ਨਿਊਯਾਰਕ (ਆਈਏਐੱਨਐੱਸ) : ਕੋਰੋਨਾ ਵਾਇਰਸ 2003 ਵਿਚ ਵੀ ਫੈਲਿਆ ਸੀ ਪ੍ਰੰਤੂ ਉਸ ਸਮੇਂ ਏਨੀ ਹਾਹਾਕਾਰ ਨਹੀਂ ਮਚੀ ਜਦਕਿ ਸਾਰਸ ਕੋਵਿਡ-2 ਨਾਲ 2019 ਵਿਚ ਫੈਲੀ ਕੋਰੋਨਾ ਮਹਾਮਾਰੀ ਨੇ ਪੂਰੀ ਦੁਨੀਆ ਨੂੰ ਪ੍ਰਰੇਸ਼ਾਨ ਕਰ ਦਿੱਤਾ। ਇਸ ਲਈ ਖੋਜਕਰਤਾਵਾਂ ਦੀ ਇਹ ਸੁਭਾਵਿਕ ਇੱਛਾ ਹੋਈ ਕਿ ਇਸ ਵਾਰ ਆਖਿਰਕਾਰ ਅਜਿਹਾ ਕੀ ਰਿਹਾ ਕਿ ਕੋਰੋਨਾ ਵਾਇਰਸ ਦਾ ਇਨਫੈਕਸ਼ਨ ਏਨੀ ਜ਼ਿਆਦਾ ਘਾਤਕ ਹੋ ਗਈ। ਇਸ ਦਿਸ਼ਾ ਵਿਚ ਹੋਈ ਖੋਜ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਕੋਵਿਡ-19 ਵਾਇਰਸ ਵਿਚ ਪਾਏ ਜਾਣ ਵਾਲੇ ਪ੍ਰਰੋਟੀਨ ਦੇ 'ਸਰਗਰਮ' ਅਤੇ 'ਨਿਰਜੀਵ' ਹੋਣ ਦੀ ਗਤੀਸ਼ੀਲਤਾ ਵਿਚ ਅਲੱਗ ਕਿਸਮ ਦੀ ਸੁਸਤੀ ਰਹੀ। ਮੋਲੀਕਿਊਲ ਦੇ ਇਸੇ ਬਦਲਾਅ ਦੀ ਗਤੀ ਕਾਰਨ ਇਸ ਵਾਰ ਕੋਰੋਨਾ ਦਾ ਕਾਰਕ ਰਿਹਾ ਸਾਰਸ ਕੋਵਿਡ-2 ਪਿਛਲੀ ਵਾਰ ਦੇ ਸਾਰਸ ਕੋਵਿਡ-1 ਤੋਂ ਜ਼ਿਆਦਾ ਘਾਤਕ ਹੋ ਗਿਆ। ਇਸ ਵਿਸ਼ੇ 'ਤੇ ਖੋਜ ਕਰਨ ਵਾਲਿਆਂ ਵਿਚ ਭਾਰਤੀ ਮੂੁਲ ਦੇ ਵਿਗਿਆਨੀ ਵਿਵੇਕ ਗੋਵਿੰਦ ਕੁਮਾਰ ਵੀ ਸ਼ਾਮਲ ਰਹੇ। ਅਰਕੰਸਾਸ ਯੂਨੀਵਰਸਿਟੀ ਦੇ ਇਕ ਖੋਜਕਰਤਾ ਮਹਿਮੂਦ ਮੋਰਾਦੀ ਦੱਸਦੇ ਹਨ ਕਿ ਸਾਰਸ ਕੋਵਿਡ-1 ਅਤੇ ਸਾਰਸ ਕੋਵਿਡ-2 ਸਮੇਂ ਦੇ ਨਾਲ ਪੂਰੀ ਤਰ੍ਹਾਂ ਬਦਲ ਗਿਆ ਹੈ। ਸਾਰਸ ਕੋਵਿਡ-1 ਜ਼ਿਆਦਾ ਤੇਜ਼ੀ ਨਾਲ ਸਰਗਰਮ ਅਤੇ ਖ਼ਤਮ ਹੁੰਦਾ ਸੀ ਜਿਸ ਨਾਲ ਉਸ ਨੂੰ ਮਨੁੱਖੀ ਸੈੱਲਾਂ ਨਾਲ ਚਿੰਬੜਨ ਲਈ ਲੋੜੀਂਦਾ ਸਮਾਂ ਨਹੀਂ ਮਿਲ ਪਾਉਂਦਾ ਸੀ ਜਦਕਿ ਸਾਰਸ ਕੋਵਿਡ-2 ਜ਼ਿਆਦਾ ਸਥਿਰ ਅਤੇ ਹਮਲਾ ਕਰਨ ਦੀ ਸਥਿਤੀ ਵਿਚ ਹੁੰਦਾ ਹੈ।

