ਵਾਸ਼ਿੰਗਟਨ (ਏਜੰਸੀ) : ਅਮਰੀਕੀ ਸੰਸਦ ਦੇ ਉੱਚ ਸਦਨ ਸੈਨੇਟ 'ਚ ਰਾਸ਼ਟਰਪਤੀ ਡੋਨਾਲਡ ਟਰੰਪ ਖ਼ਿਲਾਫ਼ ਮਹਾਦੋਸ਼ ਸੁਣਵਾਈ ਤੋਂ ਠੀਕ ਪਹਿਲਾਂ ਡੈਮੋਕ੍ਰੇਟਿਕ ਪਾਰਟੀ ਦੇ ਸੰਸਦ ਮੈਂਬਰਾਂ ਨੇ ਕੁਝ ਨਵੇਂ ਦਸਤਾਵੇਜ਼ ਜਾਰੀ ਕੀਤੇ ਹਨ। ਉਨ੍ਹਾਂ ਦਾ ਦਾਅਵਾ ਹੈ ਕਿ ਇਹ ਦਸਤਾਵੇਜ਼ ਉਨ੍ਹਾਂ ਨੂੰ ਟਰੰਪ ਦੇ ਨਿੱਜੀ ਵਕੀਲ ਰੂਡੀ ਗੁਲੀਆਨੀ ਦੇ ਕਰੀਬੀ ਸਹਿਯੋਗੀ ਲੇਵ ਪਰਨਾਸ ਨੂੰ ਮਿਲੇ ਹਨ। ਇਨ੍ਹਾਂ ਦਸਤਾਵੇਜ਼ਾਂ 'ਚ ਹੱਥ ਨਾਲ ਲਿਖਿਆ ਇਕ ਨੋਟ ਵੀ ਸ਼ਾਮਲ ਹੈ, ਜਿਸ 'ਚ ਯੂਕ੍ਰੇਨ ਦੇ ਰਾਸ਼ਟਰਪਤੀ ਨੂੰ ਜੋ ਬਿਡੇਨ ਮਾਮਲੇ ਦੀ ਜਾਂਚ ਕਰਨ ਲਈ ਕਿਹਾ ਗਿਆ ਹੈ। ਦਸਤਾਵੇਜ਼ 'ਚ ਯੂਕ੍ਰੇਨ 'ਚ ਅਮਰੀਕੀ ਰਾਜਦੂਤ ਮੈਰੀ ਯੋਵਾਨੋਵਿਚ ਨੂੰ ਹਟਾਏ ਜਾਣ ਤੋਂ ਪਹਿਲਾਂ ਪਰਨਾਸ ਦੀ ਗੁਲੀਆਨੀ ਨਾਲ ਗੱਲਬਾਤ ਦਾ ਜ਼ਿਕਰ ਹੈ। ਦਸਤਾਵੇਜ਼ਾਂ ਦੇ ਮੁਤਾਬਕ, ਪਰਨਾਸ, ਗੁਲੀਆਨੀ ਤੇ ਯੂਕਰੇਨੀ ਅਧਿਕਾਰੀਆਂ ਦੇ ਨਾਲ ਲਗਾਤਾਰ ਗੱਲਬਾਤ ਕਰਦੇ ਸਨ। ਗੱਲਬਾਤ 'ਚ ਪਰਨਾਸ ਡੈਮੋਕ੍ਰੇਟ ਪਾਰਟੀ ਤੋਂ ਰਾਸ਼ਟਰਪਤੀ ਉਮੀਦਵਾਰੀ ਦੀ ਦੌੜ 'ਚ ਸਭ ਤੋਂ ਅੱਗੇ ਦੱਸੇ ਜਾ ਰਹੇ ਹਨ ਜੋ ਬਿਡੇਨ ਤੇ ਉਨ੍ਹਾਂ ਦੇ ਬੇਟੇ ਹੰਟਰ ਦੇ ਖਿਲਾਫ਼ ਯਕ੍ਰੇਨ 'ਚ ਭਿ੍ਸ਼ਟਾਚਾਰ 'ਚ ਸ਼ਾਮਲ ਹੋਣ ਦਾ ਬੇਬੁਨਿਆਦ ਦੋਸ਼ ਲਗਾ ਰਹੇ ਹਨ।

