ਵਾਸ਼ਿੰਗਟਨ, ਏਜੰਸੀ : ਭਾਰਤ-ਚੀਨ ਸਰਹੱਦੀ ਸੰਘਰਸ਼ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕਾਨਫਰੰਸ ਕਾਲ ਨੂੰ ਕਾਫ਼ੀ ਅਹਿਮ ਮੰਨਿਆ ਜਾ ਰਿਹਾ ਹੈ। ਅਮਰੀਕਾ 'ਚ ਜਾਰੀ ਨਸਲੀ ਹਿੰਸਾ ਦੌਰਾਨ ਟਰੰਪ ਤੇ ਮੋਦੀ ਦੀ ਗੱਲਬਾਤ ਦੇ ਕਈ ਅਰਥ ਕੱਢੇ ਜਾ ਰਹੇ ਹਨ। ਦੋਵਾਂ ਆਗੂਆਂ ਨੇ ਸਾਮਰਿਕ ਸਰੁੱਖਿਆ ਦੇ ਨਾਲ ਵਿਕਸਤ ਦੇਸ਼ਾਂ ਦੇ ਸੰਗਠਨ ਜੀ-7 ਦੇ ਵਿਸਤਾਰ 'ਤੇ ਚਰਚਾ ਕੀਤੀ। ਟਰੰਪ ਨੇ ਮੋਦੀ ਨੂੰ ਜੀ-7 'ਚ ਆਉਣ ਦਾ ਸੱਦਾ ਦਿੱਤਾ। ਇਸ ਮੌਕੇ ਰਾਸ਼ਟਰਪਤੀ ਟਰੰਪ ਨੇ ਮੋਦੀ ਨੂੰ ਕਿਹਾ ਕਿ ਉਹ ਭਾਰਤ 100 ਵੈਂਟੀਲੇਟਰ ਤੋਹਫ਼ੇ ਵਜੋਂ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਦੀ ਮੈਨੂੰ ਖੁਸ਼ੀ ਹੈ। ਰਾਸ਼ਟਰਪਤੀ ਨੇ ਕਿਹਾ ਕਿ ਇਸ ਦੀ ਪਹਿਲੀ ਖੇਪ ਅਗਲੇ ਹਫ਼ਤੇ ਰਵਾਨਾ ਹੋਵੇਗਾ। ਗੱਲਬਾਤ ਤੋਂ ਬਾਅਦ ਕੀਤੇ ਗਏ ਆਪਣੇ ਇਕ ਟਵੀਟ 'ਚ ਉਨ੍ਹਾਂ ਇਕ ਵਾਰ ਫਿਰ ਮੋਦੀ ਨੂੰ ਆਪਣਾ ਚੰਗਾ ਦੋਸਤ ਦੱਸਿਆ।

ਟਰੰਪ-ਮੋਦੀ ਗੱਲਬਾਤ 'ਤੇ ਚੀਨ ਦੀ ਨਜ਼ਰ

ਖ਼ਾਸ ਗੱਲ ਇਹ ਹੈ ਕਿ ਦੋਵਾਂ ਲੀਡਰਾਂ ਵਿਚਕਾਰ ਗੱਲਬਾਤ ਉਸ ਵੇਲੇ ਹੋ ਰਹੀ ਹੈ, ਜਦੋਂ ਭਾਰਤ ਤੇ ਚੀਨ ਦਾ ਸਰੱਹਦੀ ਸੰਘਰਸ਼ ਸਿਖਰ 'ਤੇ ਹੈ। ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਬੀਜਿੰਗ ਭਾਰਤ ਨਾਲ ਲੱਗਣ ਵਾਲੀ ਸਰਹੱਦ 'ਤੇ ਫ਼ੌਜੀ ਜਵਾਨਾਂ ਦੀ ਤਾਇਨਾਤੀ ਕਰ ਰਿਹਾ ਹੈ। ਦੋਵਾਂ ਦੇਸ਼ਾਂ ਦੇ ਫ਼ੌਜੀ ਜਵਾਨਾਂ ਵਿਚਕਾਰ ਤਣਾਅਪੂਰਨ ਮਾਹੌਲ ਬਣਿਆ ਹੋਇਆ ਹੈ। ਅਜਿਹੇ ਵਿਚ ਟਰੰਪ ਤੇ ਮੋਦੀ ਦੀ ਗੱਲਬਾਤ ਨੂੰ ਅਹਿਮ ਮੰਨਿਆ ਜਾ ਰਿਹਾ ਹੈ। ਚੀਨ ਦੀ ਇਸ ਗੱਲਬਾਤ 'ਤੇ ਤਿੱਖੀ ਨਜ਼ਰ ਹੈ। ਹਾਲਾਂਕਿ ਦੋਵਾਂ ਆਗੂਆਂ ਵਿਚਕਾਰ ਕੀ ਗੱਲਬਾਤ ਹੋਈ, ਇਸ ਦੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਲਿਹਾਜ਼ਾ ਇਹ ਕਿਹਾ ਗਿਆ ਹੈ ਕਿ ਦੋਵਾਂ ਆਗੂਆਂ ਨੇ ਚੀਨ ਸਰਹੱਦੀ ਵਿਵਾਦ 'ਤੇ ਵੀ ਚਰਚਾ ਕੀਤੀ।

Posted By: Seema Anand