ਜੇਐੱਨਐੱਨ, ਵਾਸ਼ਿੰਗਟਨ : ਅਮਰੀਕਾ 'ਚ COVID-19 ਨਾਲ ਘੱਟ ਤੋਂ ਘੱਟ 11 ਭਾਰਤੀਆਂ ਦੀ ਮੌਤ ਹੋ ਗਈ ਹੈ, ਜਦਕਿ ਇੱਥੇ ਯੂਪੀ ਤੇ ਉਤਰਾਖੰਡ ਦੇ ਰਹਿਣ ਵਾਲੇ 16 ਹੋਰ ਭਾਰਤੀਆਂ ਦੀ ਟੈਸਟ ਰਿਪੋਰਟ ਵੀ ਪੌਜ਼ਿਟਿਵ ਆਈ ਹੈ। ਇਸ ਖ਼ਤਰਨਾਕ ਵਾਇਰਸ ਦੀ ਲਪੇਟ 'ਚ ਆਉਣ ਨਾਲ ਹੁਣ ਤਕ 14,000 ਤੋਂ ਜ਼ਿਆਦਾ ਲੋਕਾਂ ਦੀ ਜਾਨ ਜਾ ਚੁੱਕੀ ਹੈ ਜਦਕਿ ਅਮਰੀਕਾ 'ਚ ਚਾਰ ਲੱਖ ਤੋਂ ਜ਼ਿਆਦਾ ਲੋਕ ਇਸ ਨਾਲ ਸੰਕ੍ਰਮਿਤ ਹਨ।

ਅਮਰੀਕਾ 'ਚ ਖ਼ਤਰਨਾਕ ਸੰਕ੍ਰਮਣ ਨਾਲ ਮਰਨ ਵਾਲੇ ਸਾਰੇ ਭਾਰਤੀ ਨਾਗਰਿਕ ਪੁਰਸ਼ ਹਨ, ਜਿਨ੍ਹਾਂ 'ਚ 10 ਨਿਊਯਾਰਕ ਤੇ ਨਿਊ ਜ਼ਰਸੀ ਖੇਤਰ ਦੇ ਹਨ। ਪੀੜਤਾਂ 'ਚ 4 ਨਿਊਯਾਰਕ ਸ਼ਹਿਰ 'ਚ ਟੈਕਸੀ ਚਾਲਕ ਦੱਸੇ ਜਾਂਦੇ ਹਨ।

ਨਿਊਯਾਰਕ ਸਿਟੀ ਇੱਥੇ COVID-19 ਦਾ ਉਪਕੇਂਦਰ ਮੰਨਿਆ ਜਾ ਰਿਹਾ ਹੈ ਤੇ ਇੱਥੇ ਹੁਣ ਤਕ 6,000 ਤੋਂ ਜ਼ਿਆਦਾ ਮੌਤਾਂ ਤੇ ਸੰਕ੍ਰਮਣ ਦੇ 1,38,000 ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ। ਨਿਊ ਜਰਸੀ 'ਚ 1,500 ਮੌਤਾਂ ਤੇ ਲਗਪਗ 48,000 ਮਾਮਲੇ ਸੰਕ੍ਰਮਣ ਹਨ।

ਇਕ ਭਾਰਤੀ ਨਾਗਰਿਕ ਦੀ ਕਥਿਤ ਤੌਰ 'ਤੇ ਫਲੋਰਿਡਾ 'ਚ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ। ਅਮਰੀਕਾ 'ਚ 16 ਭਾਰਤੀ ਹੋਰ ਕੋਰੋਨਾ ਵਾਇਰਸ ਸੰਕ੍ਰਮਿਤ ਪਾਏ ਗਏ ਹਨ, ਜਿਨ੍ਹਾਂ 'ਚ 4 ਔਰਤਾਂ ਵੀ ਸ਼ਾਮਲ ਹਨ ਜਿਨ੍ਹਾਂ ਦਾ ਕੋਰੋਨਾ ਵਾਇਰਸ ਟੈਸਟ ਪੌਜ਼ਿਟਿਵ ਆਇਆ ਹੈ। ਇਨ੍ਹਾਂ ਸਾਰੇ ਲੋਕਾਂ ਨੂੰ ਸੈਲਫ ਆਈਸੋਲੇਸ਼ਨ 'ਤੇ ਰੱਖਿਆ ਗਿਆ ਹੈ। ਇਨ੍ਹਾਂ ਲੋਕਾਂ 'ਚ 8 ਨਿਊਯਾਰਕ ਤੋਂ, ਤਿੰਨ ਨਿਊ ਜਰਸੀ ਤੋਂ ਤੇ ਬਾਕੀ ਟੈਕਸਾਸ ਤੇ ਕੈਲੀਫੋਰਨਿਆ ਵਰਗੇ ਸੂਬਿਆਂ ਤੋਂ ਹੈ। ਇਹ ਸਾਰੇ ਭਾਰਤੀ ਉਤਰਾਖੰਡ, ਮਹਾਰਾਸ਼ਟਰ, ਕਰਨਾਟਕ ਤੇ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਹਨ।

Posted By: Amita Verma