ਜੇਐੱਨਐੱਨ, ਨਿਊਯਾਰਕ : ਦੇਸ਼ ਭਰ ਵਿਚ ਕਿਸੇ ਵੀ ਭਾਸ਼ਾ ਵਿਚ ਸਭ ਤੋਂ ਵੱਧ ਪੜ੍ਹੇ ਜਾਣ ਵਾਲੇ ਨੰਬਰ ਇਕ ਅਖ਼ਬਾਰ ਦੈਨਿਕ ਜਾਗਰਣ ਦੀ ਧਮਕ ਕੌਮਾਂਤਰੀ ਮੰਚ 'ਤੇ ਵੀ ਲਗਾਤਾਰ ਮਹਿਸੂਸ ਕੀਤੀ ਜਾ ਰਹੀ ਹੈ। ਇੰਟਰਨੈਸ਼ਨਲ ਨਿਊ ਮੀਡੀਆ ਐਸੋਸੀਏਸ਼ਨ (ਇਨਮਾ) ਨੇ ਇਸ ਸਾਲ ਲਈ ਆਪਣੇ ਪੁਰਸਕਾਰਾਂ ਦਾ ਐਲਾਨ ਕਰਦੇ ਹੋਏ ਦੈਨਿਕ ਜਾਗਰਣ ਨੂੰ 7 ਪੁਰਸਕਾਰਾਂ ਨਾਲ ਸਨਮਾਨਿਤ ਕੀਤਾ। ਇਸ ਸਾਲ ਫਿਰ ਤੋਂ ਦੱਖਣੀ ਏਸ਼ੀਆ ਦਾ ਸਰਬੋਤਮ ਅਖ਼ਬਾਰ ਹੋਣ ਦਾ ਖ਼ਿਤਾਬ ਵੀ ਦੈਨਿਕ ਜਾਗਰਣ ਦੇ ਨਾਂ ਰਿਹਾ। ਇਹ ਲਗਾਤਾਰ ਚੌਥੀ ਵਾਰ ਹੈ ਜਦੋਂ ਦੈਨਿਕ ਜਾਗਰਣ ਨੂੰ ਦੱਖਣੀ ਏਸ਼ੀਆ ਦੇ ਸਰਬੋਤਮ ਅਖ਼ਬਾਰ ਦਾ ਸਨਮਾਨ ਹਾਸਿਲ ਹੋਇਆ ਹੈ।

ਦੱਖਣੀ ਏਸ਼ੀਆ ਦੇ ਸਰਬੋਤਮ ਅਖ਼ਬਾਰ ਦੇ ਖ਼ਿਤਾਬ ਤੋਂ ਇਲਾਵਾ ਦੈਨਿਕ ਜਾਗਰਣ ਨੂੰ ਇਸ ਦੀਆਂ ਹੋਰ ਮੁਹਿੰਮਾਂ ਲਈ ਇਕ ਸੋਨੇ, ਦੋ ਚਾਂਦੀ ਅਤੇ ਤਿੰਨ ਵਿਸ਼ੇਸ਼ ਸਨਮਾਨਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਵਾਰ ਦੇ ਪੁਰਸਕਾਰਾਂ ਵਿਚ ਵਿਦਿਆਰਥੀਆਂ ਵਿਚ ਚੰਗੇ ਸੰਸਕਾਰਾਂ ਦੀ ਸਮਝ ਵਿਕਸਿਤ ਕਰਨ ਲਈ ਚਲਾਈ ਗਈ ਦੈਨਿਕ ਜਾਗਰਣ ਦੀ ਮੁਹਿੰਮ 'ਜਾਗਰਣ ਸੰਸਕਾਰਸ਼ਾਲਾ' ਨੂੰ ਦੱਖਣ ਏਸ਼ੀਆ ਦੀ ਸਰਬੋਤਮ ਮੁਹਿੰਮ ਮੰਨਿਆ ਗਿਆ ਅਤੇ ਇਸਨੂੰ ਸੋਨੇ ਦੇ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਇਸ ਮੁਹਿੰਮ ਨੇ 2 ਹੋਰ ਸ਼੍ਰੇਣੀਆਂ ਵਿਚ ਵਿਸ਼ੇਸ਼ ਸਨਮਾਨ ਆਪਣੇ ਨਾਂ ਕੀਤੇ।

ਦੇਸ਼ ਭਰ ਵਿਚ ਸਿਨੇਮਾ ਸਭਿਆਚਾਰ ਨੂੰ ਮਜ਼ਬੂਤੀ ਪ੍ਰਦਾਨ ਕਰਨ ਲਈ ਦੈਨਿਕ ਜਾਗਰਣ ਦੇ ਪ੍ਰੋਜੈਕਟ 'ਜਾਗਰਣ ਫਿਲਮ ਫੈਸਟੀਵਲ' ਅਤੇ ਸਮਾਜਿਕ ਮੁਹਿੰਮ 'ਆਧਾ ਗਿਲਾਸ ਪਾਨੀ' ਨੂੰ ਚਾਂਦੀ ਦੇ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ। 'ਆਧਾ ਗਿਲਾਸ ਪਾਨੀ' ਦੈਨਿਕ ਜਾਗਰਣ ਦੇ ਸੱਤ ਸਰੋਕਾਰਾਂ ਵਿੱਚੋਂ ਇਕ 'ਪਾਣੀ ਦੀ ਸਾਂਭ-ਸੰਭਾਲ' ਤਹਿਤ ਚਲਾਇਆ ਜਾ ਰਿਹਾ ਹੈ। 'ਕੈਸਿਨੋ ਗ੍ਰਾਂਡੇ' ਪ੍ਰੋਗਰਾਮ ਨੂੰ ਵੀ ਵਿਸ਼ੇਸ਼ ਸਨਮਾਨ ਪ੍ਰਾਪਤ ਹੋਇਆ। ਇਹ ਸਭ ਦੈਨਿਕ ਜਾਗਰਣ ਦੇ ਪਾਠਕਾਂ ਦੇ ਪਿਆਰ ਦੀ ਵਜ੍ਹਾ ਨਾਲ ਹੀ ਸੰਭਵ ਹੋ ਸਕਿਆ ਹੈ।

ਇੰਟਰਨੈਸ਼ਨਲ ਨਿਊ ਮੀਡੀਆ ਐਸੋਸੀਏਸ਼ਨ ਦੇ ਇਨ੍ਹਾਂ ਨਾਮੀ ਪੁਰਸਕਾਰਾਂ ਲਈ ਕਈ ਦੇਸ਼ਾਂ ਦੀਆਂ ਸੈਂਕੜੇ ਮੀਡੀਆ ਕੰਪਨੀਆਂ ਨੇ ਐਂਟਰੀਆਂ ਭੇਜੀਆਂ ਸਨ। ਇਨਮਾ 1935 ਤੋਂ ਮੀਡੀਆ ਇੰਡਸਟਰੀ ਵਿਚ ਬਿਹਤਰੀਨ ਕੰਮ ਨੂੰ ਸਨਮਾਨਿਤ ਕਰ ਰਹੀ ਹੈ।

Posted By: Susheel Khanna