ਵਾਸ਼ਿੰਗਟਨ (ਰਾਇਟਰ) : ਕੋਰੋਨਾ ਮਹਾਮਾਰੀ ਨੂੰ ਲੈ ਕੇ ਅਮਰੀਕਾ ਦੇ ਨਿਸ਼ਾਨੇ 'ਤੇ ਆਏ ਚੀਨ ਦੀਆਂ 33 ਕੰਪਨੀਆਂ ਤੇ ਸੰਸਥਾਨਾਂ ਨੂੰ ਕਾਲੀ ਸੂਚੀ 'ਚ ਪਾ ਦਿੱਤਾ ਗਿਆ ਹੈ। ਟਰੰਪ ਪ੍ਰਸ਼ਾਸਨ ਨੇ ਕਿਹਾ ਕਿ ਇਹ ਕਾਰਵਾਈ ਚੀਨ 'ਚ ਘੱਟ ਗਿਣਤੀ ਉਈਗਰ ਮੁਸਲਮਾਨਾਂ ਦੀ ਜਾਸੂਸੀ 'ਚ ਬੀਜਿੰਗ ਦੀ ਮਦਦ ਕਰਨ, ਵਿਨਾਸ਼ਕਾਰੀ ਹਥਿਆਰਾਂ ਤੇ ਚੀਨੀ ਫ਼ੌਜ ਨਾਲ ਸਬੰਧ ਰੱਖਣ ਕਾਰਨ ਕੀਤੀ ਗਈ ਹੈ। ਇਸ ਕਦਮ ਨਾਲ ਦੋਵੇਂ ਦੇਸ਼ਾਂ 'ਚ ਹੋਰ ਤਣਾਅ ਵਧਣ ਦੇ ਆਸਾਰ ਹਨ। ਕੋਰੋਨਾ ਮਹਾਮਾਰੀ ਨੂੰ ਲੈ ਕੇ ਅਮਰੀਕਾ ਤੇ ਚੀਨ 'ਚ ਪਹਿਲਾਂ ਤੋਂ ਹੀ ਖਿੱਚੋਤਾਣ ਚੱਲ ਰਹੀ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਕੋਰੋਨਾ ਵਾਇਰਸ ਲਈ ਚੀਨ ਨੂੰ ਲਗਾਤਾਰ ਜ਼ਿੰਮੇਵਾਰ ਠਹਿਰਾ ਰਹੇ ਹਨ। ਉਨ੍ਹਾਂ ਦਾ ਦਾਅਵਾ ਹੈ ਕਿ ਉਸ ਦੀ ਅਸਮਰੱਥਾ ਕਾਰਨ ਵਿਸ਼ਵ 'ਚ ਵੱਡੀ ਗਿਣਤੀਆਂ 'ਚ ਮੌਤਾਂ ਹੋ ਰਹੀਆਂ ਹਨ।

