ਵਾਸ਼ਿੰਗਟਨ (ਪੀਟੀਆਈ) : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਾਬਕਾ ਰਾਸ਼ਟਰੀ ਸੁਰੱਖਿਆ ਸਲਾਹਕਾਰ (ਐੱਨਐੱਸਏ) ਮਾਈਕਲ ਫਲਿਨ ਨੂੰ ਮਾਫ਼ੀ ਦੇ ਦਿੱਤੀ ਹੈ। ਫਲਿਨ 'ਤੇ ਇਹ ਦੋਸ਼ ਲਗਾਇਆ ਗਿਆ ਸੀ ਕਿ ਉਨ੍ਹਾਂ 2016 ਦੀ ਰਾਸ਼ਟਰਪਤੀ ਚੋਣ ਦੌਰਾਨ ਟਰੰਪ ਟੀਮ ਤੇ ਰੂਸ ਵਿਚਾਲੇ ਸੰਭਾਵਿਤ ਮਿਲੀਭੁਗਤ ਦੇ ਬਾਰੇ ਐੱਫਬੀਆਈ ਨੂੰ ਝੂਠਾ ਬਿਆਨ ਦਿੱਤਾ ਸੀ।

ਟਰੰਪ ਨੇ 61 ਸਾਲਾ ਫਲਿਨ ਨੂੰ ਮਾਫ਼ੀ ਦੇਣ ਵਾਲੇ ਕਾਰਜਕਾਰੀ ਆਦੇਸ਼ 'ਤੇ ਬੁੱਧਵਾਰ ਨੂੰ ਦਸਤਖ਼ਤ ਕੀਤੇ। ਅਮਰੀਕੀ ਰਾਸ਼ਟਰਪਤੀ ਨੇ ਇਕ ਟਵੀਟ 'ਚ ਕਿਹਾ, 'ਮੈਨੂੁੰ ਇਹ ਦੱਸਦੇ ਹੋਏ ਮਾਣ ਮਹਿਸੂਸ ਹੋ ਰਿਹਾ ਹੈ ਕਿ ਜਨਰਲ ਮਾਈਕਲ ਟੀ ਫਲਿਨ ਨੂੰ ਪੂਰੀ ਤਰ੍ਹਾਂ ਮਾਫ਼ ਕਰ ਦਿੱਤਾ ਗਿਆ ਹੈ। ਮੈਨੂੰ ਪਤਾ ਹੈ ਕਿ ਹੁਣ ਤੁਸੀਂ ਸਹੀ ਮਾਇਨੇ 'ਚ ਥੈਂਕਸਗਿਵਿੰਗ ਮਨਾ ਸਕੋਗੇ।' ਵ੍ਹਾਈਟ ਹਾਊਸ ਦੀ ਪ੍ਰਰੈੱਸ ਸਕੱਤਰ ਕੇਲਿਗ ਮੈਕਨੇਨੀ ਨੇ ਕਿਹਾ, 'ਰਾਸ਼ਟਰਪਤੀ ਨੇ ਜਨਰਲ ਫਲਿਨ ਨੂੰ ਮਾਫ਼ੀ ਦਿੱਤੀ ਹੈ, ਕਿਉਂਕਿ ਉਨ੍ਹਾਂ 'ਤੇ ਕਦੇ ਮੁਕੱਦਮਾ ਚਲਾਇਆ ਹੀ ਨਹੀਂ ਜਾਣਾ ਚਾਹੀਦਾ ਸੀ। ਨਿਆਂ ਵਿਭਾਗ ਨੇ ਫਲਿਨ ਮਾਮਲੇ ਦੀ ਸੁਤੰਤਰ ਸਮੀਖਿਆ ਕੀਤੀ ਤੇ ਕਿਹਾ ਕਿ ਉਨ੍ਹਾਂ ਖ਼ਿਲਾਫ਼ ਦੋਸ਼ ਹਟਾਏ ਜਾਣੇ ਚਾਹੀਦੇ ਹਨ।' ਫਲਿਨ ਨੂੰ ਮਾਫ਼ੀ ਦਿੱਤੇ ਜਾਣ 'ਤੇ ਸੰਸਦ ਦੇ ਹੇਠਲੇ ਸਦਨ ਪ੍ਰਤੀਨਿਧ ਸਭਾ ਦੀ ਸਪੀਕਰ ਨੈਂਸੀ ਪੇਲੋਸੀ ਨੇ ਕਿਹਾ ਸੀ ਕਿ ਇਹ ਅਸਲ 'ਚ ਸੱਤਾ ਦੀ ਦੁਰਵਰਤੋਂ ਹੈ। ਫਲਿਨ ਨੇ ਐੱਫਬੀਆਈ ਨਾਲ ਝੂਠ ਬੋਲਣ ਦਾ ਜੁਰਮ ਦੋ ਵਾਰੀ ਸਵੀਕਾਰ ਕੀਤਾ ਸੀ।

ਸਿਰਫ਼ 22 ਦਿਨ ਰਹਿ ਸਕੇ ਸਨ ਐੱਨਐੱਸਏ

ਅਮਰੀਕੀ ਫ਼ੌਜ ਤੋਂ ਲੈਫਟੀਨੈਂਟ ਜਨਰਲ ਅਹੁਦੇ ਤੋਂ ਸੇਵਾਮੁਕਤ ਹੋਣ ਵਾਲੇ ਫਲਿਨ ਨੇ 22 ਜਨਵਰੀ, 2017 ਨੂੰ ਟਰੰਪ ਪ੍ਰਸ਼ਾਸਨ 'ਚ ਐੱਨਐੱਸਏ ਦਾ ਅਹੁਦਾ ਸੰਭਾਲਿਆ ਸੀ ਪਰ ਉਨ੍ਹਾਂ ਨੂੰ 22 ਦਿਨਾਂ ਬਾਅਦ ਹੀ ਅਸਤੀਫ਼ਾ ਦੇਣਾ ਪਿਆ ਸੀ। ਉਸ ਸਮੇਂ ਇਹ ਗੱਲ ਸਾਹਮਣੇ ਆਈ ਸੀ ਕਿ ਉਨ੍ਹਾਂ ਨੇ ਰੂਸੀ ਰਾਜਦੂਤ ਨਾਲ ਆਪਣੇ ਸਬੰਧਾਂ ਨੂੰ ਲੈ ਕੇ ਐੱਫਬੀਆਈ ਨਾਲ ਝੂਠ ਬੋਲਿਆ ਸੀ।