ਵਾਸ਼ਿੰਗਟਨ : ਅਮਰੀਕਾ ਦੀ ਪਹਿਲੀ ਹਿੰਦੂ ਸੰਸਦ ਮੈਂਬਰ ਗਬਾਰਡ 2020 'ਚ ਹੋਣ ਜਾ ਰਹੀ ਰਾਸ਼ਟਰਪਤੀ ਚੋਣ ਲੜਨਾ ਚਾਹੁੰਦੀ ਹੈ। ਸ਼ੁੱਕਰਵਾਰ ਨੂੰ ਇਸ ਦੀ ਜਾਣਕਾਰੀ ਦਿੰਦੇ ਹੋਏ ਡੈਮੋਯੇਟਿਕ ਪਾਰਟੀ ਦੀ ਸੰਸਦ ਮੈਂਬਰ ਗਬਾਰਡ ਨੇ ਕਿਹਾ, 'ਮੈਂ ਚੋਣ ਲੜਨ ਦਾ ਮਨ ਬਣਾ ਲਿਆ ਹੈ। ਅਗਲੇ ਹਫ਼ਤੇ ਤਕ ਇਸ ਦਾ ਰਸਮੀ ਐਲਾਨ ਕੀਤਾ ਜਾਵੇਗਾ।' ਗਬਾਰਡ ਦਾ ਰਾਸ਼ਟਰਪਤੀ ਚੋਣ ਜਿੱਤਣਾ ਇਤਿਹਾਸ ਰਚਣ ਵਰਗਾ ਹੋਵੇਗਾ। ਇਸ ਜਿੱਤ ਨਾਲ ਉਹ ਦੇਸ਼ ਦੀ ਸਭ ਤੋਂ ਨੌਜਵਾਨ ਅਤੇ ਪਹਿਲੀ ਔਰਤ ਅਤੇ ਹਿੰਦੂ ਰਾਸ਼ਟਰਪਤੀ ਬਣ ਜਾਣਗੇ।

ਰਾਸ਼ਟਰਪਤੀ ਦੀ ਦੌੜ ਲਈ ਆਪਣੇ ਦਾਅਵੇਦਾਰੀ ਪੇਸ਼ ਕਰਦੇ ਹੋਏ ਗਬਾਰਡ ਨੇ ਕਿਹਾ ਕਿ ਜੰਗ ਅਤੇ ਅਮਨ ਦਾ ਮਸਲਾ ਉਨ੍ਹਾਂ ਦੀ ਚੋਣ ਮੁਹਿੰਮ ਦਾ ਪ੍ਰਮੁੱਖ ਮੁੱਦਾ ਹੋਵੇਗਾ। ਉਨ੍ਹਾਂ ਕਿਹਾ ਕਿ ਅਮਰੀਕੀ ਲੋਕਾਂ ਦੇ ਸਾਹਮਣੇ ਸਿਹਤ ਸਹੂਲਤਾਂ, ਅਪਰਾਧਿਕ ਨਿਆਂ 'ਚ ਸੁਧਾਰ ਅਤੇ ਜਲਵਾਯੂ ਬਦਲਾਅ ਵਰਗੀਆਂ ਸਮੱਸਿਆਵਾਂ ਹਨ ਜਿਨ੍ਹਾਂ ਨੂੰ ਦੂਰ ਕਰਨ 'ਚ ਉਹ ਮਦਦ ਕਰਨਾ ਚਾਹੁੰਦੇ ਹਨ।