ਅਮਰੀਕੀ ਵਣਜ ਵਿਭਾਗ ਨੇ ਇਕ ਬਿਆਨ 'ਚ ਕਿਹਾ ਕਿ ਸੱਤ ਕੰਪਨੀਆਂ ਤੇ ਦੋ ਸੰਸਥਾਨਾਂ ਨੂੰ ਕਾਲੀ ਸੂਚੀ 'ਚ ਪਾਇਆ ਗਿਆ ਹੈ। ਇਹ ਕਾਰਵਾਈ ਚੀਨ ਦੀ ਉਸ ਦਮਨਕਾਰੀ ਮੁਹਿੰਮ 'ਚ ਭਾਈਵਾਲੀ ਨੂੰ ਲੈ ਕੇ ਕੀਤੀ ਗਈ ਹੈ, ਜਿਸ ਤਹਿਤ ਉਈਗਰਾਂ ਤੇ ਦੂਜਿਆਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਵੱਡੇ ਪੈਮਾਨੇ 'ਤੇ ਉਨ੍ਹਾਂ ਨੂੰ ਹਿਰਾਸਤ 'ਚ ਰੱਖਿਆ ਜਾ ਰਿਹਾ ਹੈ। ਵਿਭਾਗ ਨੇ ਇਕ ਹੋਰ ਬਿਆਨ 'ਚ ਕਿਹਾ ਕਿ ਦੋ ਦਰਜਨ ਹੋਰ ਕੰਪਨੀਆਂ, ਸਰਕਾਰੀ ਸੰਸਥਾਵਾਂ ਤੇ ਕਾਰੋਬਾਰੀ ਸੰਗਠਨਾਂ ਨੂੰ ਚੀਨੀ ਫ਼ੌਜ ਦੀ ਵਰਤੋਂ 'ਚ ਆਉਣ ਵਾਲੀਆਂ ਚੀਜ਼ਾਂ ਨੂੰ ਹਾਸਲ ਕਰਨ ਦੀ ਹਮਾਇਤ ਕਾਰਨ ਸੂਚੀ 'ਚ ਪਾਇਆ ਗਿਆ ਹੈ। ਕਾਲੀ ਸੂਚੀ 'ਚ ਪਾਈਆਂ ਗਈਆਂ ਕੰਪਨੀਆਂ 'ਚ ਨੈੱਟਪੋਸਾ ਵੀ ਹੈ। ਇਸ ਦੀ ਗਿਣਤੀ ਚੀਨ ਦੀਆਂ ਚੋਟੀਆਂ ਦੀਆਂ ਆਰਟੀਫਿਸ਼ੀਕਲ ਇੰਟੈਲੀਜੈਂਸ (ਏਆਈ) ਕੰਪਨੀਆਂ 'ਚ ਹੁੰਦੀ ਹੈ। ਮੁਸਲਮਾਨਾਂ ਦੀ ਨਿਗਰਾਨੀ ਕਰਨ 'ਚ ਇਸ ਕੰਪਨੀ ਦੀ ਚਿਹਰਾ ਪਛਾਣਨ ਦੀ ਤਕਨੀਕ ਦੀ ਵਰਤੋਂ ਕੀਤੀ ਗਈ ਹੈ। ਇਸ ਤੋਂ ਇਲਾਵਾ ਸਾਈਬਰ ਸਕਿਊਰਿਟੀ ਫਰਮ ਕੋਹੂ360 ਤੇ ਕਲਾਊਂਡਮਾਈਂਡ ਨਾਲ ਹੀ ਜਿਲਿੰਕਸ ਇੰਕ ਨੂੰ ਵੀ ਕਾਲੀ ਸੂਚੀ 'ਚ ਪਾਇਆ ਗਿਆ ਹੈ। ਵਣਜ ਵਿਭਾਗ ਨੇ ਕਿਹਾ ਕਿ ਸੂਚੀ 'ਚ ਪਾਈਆਂ ਗਈਆਂ ਕੰਪਨੀਆਂ ਤੇ ਸੰਸਥਾਨਾਂ 'ਤੇ ਅਮਰੀਕੀ ਸਾਮਾਨ ਵੇਚਣ 'ਤੇ ਪਾਬੰਦੀ ਲਾਈ ਗਈ ਹੈ।

ਅਮਰੀਕੀ ਉਡਾਨਾਂ 'ਚ ਅੜਿੱਕਾ ਡਾਹ ਰਿਹੈ ਚੀਨ

ਅਮਰੀਕਾ ਨੇ ਚੀਨ 'ਤੇ ਅਮਰੀਕੀ ਉਡਾਣਾਂ 'ਚ ਅੜਿੱਕਾ ਡਾਹੁਣ ਦਾ ਦੋਸ਼ ਲਾਇਆ ਹੈ। ਟਰੰਪ ਪ੍ਰਸ਼ਾਸਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਚੀਨ ਆਪਣੇ ਇਥੇ ਲਈ ਅਮਰੀਕੀ ਏਅਰਲਾਈਨਜ਼ ਦੀਆਂ ਉਡਾਣਾਂ ਨੂੰ ਬਹਾਲ ਕਰਨ ਦੇ ਯਤਨ ਨੂੰ ਅਸੰਭਵ ਬਣਾ ਰਿਹਾ ਹੈ। ਅਮਰੀਕੀ ਯਾਤਰੀ ਜਹਾਜ਼ਾਂ ਦੀ ਸੇਵਾ ਨੂੰ ਬਹਾਲ ਕਰਨ ਨੂੰ ਲੈ ਕੇ ਚੀਨ ਨੂੰ ਸਮਝਾ ਰਹੇ ਅਮਰੀਕਾ ਦੇ ਆਵਾਜਾਈ ਵਿਭਾਗ ਨੇ ਇਸ ਹਫ਼ਤੇ ਕੁਝ ਚੀਨੀ ਚਾਰਟਰ ਜਹਾਜ਼ਾਂ 'ਚ ਕੁਝ ਦੇਰੀ ਕਰਵਾ ਦਿੱਤੀ ਸੀ, ਕਿਉਂਕਿ ਉਹ ਕੁਝ ਜ਼ਰੂਰਤਾਂ ਦੀ ਪਾਲਣਾ ਨਹੀਂ ਕਰ ਰਹੇ ਸਨ। ਵਿਭਾਗ ਨੇ ਚੀਨੀ ਏਅਰਲਾਈਨਜ਼ ਨੂੰ ਇਹ ਆਦੇਸ਼ ਵੀ ਦਿੱਤਾ ਹੈ ਕਿ ਉਹ ਅਮਰੀਕਾ ਲਈ ਆਪਣੀਆਂ ਉਡਾਣਾਂ ਦਾ ਪ੍ਰੋਗਰਾਮ 27 ਮਈ ਤਕ ਦਾਖ਼ਲ ਕਰਵਾ ਦੇਣ।