ਵਾਸ਼ਿੰਗਟਨ (ਏਜੰਸੀਆਂ) : ਅਮਰੀਕੀ ਹਵਾਈ ਫ਼ੌਜ ਦੇ ਜੋ ਜਹਾਜ਼ ਜ਼ਰੂਰੀ ਮੈਡੀਕਲ ਸਮੱਗਰੀ ਲੈ ਕੇ ਭਾਰਤ ਜਾਣ ਵਾਲੇ ਸਨ, ਉਨ੍ਹਾਂ ਦੀ ਉਡਾਣ 'ਚ ਬੁੱਧਵਾਰ ਤਕ ਦੀ ਦੇਰੀ ਹੋ ਗਈ ਹੈ। ਪੈਂਟਾਗਨ ਨੇ ਦੱਸਿਆ ਕਿ ਰੱਖਰਖਾਅ ਸਬੰਧੀ ਕਾਰਨਾਂ ਨਾਲ ਇਹ ਦੇਰੀ ਹੋਈ ਹੈ। ਹੁਣ ਤਕ ਅਮਰੀਕੀ ਹਵਾਈ ਫ਼ੌਜ ਨੇ ਸਿਰਫ ਦੋ ਜਹਾਜ਼ ਮੈਡੀਕਲ ਸਮੱਗਰੀ ਲੈ ਕੇ ਭਾਰਤ ਪੁੱਜੇ ਹਨ। ਹਵਾਈ ਫ਼ੌਜ ਦੇ ਤਿੰਨ ਸੀ-5 ਸੁਪਰ ਗਲੈਕਸੀ ਜਹਾਜ਼ਾਂ ਤੇ ਇਕ ਸੀ-17 ਗਲੋਬਮਾਸਟਰ ਨੇ ਸੋਮਵਾਰ ਨੂੰ ਭਾਰਤ ਰਵਾਨਾ ਹੋਣਾ ਸੀ ਪਰ ਇਹ ਜਹਾਜ਼ ਨਿਰਧਾਰਤ ਸਮੇਂ 'ਤੇ ਉਡਾਣ ਨਹੀਂ ਭਰ ਸਕੇ। ਹਾਲਾਂਕਿ, ਅਧਿਕਾਰੀਆਂ ਨੇ ਇਹ ਨਹੀਂ ਦੱਸਿਆ ਕਿ ਭਾਰਤ ਨੂੰ ਹੰਗਾਮੀ ਸਹਾਇਤਾ 'ਤੇ ਇਸ ਦਾ ਕਿਸ ਤਰ੍ਹਾਂ ਦਾ ਅਸਰ ਪਵੇਗਾ। ਇਸ ਤੋਂ ਪਹਿਲੇ ਦਿਨ ਪੈਂਟਾਗਨ ਦੇ ਪ੍ਰਰੈੱਸ ਸਕੱਤਰ ਜਾਨ ਕਿਰਬੀ ਨੇ ਪੱਤਰਕਾਰਾਂ ਨੂੰ ਦੱਸਿਆ ਸੀ ਕਿ ਅਮਰੀਕੀ ਜਹਾਜ਼ਾਂ ਰਾਹੀਂ ਭਾਰਤ 'ਚ ਮੈਡੀਕਲ ਸਮੱਗਰੀ ਦੀ ਸਪਲਾਈ ਜਾਰੀ ਰਹੇਗੀ। ਉਨ੍ਹਾਂ ਨੇ ਕਿਹਾ ਕਿ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਸੰਕਟ ਨਾਲ ਜੂਝ ਰਹੀ ਭਾਰਤ ਦੀ ਸਰਕਾਰ ਤੇ ਉਥੋਂ ਦੀ ਜਨਤਾ ਨੂੰ ਸਾਡੀ ਸਹਾਇਤਾ ਜਾਰੀ ਰਹੇਗੀ।

