ਨਿਊਯਾਰਕ (ਏਪੀ) : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੰਟਰਨੈੱਟ ਮੀਡੀਆ ’ਤੇ ਪੋਸਟ ’ਚ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਮੰਗਲਵਾਰ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ। ਕਿਉਂਕਿ, ਨਿਊਯਾਰਕ ਦੇ ਇਕ ਇਸਤਗਾਸਾ ਦੀ ਨਜ਼ਰ ਉਸ ਮਾਮਲੇ ’ਚ ਦੋਸ਼ਾਂ ’ਤੇ ਹੈ ਜੋ ਅਖੌਤੀ ਜਿਨਸੀ ਸਬੰਧ ਬਣਾਉਣ ਵਾਲੀਆਂ ਔਰਤਾਂ ਨੂੰ ਗੁਪਤ ਰੂਪ ਨਾਲ ਪੈਸੇ ਦਿੱਤੇ ਜਾਣ ਦੀ ਜਾਂਚ ਕਰ ਰਹੇ ਹਨ। ਹਾਲਾਂਕਿ, ਟਰੰਪ ਨੇ ਇਸ ਨੂੰ ਲੈ ਕੇ ਕੋਈ ਵੇਰਵਾ ਨਹੀਂ ਦਿੱਤਾ ਹੈ ਕਿ ਉਨ੍ਹਾਂ ਨੂੰ ਸੰਭਾਵੀ ਗ੍ਰਿਫ਼ਤਾਰੀ ਦੀ ਜਾਣਕਾਰੀ ਕਿਵੇਂ ਹੋਈ।
ਇਸ ਨੂੰ ਲੈ ਕੇ ਉਨ੍ਹਾਂ ਨੇ ਸਮਰਥਕਾਂ ਨੂੰ ਪ੍ਰਦਰਸ਼ਨ ਕਰਨ ਦੀ ਅਪੀਲ ਕੀਤੀ ਹੈ। ਪੋਸਟ ਨੂੰ ਦੇਖਦੇ ਹੋਏ ਅਧਿਕਾਰੀਆਂ ਵੱਲੋਂ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਜ਼ਰੂਰੀ ਕਦਮ ਚੁੱਕੇ ਜਾ ਰਹੇ ਹਨ। ਇਸ ਮਾਮਲੇ ’ਚ ਜੂਰੀ ਦੇ ਕੰਮ ਲਈ ਕਿਸੇ ਵੀ ਸਮਾਂ ਹੱਦ ਦਾ ਕੋਈ ਐਲਾਨ ਨਹੀਂ ਕੀਤਾ ਗਿਆ ਹੈ। ਮੈਨਹੱਟਨ ’ਚ ਜੂਰੀ ਟਰੰਪ ਦੇ ਸਾਬਕਾ ਵਕੀਲ ਮਾਈਕਲ ਕੋਹੇਨ ਸਮੇਤ ਗਵਾਹਾਂ ਦੀ ਸੁਣਵਾਈ ਕਰ ਰਹੀ ਹੈ, ਜਿਨ੍ਹਾਂ ਨੇ ਕਿਹਾ ਸੀ ਕਿ ਉਨ੍ਹਾਂ ਨੂੰ 2016 ’ਚ ਦੋ ਔਰਤਾਂ ਨੂੰ ਜਿਨਸੀ ਸਬੰਧਾਂ ਬਾਰੇ ਚੁੱਪ ਰਹਿਣ ਲਈ ਭੁਗਤਾਨ ਕੀਤਾ ਗਿਆ ਸੀ।
ਉਧਰ, ਆਈਏਐੱਨਐੱਸ ਵੱਲੋਂ ਕਿਹਾ ਗਿਆ ਹੈ ਕਿ ਯੂਟਿਊਬ ਨੇ ਡੋਨਾਲਡ ਟਰੰਪ ਦੇ ਅਕਾਊਂਟ ਨੂੰ ਮੁੜ ਤੋਂ ਬਹਾਰ ਕਰ ਦਿੱਤਾ ਹੈ। ਕੰਪਨੀ ਨੇ ਇਹ ਕਦਮ ਟਰੰਪ ਵੱਲੋਂ 2024 ’ਚ ਹੋਣ ਵਾਲੀਆਂ ਚੋਣਾਂ ਲਈ ਸ਼ੁਰੂ ਕੀਤੇ ਗਏ ਚੋਣ ਪ੍ਰਚਾਰ ਨੂੰ ਦੇਖਦਿਆਂ ਚੁੱਕਿਆ ਹੈ। ਕੰਪਨੀ ਵੱਲੋਂ ਕੈਪੀਟਲ ਹਿੱਲ ਹਿੰਸਾ ਤੋਂ ਬਾਅਦ ਜਨਵਰੀ 2021 ’ਚ ਇਸ ’ਤੇ ਰੋਕ ਲਗਾ ਦਿੱਤੀ ਸੀ। ਟਰੰਪ ਦੇ ਯੂਟਿਊਬ ਅਕਾਊਂਟ ’ਤੇ 26 ਲੱਖ ਤੋਂ ਵੱਧ ਫਾਲੋਅਰਾਂ ਦੇ ਨਾਲ ਹੀ ਚਾਰ ਹਜ਼ਾਰ ਤੋਂ ਵੱਧ ਵੀਡੀਓ ਮੌਜੂਦ ਹਨ।
Posted By: Sandip Kaur