ਵਾਸ਼ਿੰਗਟਨ (ਏਐੱਨਆਈ) : ਟਰੰਪ ਅਤੇ ਉਨ੍ਹਾਂ ਦੀ ਪਤਨੀ ਮੇਲਾਨੀਆ ਨੇ ਆਪਣੀ ਅਧਿਕਾਰਤ ਵੈੱਬਸਾਈਟ 45ਆਫਿਸ.ਕਾਮ ਲਾਂਚ ਕੀਤੀ ਹੈ। ਇਸ ਵੈੱਬਸਾਈਟ ਨੂੰ ਅਮਰੀਕਾ ਦੇ 45ਵੇਂ ਰਾਸ਼ਟਰਪਤੀ ਦੇ ਹੁਣ ਤਕ ਕੀਤੇ ਗਏ ਸਾਰੇ ਕੰਮਾਂ ਦੀ ਜਾਣਕਾਰੀ ਨਾਲ ਜਨਤਾ ਨਾਲ ਸਿੱਧੇ ਜੁੜਨ ਦਾ ਵੀ ਪਲੇਟਫਾਰਮ ਬਣਾਇਆ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਟਰੰਪ ਸਿੱਧੇ ਜਨਤਾ ਨਾਲ ਜੁੜ ਕੇ 2024 ਦੀਆਂ ਚੋਣ ਤਿਆਰੀਆਂ ਵਿਚ ਲੱਗੇ ਹੋਏ ਹਨ। ਉਸੇ ਕੜੀ ਵਿਚ ਇਹ ਕਦਮ ਮਹੱਤਵਪੂਰਣ ਮੰਨਿਆ ਜਾ ਰਿਹਾ ਹੈ।

ਵੈੱਬਸਾਈਟ ਵਿਚ ਟਰੰਪ ਨੇ ਆਪਣੀ ਪਤਨੀ ਅਤੇ ਸਾਬਕਾ ਪ੍ਰਥਮ ਮਹਿਲਾ ਮੇਲਾਨੀਆ ਟਰੰਪ ਨੂੰ ਵੀ ਪ੍ਰਮੁੱਖਤਾ ਦਿੱਤੀ ਹੈ। ਵੈੱਬਸਾਈਟ ਦੇ ਮੁੱਖ ਪੰਨੇ ’ਤੇ ਉਨ੍ਹਾਂ ਦੀ ਵੀ ਫੋਟੋ ਨੂੰ ਪ੍ਰਮੁੱਖ ਸਥਾਨ ਦਿੱਤਾ ਗਿਆ ਹੈ। ਇਸ ਵੈੱਬਸਾਈਟ ਦੇ ਮਾਧਿਅਮ ਰਾਹੀਂ ਅਮਰੀਕੀ ਜਨਤਾ ਉਨ੍ਹਾਂ ਨੂੰ ਵਧਾਈ ਦੇਣ ਦੇ ਨਾਲ ਹੀ ਕਿਸੇ ਵੀ ਵਿਸ਼ੇ ’ਤੇ ਆਪਣੀ ਰਾਇ ਦੇ ਸਕਦੀ ਹੈ। ਟਰੰਪ ਦੇ ਹੋਣ ਵਾਲੇ ਪ੍ਰੋਗਰਾਮਾਂ ਵਿਚ ਵੀ ਇਸ ਵੈੱਬਸਾਈਟ ਦੇ ਮਾਧਿਅਮ ਰਾਹੀਂ ਸ਼ਾਮਲ ਹੋਇਆ ਜਾ ਸਕੇਗਾ। ਦੱਸਣਯੋਗ ਹੈ ਕਿ 6 ਜਨਵਰੀ ਨੂੰ ਸੰਸਦ ਵਿਚ ਹਿੰਸਾ ਪਿੱਛੋਂ ਇੰਟਰਨੈੱਟ ਮੀਡੀਆ ਦੇ ਕਈ ਪਲੇਟਫਾਰਮ ਨੇ ਟਰੰਪ ’ਤੇ ਰੋਕ ਲਗਾ ਦਿੱਤੀ ਸੀ। ਉਸ ਪਿੱਛੋਂ ਪਹਿਲੀ ਵਾਰ ਇਸ ਵੈੱਬਸਾਈਟ ਦੇ ਮਾਧਿਅਮ ਰਾਹੀਂ ਟਰੰਪ ਜਨਤਾ ਨਾਲ ਜੁੜਨ ਜਾ ਰਹੇ ਹਨ।

Posted By: Tejinder Thind