ਲਾਸ ਏਂਜਲਸ (ਪੀਟੀਆਈ) : ਆਪਣੀ ਆਉਣ ਵਾਲੀ ਫਿਲਮ 'ਐਡ ਐਸਟ੍ਰਾ' ਦੇ ਪ੍ਰਚਾਰ ਲਈ ਹਾਲੀਵੁੱਡ ਦੇ ਮਸ਼ਹੂਰ ਅਦਾਕਾਰ ਬ੍ਰੈਡ ਪਿਟ ਅਮਰੀਕੀ ਸਪੇਸ ਏਜੰਸੀ ਨਾਸਾ ਪੁੱਜੇ ਸਨ। ਉੱਥੋਂ ਉਨ੍ਹਾਂ ਨੇ ਕੌਮਾਂਤਰੀ ਪੁਲਾੜ ਸਟੇਸ਼ਨ (ਆਈਐੱਸਐੱਸ) 'ਚ ਫੋਨ ਲਗਾ ਕੇ ਅਮਰੀਕੀ ਪੁਲਾੜ ਯਾਤਰੀ ਨਿਕ ਹਾਗ ਨਾਲ ਗੱਲਬਾਤ ਕੀਤੀ। ਨਾਸਾ ਵੱਲੋਂ ਟੀਵੀ 'ਤੇ ਪ੍ਰਸਾਰਤ ਕੀਤੀ ਗਈ 20 ਮਿੰਟ ਦੀ ਗੱਲਬਾਤ ਦੌਰਾਨ ਪਿਟ ਨੇ ਹਾਗ ਤੋਂ ਭਾਰਤ ਦੇ ਚੰਦਰਯਾਨ-2 ਦੇ ਨਾਲ ਹੀ ਪੁਲਾੜ ਨਾਲ ਜੁੜੇ ਕਈ ਸਵਾਲ ਕੀਤੇ। ਆਈਐੱਸਐੱਸ 'ਚ ਮੌਜੂਦ ਪੁਲਾੜ ਯਾਤਰੀਆਂ ਨੂੰ ਸਾਇੰਸ ਫਿਕਸ਼ਨ ਫਿਲਮ 'ਐਡ ਐਸਟ੍ਰਾ' ਪਹਿਲਾਂ ਹੀ ਵਿਖਾਈ ਜਾ ਚੁੱਕੀ ਹੈ। ਇਸ ਫਿਲਮ 'ਚ ਪਿਟ ਪੁਲਾੜ ਯਾਤਰੀ ਦੀ ਭੂਮਿਕਾ 'ਚ ਹਨ।

ਹਾਲੀਆ ਹੀ 'ਚ ਰਿਲੀਜ਼ ਹੋਈ ਵੰਸ ਅਪਾਨ ਏ ਟਾਈਮ... ਇਨ ਹਾਲੀਵੁੱਡ ਲਈ ਚਹੁੰਪਾਸੜ ਤਰੀਫਾਂ ਬਟੋਰ ਰਹੇ ਪਿਟ ਨੇ ਪੁਲਾੜ ਸਟੇਸ਼ਨ 'ਚ ਫੋਨ ਲਗਾਉਂਦੇ ਹੀ ਪੁੱਛਿਆ, 'ਮੈਂ ਬ੍ਰੈਡ ਹਾਂ, ਕੀ ਤੁਸੀਂ ਮੇਰੀ ਆਵਾਜ਼ ਸੁਣ ਰਹੇ ਹੋ।' ਇਸ ਦਾ ਜਵਾਬ ਦਿੰਦੇ ਹੋਏ ਹਾਗ ਨੇ ਕਿਹਾ, 'ਹਾਏ ਬ੍ਰੈਡ, ਮੈਂ ਨਿਕ। ਤੁਹਾਡੀ ਆਵਾਜ਼ ਸਾਫ਼ ਆ ਰਹੀ ਹੈ। ਆਈਐੱਸਐੱਸ 'ਚ ਤੁਹਾਡਾ ਸਵਾਗਤ ਹੈ।' ਫਿਰ ਪਿਟ ਨੇ ਉਨ੍ਹਾਂ ਤੋਂ ਚੰਦਰਯਾਨ-2 ਦੇ ਲੈਂਡਰ ਵਿਕਰਮ ਦੀ ਲੈਂਡਿੰਗ ਨਾਲ ਜੁੜਿਆ ਸਵਾਲ ਕੀਤਾ। ਆਸਕਰ ਲਈ ਨਾਮਜ਼ਦ ਹੋ ਚੁੱਕੇ ਅਦਾਕਾਰ ਨੇ ਪੁੱਛਿਆ, 'ਮੈਨੂੰ ਪਿਛਲੇ ਹਫ਼ਤੇ ਜੈੱਟ ਪੋ੍ਪਲਸ਼ਨ ਲੈਬ ਜਾਣ ਦਾ ਮੌਕਾ ਮਿਲਿਆ। ਉਸ ਦਿਨ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਲੈਂਡਰ ਵਿਕਰਮ ਦੀ ਚੰਦਰਮਾ 'ਤੇ ਸਾਫਟ ਲੈਂਡਿੰਗ 'ਚ ਜੁਟਿਆ ਸੀ। ਕੀ ਤੁਸੀਂ ਪੁਲਾੜ ਸਟੇਸ਼ਨ ਤੋਂ ਇਹ ਪ੍ਰਕਿਰਿਆ ਦੇਖੀ।' ਇਸ ਦਾ ਨਾਂਹ 'ਚ ਜਵਾਬ ਦਿੰਦੇ ਹੋਏ ਹਾਗ ਨੇ ਕਿਹਾ ਕਿ ਮੰਦਭਾਗੀ ਨਾਲ ਉਹ ਇਹ ਪ੍ਰਕਿਰਿਆ ਵੇਖ ਨਹੀਂ ਸਕੇ। ਉਨ੍ਹਾਂ ਨੂੰ ਨਿਊਜ਼ ਰਿਪੋਰਟਾਂ ਤੋਂ ਹੀ ਇਸ ਦੀ ਜਾਣਕਾਰੀ ਮਿਲ ਸਕੀ ਸੀ। ਗੱਲਬਾਤ ਦੌਰਾਨ ਅਮਰੀਕੀ ਪੁਲਾੜ ਯਾਤਰੀ ਨੇ ਪੁਲਾੜ ਮੁਹਿੰਮਾਂ 'ਚ ਕੌਮਾਂਤਰੀ ਸਹਿਯੋਗ ਨੂੰ ਅਹਿਮ ਦੱਸਿਆ। ਦੱਸਣਯੋਗ ਹੈ ਕਿ ਛੇ ਤੇ ਸੱਤ ਸਤੰਬਰ ਦੀ ਦਰਮਿਆਨੀ ਰਾਤ ਨੂੰ ਵਿਕਰਮ ਦੀ ਲੈਂਡਿੰਗ ਅਸਫਲ ਹੋ ਗਈ ਸੀ।