ਸੇਨ ਜੋਸ: ਮੱਧ ਅਮਰੀਕੀ ਦੇਸ਼ ਕੋਸਟਾ ਰਿਕਾ ਦੀ ਰਾਜਧਾਨੀ ਸੈਨ ਜੋਸ 'ਚ ਉਪ-ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਕੋਸਟਾ ਰਿਕਾ ਦੀ ਪ੍ਰੈਸੀਡੈਂਟ ਆਫ ਕਾਂਗਰਸ Carolina Hidalgo Herrera ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਦੋਵਾਂ ਦੇਸ਼ਾਂ ਦੇ ਆਗੂਆਂ ਨੇ ਦੁਵੱਲੀ ਸਬੰਧਾਂ 'ਤੇ ਚਰਚਾ ਕੀਤੀ। ਉਪ-ਰਾਸ਼ਟਰਪਤੀ ਨੇ ਇੱਥੇ ਭਾਰਤੀ ਭਾਈਚਾਰੇ ਦੇ ਲੋਕਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਸੰਬੋਧਤ ਵੀ ਕੀਤਾ।

ਉਪ-ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਅੱਤਵਾਦ ਦੇ ਮੁੱਦੇ 'ਤੇ ਪਾਕਿਸਤਾਨ ਦੀ ਆਲੋਚਨਾ ਕੀਤੀ। ਉਨ੍ਹਾਂ ਨੇ ਕਿਹਾ ਕਿ ਸਾਡਾ ਗੁਆਂਢੀ ਦੇਸ਼ ਅੱਤਵਾਦੀਆਂ ਨੂੰ ਸਹਾਇਤਾ ਦੇ ਰਿਹਾ ਹੈ। ਪਾਕਿਸਤਾਨ ਦੀ ਸ਼ਹਿ 'ਤੇ ਪੁਲਵਾਮਾ 'ਚ ਅੱਤਵਾਦੀਆਂ ਨੇ 14 ਫਰਵਰੀ ਨੂੰ ਸੀਆਰਪੀਐੱਫ ਜਵਾਨਾਂ 'ਤੇ ਹਮਲਾ ਕੀਤਾ ਜਿਸ 'ਚ 40 ਜਵਾਨ ਸ਼ਹੀਦ ਹੋ ਗਏ ਸਨ।

ਵੈਂਕਈਆ ਨਾਇਡੂ ਨੇ ਕਿਹਾ ਕਿ ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਭਾਰਤੀ ਹਵਾਈ ਫੌਜ ਨੇ ਪਾਕਿਸਤਾਨ 'ਚ ਦਾਖ਼ਲ ਹੋ ਕੇ ਅੱਤਵਾਦੀਆਂ ਦੇ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ। ਇਸ ਹਮਲੇ 'ਚ ਅੱਤਵਾਦੀਆਂ ਦਾ ਭਾਰੀ ਨੁਕਸਾਨ ਹੋਇਆ। ਏਅਰ ਸਟ੍ਰਾਈਕ ਤੋਂ ਬਾਅਦ ਸਾਡੇ ਜਵਾਨ ਬਿਨਾਂ ਕਿਸੇ ਪਰੇਸ਼ਾਨੀ ਤੋਂ 21 ਮਿੰਟਾਂ 'ਚ ਵਾਪਸ ਦੇਸ਼ ਆ ਗਏ।


ਉਪ-ਰਾਸ਼ਟਰਪਤੀ ਨੇ ਕਿਹਾ ਕਿ ਅੱਤਵਾਦ ਇਕੱਲੇ ਭਾਰਤ ਲਈ ਸਮੱਸਿਆ ਨਹੀਂ ਹੈ। ਇਹ ਅੰਤਰਰਾਸ਼ਟਰੀ ਮੁੱਦਾ ਹੈ ਅਤੇ ਪੂਰੀ ਦੁਨੀਆ ਇਸ ਨਾਲ ਪੀੜਤ ਹੈ। ਉਨ੍ਹਾਂ ਕਿਹਾ ਕਿ ਅੱਤਵਾਦ ਮਨੁੱਖਤਾ ਦਾ ਦੁਸ਼ਮਣ ਹੈ ਅਤੇ ਅੱਤਵਾਦੀਆਂ ਦਾ ਕੋਈ ਧਰਮ ਨਹੀਂ ਹੁੰਦਾ। ਕੋਈ ਵੀ ਧਰਮ ਜਿਵੇਂ ਹਿੰਦੂ, ਮੁਸਲਿਮ ਤੇ ਈਸਾਈ ਅੱਤਵਾਦ ਦਾ ਪ੍ਰਚਾਰ ਨਹੀਂ ਕਰਦੇ। ਅੱਤਵਾਦੀਆਂ ਖ਼ਿਲਾਫ਼ ਪੂਰੇ ਅੰਤਰਰਾਸ਼ਟਰੀ ਸਮੁਦਾਇ ਨੂੰ ਇਕੱਠੇ ਹੋਣਾ ਪਵੇਗਾ ਤਾਂ ਕਿ ਇਸ ਨੂੰ ਜੜ੍ਹੋਂ ਖ਼ਤਮ ਕੀਤਾ ਜਾ ਸਕੇ।


ਉਪ-ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਸ਼ਾਂਤੀ ਪਸੰਦ ਦੇਸ਼ ਹੈ। ਜਦੋਂ ਵੀ ਕਿਸੇ ਦੇਸ਼ ਨੇ ਸਾਡੇ 'ਤੇ ਹਮਲਾ ਕੀਤਾ ਉਦੋਂ ਵੀ ਅਸੀਂ ਸ਼ਾਂਤ ਰਹੇ ਕਿਉਂਕਿ ਸਾਡੇ ਲੋਕ ਵਸੂਧੇਵ ਕੁਟੰਬਕਮ 'ਚ ਵਿਸ਼ਵਾਸ ਕਰਦੇ ਹਨ ਜਿਸ ਦਾ ਅਰਥ ਹੈ ਪੂਰਾ ਵਿਸ਼ਵ ਇਕ ਪਰਿਵਾਰ ਹੈ। ਕੋਸਟਾ ਰਿਕਾ ਪਹੁੰਚਣ ਤੋਂ ਪਹਿਲਾਂ ਉਪ-ਰਾਸ਼ਟਰਪਤੀ ਨੇ ਪੈਰਾਗਵੇ ਦਾ ਦੌਰਾ ਕੀਤਾ। ਲੈਟਿਨ ਅਮਰੀਕੀ ਦੇਸ਼ ਪੈਰਾਗਵੇ ਅਤੇ ਭਾਰਤ ਨੇ ਅੱਤਵਾਦ ਖ਼ਿਲਾਫ਼ ਸਖ਼ਤ ਕਦਮ ਚੁੱਕਣ ਅਤੇ ਦੋਵਾਂ ਦੇਸ਼ਾਂ ਦਰਮਿਆਮ ਫੌਜੀ ਸਹਿਯੋਗ ਨੂੰ ਮਜ਼ਬੂਤ ਬਣਾਉਣ ਦਾ ਸੰਕਲਪ ਦੁਹਰਾਇਆ ਹੈ। ਪੈਰਾਗਵੇ ਨੇ ਕਿਹਾ ਕਿ ਭਾਰਤ ਦੀ ਅੱਤਵਾਦ ਖ਼ਿਲਾਫ਼ ਲੜਾਈ 'ਚ ਅਹਿਮ ਭੂਮਿਕਾ ਨਿਭਾਉਣੀ ਹੋਵੇਗੀ।

Posted By: Akash Deep