ਵਾਸ਼ਿੰਗਟਨ (ਪੀਟੀਆਈ) : ਅਮਰੀਕਾ 'ਚ ਕੋਰੋਨਾ ਨਾਲ ਮਰਨ ਵਾਲਿਆਂ ਦਾ ਅੰਕੜਾ ਪੰਜ ਲੱਖ ਨੂੰ ਪਾਰ ਕਰ ਗਿਆ। ਪੂਰੇ ਅਮਰੀਕਾ 'ਚ ਮਰਨ ਵਾਲਿਆਂ ਦੀ ਗਿਣਤੀ ਨੂੰ ਲੈ ਕੇ ਸ਼ੋਕ ਦੀ ਲਹਿਰ ਹੈ। ਵ੍ਹਾਈਟ ਹਾਊਸ 'ਚ ਪੰਜ ਸੌ ਮੋਮਬੱਤੀਆਂ ਜਗਾ ਕੇ ਸ਼ੋਕ ਮਨਾਇਆ ਗਿਆ। ਸਾਰੀਆਂ ਸਰਕਾਰੀ ਇਮਾਰਤਾਂ 'ਤੇ ਪੰਜ ਦਿਨ ਲਈ ਝੰਡੇ ਝੁਕਾ ਦਿੱਤੇ ਗਏ।

ਵ੍ਹਾਈਟ ਹਾਊਸ 'ਚ ਮਰਨ ਵਾਲਿਆਂ ਦੀ ਯਾਦ 'ਚ ਮੋਮਬੱਤੀਆਂ ਜਗਾ ਕੇ ਹੋਏ ਪ੍ਰਰੋਗਰਾਮ 'ਚ ਰਾਸ਼ਟਰਪਤੀ ਜੋਅ ਬਾਇਡਨ ਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਵੀ ਹਾਜ਼ਰ ਸੀ। ਇਸ ਮੌਕੇ ਜੋਅ ਬਾਇਡਨ ਨੇ ਕਿਹਾ ਕਿ ਇਹ ਇਕ ਦਿਲ ਦੁਖਾਉਣ ਵਾਲਾ ਮੌਕਾ ਹੈ। ਇਸ ਮਹਾਮਾਰੀ 'ਚ ਕਈ ਲੋਕ ਆਪਣਿਆਂ ਤੋਂ ਵਿਛੜ ਗਏ ਹਨ।

ਬਕੌਲ ਬਾਇਡਨ, ਹੁਣ ਇਸ ਮੁੱਦੇ 'ਤੇ ਸਾਨੂੰ ਰਾਜਨੀਤੀ ਨੂੁੰ ਖ਼ਤਮ ਕਰਨਾ ਚਾਹੀਦਾ ਹੈ। ਗਲਤ ਸੂਚਨਾਵਾਂ 'ਤੇ ਰੋਕ ਲਾ ਕੇ ਆਪਣੇ ਪਰਿਵਾਰ, ਭਾਈਚਾਰੇ ਤੇ ਦੇਸ਼ ਨੂੰ ਵੰਡਣ ਤੋਂ ਬਚਾਉਣਾ ਚਾਹੀਦਾ ਹੈ।

ਬਾਇਡਨ ਨੇ ਕਿਹਾ ਕਿ ਇਹ ਦੁੱਖ ਦੀ ਗੱਲ ਹੈ ਕਿ ਜਿੰਨੇ ਲੋਕ ਪਹਿਲੇ ਦੇ ਦੂਜੇ ਵਿਸ਼ਵ ਯੁੱਧ 'ਚ ਵੀ ਨਹੀਂ ਮਾਰੇ ਗਏ, ਉਸ ਤੋਂ ਵੱਧ ਲੋਕਾਂ ਨੂੰ ਇਸ ਮਹਾਮਾਰੀ ਨੇ ਸਾਡੇ ਕੋਲੋਂ ਹਮੇਸ਼ਾ ਲਈ ਖੋਹ ਲਿਆ। ਅਸੀਂ ਦੁਨੀਆ 'ਚ ਸਭ ਤੋਂ ਵੱਧ ਲੋਕਾਂ ਨੂੰ ਗੁਆਇਆ। ਮਹਾਮਾਰੀ 'ਚ ਮਾਰੇ ਗਏ ਲੋਕਾਂ 'ਚੋਂ 19 ਫ਼ੀਸਦੀ ਅਮਰੀਕਾ 'ਚ ਹੀ ਮਾਰੇ ਗਏ।

