ਵਾਸ਼ਿੰਗਟਨ (ਪੀਟੀਆਈ) : ਐੱਚ1ਬੀ ਵੀਜ਼ਾ ’ਤੇ ਅਮਰੀਕਾ ਆਏ ਉਨ੍ਹਾਂ ਭਾਰਤੀ ਟੈੱਕ ਮੁਲਾਜ਼ਮਾਂ ਦੀ ਚਿੰਤਾ ਵਧਦੀ ਜਾ ਰਹੀ ਹੈ, ਜਿਨ੍ਹਾਂ ਦੀ ਨੌਕਰੀ ਛੁੱਟ ਗਈ ਹੈ। ਇਸ ਵੀਜ਼ਾ ’ਤੇ ਆਏ ਪੇਸ਼ੇਵਰਾਂ ਨੂੰ ਨੌਕਰੀ ਛੁੱਟਣ ਦੇ 60 ਦਿਨਾਂ ਦੇ ਅੰਦਰ ਅਮਰੀਕਾ ਛੱਡਣਾ ਪੈਂਦਾ ਹੈ। ਇਹੀ ਕਾਰਨ ਹੈ ਕਿ ਉਨ੍ਹਾਂ ਦੇ ਨਾਲ ਹੀ ਪਰਿਵਾਰ ਵਾਲਿਆਂ ਦੀ ਰਾਤਾਂ ਦੀ ਨੀਂਦ ਉੱਡ ਗਈ ਹੈ। ਅਮਰੀਕਾ ’ਚ ਪੈਦਾ ਹੋਏ ਉਨ੍ਹਾਂ ਦੇ ਬੱਚਿਆਂ ਨੂੰ ਵੀ ਉੱਥੋਂ ਜਾਣਾ ਪਵੇਗਾ।
ਫਾਊਂਡੇਸ਼ਨ ਫਾਰ ਇੰਡੀਆ ਐਂਡ ਇੰਡੀਅਨ ਡਾਇਸਪੋਰਾ ਸਟਡੀਜ਼ (ਐੱਫਆਈਆਈਡੀਐੱਸ) ਨੇ ਸ਼ੁੱਕਰਵਾਰ ਨੂੰ ਬਿਆਨ ਜਾਰੀ ਕਰ ਕੇ ਕਿਹਾ ਹੈ ਕਿ ਸਭ ਤੋਂ ਵੱਧ ਚਿੰਤਾ ਉਨ੍ਹਾਂ ਦੇ ਸਾਹਮਣੇ ਹੈ, ਜਿਨ੍ਹਾਂ ਕੋਲ ਬੇਹੱਦ ਘੱਟ ਸਮਾਂ ਬਚਿਆ ਹੈ। ਉਨ੍ਹਾਂ ਕਿਹਾ ਹੈ ਕਿ ਯੂਐੱਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਮੌਜੂਦਾ ਟਾਈਮ ਵਿੰਡੋ ਨੂੰ 180 ਦਿਨਾਂ ਤਕ ਵਧਾਉਣ ਦੀ ਉਨ੍ਹਾਂ ਦੀ ਅਪੀਲ ’ਤੇ ਵਿਚਾਰ ਕਰ ਰਹੀ ਹੈ। ਹਾਲਾਂਕਿ, ਇਸ ’ਚ ਸਮਾਂ ਲੱਗੇਗਾ। ਇਸ ਕਾਰਨ ਉਦੋਂ ਤਕ ਤੈਅ ਮਿਆਦ ਪੂਰੀ ਕਰਨ ਵਾਲੇ ਇਨ੍ਹਾਂ ਪੇਸ਼ੇਵਰਾਂ ਸਾਹਮਣੇ ਪਰਤਣ ਤੋਂ ਇਲਾਵਾ ਕੋਈ ਉਪਾਅ ਨਹੀਂ ਬਚੇਗਾ।
ਐੱਫਆਈਆਈਡੀਐੱਸ ਨੇ ਕਿਹਾ ਕਿ ਅਮਰੀਕਾ ’ਚ ਪਿਛਲੇ ਸਾਲ ਤੋਂ ਹੁਣ ਤਕ ਕਰੀਬ ਢਾਈ ਲੱਖ ਅਜਿਹੇ ਪੇਸ਼ੇਵਰਾਂ ਦੀ ਨੌਕਰੀ ਜਾ ਚੁੱਕੀ ਹੈ। ਇਹ ਗਿਣਤੀ ਹੋਰ ਵੀ ਵਧ ਸਕਦੀ ਹੈ, ਕਿਉਂਕਿ ਮੈਟਾ ਨੇ ਹਾਲ ਹੀ ’ਚ ਅਜਿਹੇ ਸੰਕੇਤ ਦਿੱਤੇ ਹਨ। ਇਨ੍ਹਾਂ ’ਚ ਵੱਡੀ ਗਿਣਤੀ ਭਾਰਤੀਆਂ ਦੀ ਹੈ। ਜੇਕਰ 60 ਦਿਨਾਂ ਦੇ ਅੰਦਰ ਉਨ੍ਹਾਂ ਨੂੰ ਕੋਈ ਹੋਰ ਨਿਯੁਕਤੀਕਰਤਾ ਨਹੀਂ ਮਿਲਦਾ, ਜੋ ਉਨ੍ਹਾਂ ਦਾ ਐੱਚ1ਬੀ ਵੀਜ਼ਾ ਫਾਈਲ ਕਰਦਾ ਹੈ, ਤਾਂ ਉਨ੍ਹਾਂ ਨੂੰ ਅਮਰੀਕਾ ਛੱਡਣ ਲਈ ਮਜਬੂਰ ਹੋਣਾ ਪਵੇਗਾ।
Posted By: Sandip Kaur