ਸੰਸਦ ਮੈਂਬਰ ਬਣਨ 'ਤੇ ਗੀਤਾ ਦੀ ਚੁੱਕੀ ਸੀ ਸਹੁੰ

ਆਪਣੀ ਮਾਂ ਕੈਰੋਲ ਗਬਾਰਡ ਵਾਂਗ ਤੁਲਸੀ ਵੀ ਹਿੰਦੂ ਧਰਮ ਅਪਣਾ ਚੁੱਕੀ ਹੈ। ਲਗਾਤਾਰ ਚਾਰ ਵਾਰੀ ਹਵਾਈ ਸੂਬੇ ਤੋਂ ਸੰਸਦ ਮੈਂਬਰ ਗਬਾਰਡ ਨੇ ਪਹਿਲੀ ਵਾਰੀ ਸੰਸਦ ਮੈਂਬਰ ਚੁਣੇ ਜਾਣ ਦੇ ਬਾਅਦ ਹੱਥ 'ਚ ਗੀਤਾ ਲੈ ਕੇ ਸਹੁੰ ਚੁੱਕੀ ਸੀ। ਸਿਆਸਤ 'ਚ ਆਉਣ ਤੋਂ ਪਹਿਲਾਂ ਉਹ ਅਮਰੀਕੀ ਫ਼ੌਜ ਦਾ ਹਿੱਸਾ ਵੀ ਰਹੀ ਹੈ। ਉਹ 12 ਮਹੀਨੇ ਇਰਾਕ 'ਚ ਵੀ ਤਾਇਨਾਤ ਰਹਿ ਚੁੱਕੀ ਹੈ।

ਭਾਰਤੀਆਂ 'ਚ ਮਸ਼ਹੂਰ

ਗਬਾਰਡ ਭਾਵੇਂ ਭਾਰਤੀ ਮੂਲ ਦੀ ਨਹੀਂ ਹਨ ਪਰ ਉਹ ਭਾਰਤੀ-ਅਮਰੀਕੀ ਫਿਰਕੇ 'ਚ ਕਾਫੀ ਲੋਕਪਿ੍ਰਆ ਹਨ। ਉਹ ਅਮਰੀਕਾ ਅਤੇ ਭਾਰਤ ਦੇ ਮਜ਼ਬੂਤ ਰਿਸ਼ਤਿਆਂ ਨਾਲ ਹੀ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵੀ ਹਮਾਇਤੀ ਹਨ। ਉਨ੍ਹਾਂ ਨੇ ਪਾਕਿਸਤਾਨ ਨੂੰ ਦਿੱਤੀ ਜਾ ਰਹੀ ਵਿੱਤੀ ਮਦਦ 'ਚ ਕਟੌਤੀ ਕਰਨ ਦੀ ਵੀ ਹਮਾਇਤ ਕੀਤੀ ਸੀ। ਉਹ ਸੀਰੀਆ 'ਚ ਅਮਰੀਕੀ ਸਰਗਰਮੀਆਂ ਦੀ ਆਲੋਚਕ ਵੀ ਹਨ।

ਉਮੀਦਵਾਰੀ ਨੂੰ ਮਿਲੇਗੀ ਚੁਣੌਤੀ

ਡੈਮੋਕ੍ਰੇਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਬਣਨ ਲਈ ਗਬਾਰਡ ਨੂੰ ਮੁੱਢਲੀਆਂ ਚੋਣਾਂ 'ਚ ਜਿੱਤ ਹਾਸਲ ਕਰਨੀ ਪਵੇਗੀ। ਉਨ੍ਹਾਂ ਤੋਂ ਪਹਿਲਾਂ ਸੈਨੇਟਰ ਐਲਿਜ਼ਾਬੈੱਥ ਵਾਰੇਨ ਵੀ ਡੈਮੋਯੇਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਚੋਣ ਲਈ ਦਾਅਵੇਦਾਰੀ ਪੇਸ਼ ਕਰ ਚੁੱਕੀ ਹੈ। ਭਾਰਤੀ ਮੂਲ ਦੀ ਕਮਲਾ ਹੈਰਿਸ ਦੇ ਨਾਲ ਕਈ ਹੋਰ ਨੇਤਾ ਵੀ ਰਾਸ਼ਟਰਪਤੀ ਅਹੁਦੇ ਦੀ ਦੌੜ 'ਚ ਮੰਨੇ ਜਾ ਰਹੇ ਹਨ।

ਦੱਸਣਯੋਗ ਹੈ ਕਿ 2016 ਦੀਆਂ ਚੋਣਾਂ 'ਚ ਡੈਮੋਯੇਟਿਕ ਹਿਲੇਰੀ ਕਲਿੰਟਨ ਨੂੰ ਹਰਾ ਕੇ ਰਿਪਬਲਿਕਨ ਡੋਨਾਲਡ ਟਰੰਪ ਰਾਸ਼ਟਰਪਤੀ ਬਣੇ ਸਨ।