ਜ਼ਿਕਰਯੋਗ ਹੈ ਕਿ ਅਮਰੀਕਾ 'ਚ ਪਹਿਲੇ ਵਿਸ਼ਵ ਯੁੱਧ 'ਚ ਚਾਰ ਲੱਖ ਪੰਜ ਹਜ਼ਾਰ, ਦੂਜੇ ਵਿਸ਼ਵ ਯੁੱਧ 'ਚ 58 ਹਜ਼ਾਰ ਤੇ ਵਿਅਤਨਾਮ ਤੇ ਕੋਰੀਆ ਯੁੱਧ 'ਚ 36 ਹਜ਼ਾਰ ਲੋਕ ਮਾਰੇ ਗਏ ਸਨ। ਵ੍ਹਾਈਟ ਹਾਊਸ ਦੇ ਬੁਲਾਰੇ ਜੇਨ ਸਾਕੀ ਨੇ ਦੱਸਿਆ ਕਿ ਅਮਰੀਕਾ 'ਚ ਇਸ ਮੌਕੇ ਸਾਰੀਆਂ ਸਰਕਾਰੀ ਇਮਾਰਤਾਂ 'ਤੇ ਝੰਡੇ ਅੱਧੇ ਝੁਕਾ ਦਿੱਤੇ ਗਏ ਹਨ। ਇਸ ਸਬੰਧੀ ਆਦੇਸ਼ ਰਾਸ਼ਟਰਪਤੀ ਜੋਅ ਬਾਇਡਨ ਨੇ ਪਹਿਲਾਂ ਹੀ ਜਾਰੀ ਕਰ ਦਿੱਤਾ ਸੀ। ਸਰਕਾਰੀ ਇਮਾਰਤਾਂ 'ਤੇ ਇਹ ਝੰਡੇ ਪੰਜ ਦਿਨ ਤਕ ਝੁਕੇ ਰਹਿਣਗੇ।

ਭਾਰਤ ਨਾਲ ਸਿਹਤ ਸਮਝੌਤਾ ਕਰੇਗਾ ਅਮਰੀਕਾ

ਅਮਰੀਕਾ ਨੇ ਕਿਹਾ ਕਿ ਉਹ ਭਾਰਤ ਨਾਲ ਸਿਹਤ ਸਬੰਧੀ ਸਮਝੌਤਾ ਕਰੇਗਾ। ਇਸ ਸਮਝੌਤੇ ਤਹਿਤ ਦੋਵਾਂ ਦੇਸ਼ਾਂ ਵਿਚਾਲੇ ਕੋਰੋਨਾ ਮਹਾਮਾਰੀ 'ਚ ਸਿਹਤ ਤੇ ਬਾਇਓ-ਮੈਡੀਕਲ ਰਿਸਰਚ 'ਤੇ ਕੰਮ ਕੀਤਾ ਜਾਵੇਗਾ।

ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇਡ ਪ੍ਰਰਾਈਸ ਨੇ ਦੱਸਿਆ ਕਿ ਇਸ ਸਮਝੌਤੇ ਤਹਿਤ ਕੋਰੋਨਾ ਤੋਂ ਬਾਅਦ ਵੀ ਇਸ ਤਰ੍ਹਾਂ ਦੀ ਮਹਾਮਾਰੀ ਨਾਲ ਲੜਨ ਲਈ ਸਾਧਨਾਂ ਤੇ ਖੋਜ ਦਾ ਕੰਮ ਕੀਤਾ ਜਾਵੇਗਾ। ਇਸ ਸਮਝੌਤੇ ਤਹਿਤ ਦਵਾਈਆਂ ਤੇ ਸਾਜੋ-ਸਾਮਾਨ ਦੇ ਨਿਰਮਾਣ ਦੀ ਵੀ ਗੱਲ ਹੈ।

Posted By: Susheel Khanna