ਭਾਰਤੀ ਮੂਲ ਦੇ ਤਿੰਨ ਭਰਾ-ਭੈਣਾਂ ਨੇ 2.80 ਲੱਖ ਡਾਲਰ ਇਕੱਠੇ ਕੀਤੇ

ਕੋਰੋਨਾ ਨਾਲ ਲੜਾਈ 'ਚ ਭਾਰਤ ਦੀ ਮਦਦ ਲਈ ਭਾਰਤੀ ਮੂਲ ਦੇ ਤਿੰਨ ਭਰਾ-ਭੈਣਾਂ ਨੇ 2.80 ਲੱਖ ਡਾਲਰ (ਲਗਪਗ ਦੋ ਕਰੋੜ ਰੁਪਏ) ਇਕੱਠੇ ਕੀਤੇ ਹਨ। ਗ਼ੈਰ-ਲਾਭਕਾਰੀ ਸੰਗਠਨ ਲਿਟਲ ਮੈਂਟਰਸ ਦੇ ਸੰਸਥਾਪਕ ਤਿੰਨ ਭਰਾ-ਭੈਣਾਂ ਨੇ ਆਪਣੇ ਸਕੂਲੀ ਮਿੱਤਰਾਂ ਤੇ ਉਨ੍ਹਾਂ ਦੇ ਮਾਪਿਆਂ ਕੋਲ ਜਾ ਕੇ ਇਹ ਰਾਸ਼ੀ ਇਕੱਠੀ ਕੀਤੀ ਹੈ। ਇਸ ਰਾਸ਼ੀ ਦਾ ਇਸਤੇਮਾਲ ਉਹ ਭਾਰਤ ਲਈ ਆਕਸੀਜਨ ਕੰਸੰਟ੍ਰੇਟਰ ਤੇ ਵੈਂਟੀਲੇਟਰ ਦਾ ਇੰਤਜ਼ਾਮ ਕਰਨ 'ਚ ਕਰਨਗੇ। ਸਕੂਲ 'ਚ ਪੜ੍ਹਨ ਵਾਲੀ ਜ਼ੀਆ, ਕਰੀਨਾ ਤੇ ਅਰਮਾਨ ਗੁਪਤਾ ਨੇ ਕਿਹਾ ਕਿ ਸਾਡੀ ਅਪੀਲ ਸਿਰਫ ਏਨੀ ਹੈ ਕਿ ਕੰਮ ਤੋਂ ਬਾਅਦ ਇਨ੍ਹਾਂ ਉਪਕਰਨਾਂ ਨੂੰ ਮੋੜ ਦਿੱਤਾ ਜਾਵੇ ਤਾਂ ਇਹ ਹੋਰ ਮਰੀਜ਼ਾਂ ਦੇ ਕੰਮ ਆ ਸਕਣ।

ਸੰਸਦ ਮੈਂਬਰਾਂ ਨੇ ਵੈਕਸੀਨ ਭੇਜਣ ਦੀ ਯੋਜਨਾ ਦੀ ਮੰਗੀ ਜਾਣਕਾਰੀ

ਅਮਰੀਕੀ ਸੰਸਦ ਮੈਂਬਰਾਂ ਦੇ ਇਕ ਗਰੁੱਪ ਨੇ ਬਾਇਡਨ ਪ੍ਰਸ਼ਾਸਨ ਤੋਂ ਇਸ ਗੱਲ ਦੀ ਜਾਣਕਾਰੀ ਮੰਗੀ ਹੈ ਕਿ ਉਹ ਭਾਰਤ ਤੇ ਹੋਰ ਦੇਸ਼ਾਂ ਨੂੰ ਵੈਕਸੀਨ ਉਪਲੱਬਧ ਕਰਵਾਉਣ ਨੂੰ ਲੈ ਕੇ ਕਿਸ ਤਰ੍ਹਾਂ ਦੀ ਯੋਜਨਾ ਬਣਾ ਰਿਹਾ ਹੈ। ਵਿਦੇਸ਼ ਮੰਤਰੀ ਟੋਨੀ ਬਲਿੰਕਨ ਤੇ ਸਿਹਤ ਤੇ ਮਨੁੱਖੀ ਸੇਵਾ ਮੰਤਰੀ ਜੇਵੀਅਰ ਬੇਸੇਰਾ ਨੂੰ ਲਿਖੀ ਚਿੱਠੀ 'ਚ ਚਾਰ ਸੰਸਦ ਮੈਂਬਰਾਂ ਨੇ ਛੇ ਕਰੋੜ ਐਸਟ੍ਰਾਜ਼ੈਨਕਾ ਵੈਕਸੀਨ ਹੋਰ ਦੇਸ਼ਾਂ ਨੂੰ ਮੁਹੱਈਆ ਕਰਵਾਉਣ ਦੇ ਫ਼ੈਸਲੇ ਦਾ ਵੀ ਸਵਾਗਤ ਕੀਤਾ ਹੈ। ਅਮਰੀਕਾ ਇਨ੍ਹਾਂ ਟੀਕਿਆਂ ਦਾ ਇਸਤੇਮਾਲ ਆਪਣੇ ਇਥੇ ਨਹੀਂ ਕਰੇਗਾ। ਚਿੱਠੀ ਲਿਖਣ ਵਾਲੇ ਸੰਸਦਾਂ 'ਚ ਰਾਜਾ ਕ੍ਰਿਸ਼ਨਮੂਰਤੀ, ਕੈਰੋਲਿਨ ਮੈਲੋਨੀ, ਜੇਮਜ਼ ਕਲਾਏਬਰਨ ਤੇ ਸਟੀਫਨ ਸ਼ਾਮਲ ਹਨ।