ਦਸਤਾਵੇਜ਼ਾਂ 'ਚ ਪਿਛਲੇ ਸਾਲ 10 ਮਈ ਨੂੰ ਗੁਲੀਆਨੀ ਵੱਲੋਂ ਯੂਕਰੇਨ ਦੇ ਰਾਸ਼ਟਰਪਤੀ ਵੋਲੋਦਿਮੀਰ ਜੇਲੈਂਸਕੀ ਨੂੰ ਲਿਖਿਆ ਇਕ ਪੱਤਰ ਵੀ ਸ਼ਾਮਲ ਹੈ। ਜੇਲੈਂਸਕੀ ਦੇ ਸੱਤਾ 'ਚ ਆਉਣ ਤੋਂ ਪਹਿਲਾਂ ਲਿਖੇ ਗਏ ਇਸ ਪੱਤਰ 'ਚ ਗੁਲੀਆਨੀ ਨੇ ਜੇਲੈਂਸਕੀ ਨਾਲ ਰਾਸ਼ਟਰਪਤੀ ਟਰੰਪ ਦੇ ਨਿੱਜੀ ਵਕੀਲ ਦੇ ਤੌਰ 'ਤੇ ਇਕ ਬੈਠਕ ਦੀ ਅਪੀਲ ਕੀਤੀ ਹੈ। ਪੱਤਰ 'ਚ ਗੁਲੀਆਨੀ ਨੇ ਇਹ ਵੀ ਕਿਹਾ ਕਿ ਟਰੰਪ ਦੀ ਜਾਣਕਾਰੀ ਤੇ ਸਹਿਮਤੀ ਦੇ ਆਧਾਰ 'ਤੇ ਹੋਣ ਵਾਲੀ ਇਸ ਬੈਠਕ 'ਚ ਅਮਰੀਕਾ ਦੇ ਵਕੀਲ ਵਿਕਟੋਰੀਆ ਟਾਰਿੰਗ ਤੇ ਟਰੰਪ ਦੇ ਸਹਿਯੋਗੀ ਵੀ ਹਿੱਸਾ ਲੈਣਗੇ।

ਦਸਤਾਵੇਜ਼ਾਂ 'ਚ ਵਿਏਨਾ ਦੇ ਰਿਟਜ਼-ਕਾਰਲਟਨ ਹੋਟਲ ਤੋਂ ਲਿਖਿਆ ਗਿਆ ਇਕ ਹੱਥਲਿਖਤ ਪੱਤਰ ਵੀ ਹੈ, ਜਿਸ 'ਚ ਕਿਹਾ ਗਿਆ ਹੈ ਕਿ ਜੇਲੈਂਸਕੀ ਇਸ ਗੱਲ ਦਾ ਐਲਾਨ ਕਰਨ ਕਿ ਬਿਡੇਨ ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਦੋਸ਼ ਹੈ ਕਿ ਟਰੰਪ ਨੇ ਪਿਛਲੇ ਸਾਲ ਜੁਲਾਈ 'ਚ ਯੂਕ੍ਰੇਨ 'ਤੇ ਆਪਣੇ ਸਿਆਸੀ ਵਿਰੋਧੀ ਬਿਡੇਨ ਤੇ ਉਨ੍ਹਾਂ ਦੇ ਬੇਟੇ ਖ਼ਿਲਾਫ਼ ਜਾਂਚ ਸ਼ੁਰੂ ਕਰਨ ਦਾ ਦਬਾਅ ਬਣਾਇਆ ਸੀ। ਹੰਟਰ ਯੂਕ੍ਰੇਨ ਦੀ ਇਕ ਗੈਸ ਕੰਪਨੀ ਦੇ ਡਾਇਰੈਕਟਰ ਮੰਡਲ 'ਚ ਸਨ। ਡੈਮੋਕ੍ਰੇਟ ਦਾ ਕਹਿਣਾ ਹੈ ਕਿ ਪਰਨਾਸ ਦੇ ਵਕੀਲ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਇਹ ਪੱਤਰ ਉਨ੍ਹਾਂ ਨੇ ਹੀ ਲਿਖਿਆ ਹੈ। ਪਰਨਾਸ ਤੇ ਉਨ੍ਹਾਂ ਦੇ ਵਪਾਰਕ ਭਾਈਵਾਲ ਇਗੋਰ ਫਰੂਮੈਨ ਨੂੰ ਪਿਛਲੇ ਸਾਲ ਸਾਜ਼ਿਸ਼, ਝੂਠੇ ਬਿਆਨ ਤੇ ਫਰਜ਼ੀ ਰਿਕਾਰਡ ਬਣਾਉਣ ਦੇ ਦੋਸ਼ਾਂ 'ਚ ਦੋਸ਼ੀ ਠਹਿਰਾਇਆ ਗਿਆ ਸੀ।