ਖੋਜਕਰਤਾ ਦੱਸਦੇ ਹਨ ਕਿ ਕੋਰੋਨਾ ਇਨਫੈਕਸ਼ਨ ਦੇ ਪਹਿਲੇ ਪੜਾਅ ਵਿਚ ਵਾਇਰਸ ਮਨੁੱਖੀ ਸੈੱਲਾਂ ਵਿਚ ਦਾਖਲ ਹੁੰਦਾ ਹੈ। ਇਸ ਲਈ ਸਾਰਸ ਕੋਰੋਨਾ ਵਾਇਰਸ ਦੇ ਬਾਹਰੀ ਹਿੱਸੇ ਵਿਚ ਸਪਾਈਕ ਪ੍ਰਰੋਟੀਨ ਦੀ ਸਥਿਤੀ ਵਿਚ ਬਦਲਾਅ ਜ਼ਰੂਰੀ ਹੁੰਦਾ ਹੈ। ਵਿਗਿਆਨੀ ਸਾਰਸ ਕੋਰੋਨਾ ਵਾਇਰਸ-1 ਅਤੇ ਸਾਰਸ ਕੋਰੋਨਾ ਵਾਇਰਸ-2 ਦੇ ਸਪਾਈਕ ਪ੍ਰਰੋਟੀਨ ਦੇ ਸਰਗਰਮ ਅਤੇ ਖ਼ਤਮ ਹੋਣ ਦੇ ਬਾਰੇ ਵਿਚ ਤਾਂ ਜਾਣਦੇ ਹਨ ਪ੍ਰੰਤੂ ਖੋਜਕਰਤਾਵਾਂ ਦੀ ਇਹ ਟੀਮ ਇਸ ਗੱਲ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਸਥਿਤੀ ਵਿਚ ਬਦਲਾਅ ਕਿਸ ਤਰ੍ਹਾਂ ਨਾਲ ਹੁੰਦਾ ਹੈ। 65ਵੇਂ ਸਾਲਾਨਾ ਬਾਇਓਫਿਜ਼ੀਕਲ ਸੁਸਾਇਟੀ ਦੀ ਬੈਠਕ ਵਿਚ ਪੇਸ਼ ਅਧਿਐਨ ਨਤੀਜੇ ਵਿਚ ਟੀਮ ਨੇ ਮੋਲੀਕਿਊਲਰ ਅਨੁਕਰਨ ਦੇ ਬਾਰੇ ਵਿਚ ਵੇਰਵੇ ਪੇਸ਼ ਕੀਤੇ। ਮੋਰਾਦੀ ਦਾ ਕਹਿਣਾ ਹੈ ਕਿ ਇਸ ਖੋਜ ਦਾ ਇਕ ਅਹਿਮ ਪਹਿਲੂ ਇਹ ਹੈ ਕਿ ਅਸੀਂ ਇਲਾਜ ਦਾ ਇਕ ਅਜਿਹਾ ਤਰੀਕਾ ਵਿਕਸਿਤ ਕਰ ਸਕਦੇ ਹਾਂ ਜਿਸ ਨਾਲ ਕਿ ਵਾਇਰਸ ਦੇ ਖ਼ਤਮ ਹੋਣ ਦੀ ਸਥਿਤੀ ਨੂੰ ਜ਼ਿਆਦਾ ਸਮੇਂ ਤਕ ਸਥਿਰ ਰੱਖ ਸਕਦੇ ਹਾਂ। ਇਸ ਤਰੀਕੇ ਨਾਲ ਅਸੀਂ ਸਾਰਸ ਕੋਰੋਨਾ ਵਾਇਰਸ-2 ਨੂੰ ਖ਼ਤਮ ਕਰ ਸਕਦੇ ਹਾਂ ਪ੍ਰੰਤੂ ਇਹ ਰਣਨੀਤੀ ਅਜੇ ਤਕ ਅਮਲ ਵਿਚ ਨਹੀਂ ਲਿਆਈ ਜਾ ਸਕੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਵਾਇਰਸ ਵਿਚ ਇਸ ਤਰ੍ਹਾਂ ਦੇ ਬਦਲਾਅ ਨੂੰ ਜਾਣ ਕੇ ਸਾਰਸ ਕੋਰੋਨਾ-2 ਦੇ ਮਿਊਟੇਸ਼ਨ ਦਾ ਵੀ ਅੰਦਾਜ਼ਾ ਲਗਾ ਸਕਦੇ ਹਾਂ ਕਿ ਬਦਲੇ ਰੂਪ ਵਾਲਾ ਵਾਇਰਸ ਦਾ ਇਨਫੈਕਸ਼ਨ ਅਤੇ ਉਸ ਦੇ ਫੈਲਣ ਦੀ ਕੀ ਸਥਿਤੀ ਹੋ ਸਕਦੀ ਹੈ।