ਮੈਕਾਏਵਾਏ ਨੇ ਕੀਤੀ ਮਦਦ ਦੀ ਅਪੀਲ

ਹਾਲੀਵੁੱਡ ਸਟਾਰ ਜੇਮਜ਼ ਮੈਕਾਏਵਾਏ ਨੇ ਆਪਣੇ ਪ੍ਰਸੰਸਕਾਂ ਨੂੰ ਕੋਰੋਨਾ ਵਾਇਰਸ ਮਹਾਮਾਰੀ ਦੀ ਦੂਜੀ ਲਹਿਰ ਦਾ ਸਾਹਮਣਾ ਕਰ ਰਹੇ ਭਾਰਤ ਦੀ ਮਦਦ ਦੀ ਅਪੀਲ ਕੀਤੀ ਹੈ। ਐਕਸ-ਮੈਨ ਤੇ ਅਨਬ੍ਰੇਕੇਬਲ ਦੇ ਪ੍ਰਸਿੱਧ ਅਦਾਕਾਰ ਨੇ ਇੰਸਟਾਗ੍ਰਾਮ 'ਤੇ ਕ੍ਰਾਊਂਡਫੰਡਿੰਗ ਮੁਹਿੰਮ ਸ਼ੁਰੂ ਕਰਨ ਦਾ ਐਲਾਨ ਕੀਤਾ। ਇਸ ਤੋਂ ਪ੍ਰਰਾਪਤ ਰਾਸ਼ੀ ਨਾਲ ਭਾਰਤ ਲਈ ਆਕਸੀਜਨ ਕੰਸੰਟ੍ਰੇਟਰ ਤੇ ਹੋਰ ਮੈਡੀਕਲ ਸਮੱਗਰੀਆਂ ਦੀ ਖ਼ਰੀਦ ਕੀਤੀ ਜਾਵੇਗੀ।

ਜੀਵਨ ਰੱਖਿਅਕ ਉਪਕਰਨ ਭੇਜੇਗਾ ਇਜ਼ਰਾਈਲ

ਕੋਰੋਨਾ ਵਾਇਰਸ ਨਾਲ ਲੜਾਈ 'ਚ ਮਦਦ ਲਈ ਇਜ਼ਰਾਈਲ ਜੀਵਨ ਰੱਖਿਅਕ ਉਪਕਰਨ ਪੂਰੇ ਇਕ ਹਫ਼ਤੇ ਤਕ ਭਾਰਤ ਭੇਜੇਗਾ। ਜੋ ਮੈਡੀਕਲ ਸਮੱਗਰੀ ਭੇਜੀ ਜਾਵੇਗੀ, ਉਨ੍ਹਾਂ 'ਚ ਆਕਸੀਜਨ ਜੈਨਰੇਟਰ ਤੇ ਸਾਹ ਸਬੰਧੀ ਯੰਤਰ ਸ਼ਾਮਲ ਹਨ। ਵਿਦੇਸ਼ ਮੰਤਰੀ ਗਬੀ ਅਸ਼ਕੇਨਾਜੀ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਭਾਰਤ ਇਜ਼ਰਾਈਲ ਦੇ ਸਭ ਤੋਂ ਕਰੀਬੀ ਤੇ ਮਹੱਤਵਪੂਰਨ ਮਿੱਤਰਾਂ 'ਚ ਸ਼ਾਮਲ ਹੈ। ਭਾਰਤ ਜਦੋਂ ਮੁਸ਼ਕਲ ਘੜੀ ਦਾ ਸਾਹਮਣਾ ਕਰ ਰਿਹਾ ਹੈ, ਅਜਿਹੇ 'ਚ ਅਸੀਂ ਉਨ੍ਹਾਂ ਨਾਲ ਖੜ੍ਹੇ ਹਨ। ਅਸੀਂ ਆਪਣੇ ਭਾਰਤੀ ਭਰਾਵਾਂ ਤੇ ਭੈਣਾਂ ਲਈ ਜੀਵਨ ਰੱਖਿਅਕ ਸਮੱਗਰੀ ਭੇਜਾਂਗੇ। ਉਨ੍ਹਾਂ ਨੇ ਕਿਹਾ ਕਿ ਭਾਰਤ ਤੇ ਇਜ਼ਰਾਈਲ ਵਿਚਾਲੇ ਰਣਨੀਤਕ ਭਾਈਵਾਲੀ ਹੈ। ਸਾਡਾ ਸਬੰਧ ਸਿਆਸੀ, ਸੁਰੱਖਿਆ ਤੇ ਆਰਥਿਕ ਮੁੱਦਿਆਂ ਤਕ ਫੈਲਿਆ ਹੋਇਆ ਹੈ।