ। ਤੇ ਮੈਂ ਬਹੁਤ ਨਿਰਾਸ਼ ਹਾਂ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦੇ ਉੱਚ ਸਿਹਤ ਅਧਿਕਾਰੀ ਫਿਰ ਸਾਰੇ ਲੋਕਾਂ ਲਈ ਮਾਸਕ ਦੀ ਸਿਫ਼ਾਰਸ਼ ਕਰਨ ’ਤੇ ਗੰਭੀਰਤਾ ਨਾਲ ਵਿਚਾਰ ਕਰ ਰਹੇ ਹਨ। ਇਨ੍ਹਾਂ ’ਚ ਵੈਕਸੀਨ ਦੀਆਂ ਦੋਵੇਂ ਖ਼ੁਰਾਕਾਂ ਲਗਵਾ ਚੁੱਕੇ ਲੋਕ ਵੀ ਸ਼ਾਮਲ ਹਨ।

ਫਾਸੀ ਜਿਹੜੇ ਰਾਸ਼ਟਰਪਤੀ ਜੋਅ ਬਾਇਡਨ ਦੇ ਮੁੱਖ ਮੈਡੀਕਲ ਸਲਾਹਕਾਰ ਵੀ ਹਨ, ਨੇ ਕਿਹਾ ਕਿ ਮਾਸਕ ਨਾਲ ਜੁੜੇ ਦਿਸ਼ਾ ਨਿਰਦੇਸ਼ਾਂ ’ਤੇ ਚਰਚਾ ਦੌਰਾਨ ਉਹ ਵੀ ਮੌਜੂਦ ਸਨ। ਉਨ੍ਹਾਂ ਨੇ ਕਿਹਾ ਕਿ ਲਾਸ ਏਂਜਲਸ ਕਾਊਂਟੀ ਵਰਗੇ ਕੁਝ ਖੇਤਰਾਂ ’ਚ ਜਿੱਥੇ ਇਨਫੈਕਸ਼ਨ ਤੇਜ਼ੀ ਨਾਲ ਫੈਲ ਰਿਹਾ ਹੈ, ਉੱਤੇ ਸਾਰੇ ਲੋਕਾਂ ਨੂੰ ਮਾਸਕ ਪਾਉਣ ਦੀ ਬੇਨਤੀ ਕੀਤੀ ਜਾਣ ਲੱਗੀ ਹੈ। ਫਾਸੀ ਨੇ ਕਿਹਾ ਕਿ ਰੋਗ ਕੰਟਰੋਲ ਤੇ ਰੋਕਥਾਮ ਕੇਂਦਰ (ਸੀਡੀਸੀ) ਮੁਤਾਬਕ ਸਥਾਨਕ ਨਿਯਮਾਂ ’ਚ ਜਤਕ ਥਾਵਾਂ ’ਤੇ ਮਾਸਕ ਪਾਉਣ ਦੀ ਜ਼ਰੂਰਤ ਖ਼ਤਮ ਕਰ ਦਿੱਤੀ ਗਈ ਸੀ। ਸੀਡੀਸੀ ਦੇ ਅੰਕੜਿਆਂ ਮੁਤਾਬਕ ਅਮਰੀਕਾ ’ਚ ਅਜੇ ਤਕ 163 ਕਰੋੜ ਲੋਕ ਯਾਨੀ 49 ਫ਼ੀਸਦੀ ਲੋਕਾਂ ਦਾ ਹੀ ਟੀਕਾਕਰਨ ਹੋਇਆ ਹੈ। ਉਨ੍ਹਾਂ ਕਿਹਾ ਕਿ ਬਗ਼ੈਰ ਟੀਕਾਕਰਨ ਵਾਲੇ ਲੋਕਾਂ ਕਾਰਨ ਇਹ ਹਾਲਾਤ ਪੈਦਾ ਹੋਏ ਹਨ। ਇਸ ਲਈ ਜਿਨ੍ਹਾਂ ਲੋਕਾਂ ਨੇ ਅਜੇ ਤਕ ਟੀਕਾ ਨਹੀਂ ਲਗਵਾਇਆ, ਉਨ੍ਹਾਂ ਨੂੰ ਫੌਰੀ ਤੌਰ ’ਤੇ ਟੀਕਾ ਲਗਵਾਉਣਾ ਚਾਹੀਦਾ ਹੈ। ਉਨ੍ਹਾਂ ਨੇ ਕੁਝ ਲੋਕਾਂ ਨੂੰ ਬੂਸਟਰ ਡੋਜ਼ ਲੈਣ ਦੀ ਜ਼ਰੂਰਤ ਵੀ ਦੱਸੀ ਹੈ।

Posted By: Tejinder Thind