ਵਾਸ਼ਿੰਗਟਨ (ਪੀਟੀਆਈ) : ਚੀਨ 'ਤੇ ਨਜ਼ਰ ਤੇ ਹਿੰਦ-ਪ੍ਰਸ਼ਾਤ ਇਲਾਕੇ 'ਚ ਸ਼ਾਂਤੀ ਤੇ ਕਾਨੂੰਨ ਦਾ ਰਾਜ ਕਾਇਮ ਰੱਖਣ ਤਹਿਤ ਸਿਖਰਲੀ ਅਮਰੀਕੀ ਕਾਂਗਰਸ ਕਮੇਟੀ ਇਲਾਕੇ ਦੇ ਤਿੰਨ ਜਮਹੂਰੀ ਦੇਸ਼ਾਂ ਭਾਰਤ, ਜਾਪਾਨ ਤੇ ਦੱਖਣੀ ਕੋਰੀਆ ਨੂੰ ਖੁਫ਼ੀਆ ਸਾਂਝੇਦਾਰੀ ਲਈ 'ਫਾਈਵ ਆਈ' ਤਹਿਤ ਲਿਆਉਣਾ ਚਾਹੁੰਦੀ ਹੈ।

'ਫਾਈਵ ਆਈ' ਇਕ ਗੱਠਜੋੜ ਹੈ, ਜਿਸ 'ਚ ਆਸਟ੍ਰੇਲੀਆ, ਕੈਨੇਡਾ, ਨਿਊਜ਼ੀਲੈਂਡ, ਬਰਤਾਨੀਆ ਤੇ ਅਮਰੀਕਾ ਸ਼ਾਮਲ ਹੈ। ਗੱਠਜੋੜ ਦੇ ਪੰਜ ਦੇਸ਼ ਆਪਸ 'ਚ ਖੁਫੀਆ ਸੂਚਨਾਵਾਂ ਸਾਂਝਾ ਕਰਦੇ ਹਨ। ਭੇਤ 'ਤੇ ਸਦਨ ਦੀ ਸਥਾਈ ਕਮੇਟੀ ਦੇ ਪ੍ਰਧਾਨ ਸੰਸਦ ਮੈਂਬਰ ਐਡਮ ਸਚੀਫ ਨੇ ਵੀਰਵਾਰ ਨੂੰ ਪ੍ਰਤੀਨਿਧ ਸਭਾ ਨੂੰ ਸੌਂਪੀ ਆਪਣੀ ਰਿਪੋਰਟ 'ਚ ਕਿਹਾ ਹੈ ਕਿ ਭਾਰਤ, ਜਾਪਾਨ ਤੇ ਦੱਖਣੀ ਕੋਰੀਆ ਦੇ ਮਾਮਲੇ ਨੂੰ ਫਾਈਵ ਆਈ ਤਹਿਤ ਲਿਆਂਦਾ ਜਾਵੇ ਤਾਂ ਕਿ ਹਿੰਦ ਪ੍ਰਸ਼ਾਤ ਇਲਾਕੇ 'ਚ ਸ਼ਾਂਤੀ ਤੇ ਕਾਨੂੰਨ ਦਾ ਰਾਜ ਕਾਇਮ ਰਹੇ।

ਸਚੀਫ ਨੇ ਕਿਹਾ, 'ਰੱਖਿਆ ਮੰਤਰੀ ਤਹਿਤ ਖੁਫ਼ੀਆ ਮਾਮਲਿਆਂ ਦੀ ਕਮੇਟੀ ਓਡੀਐੱਨਆਈ ਨਾਲ ਮਿਲ ਕੇ ਕਾਂਗਰਸ ਦੀਆਂ ਖੁਫੀਆ ਤੇ ਰੱਖਿਆ ਕਮੇਟੀਆਂ ਨੂੰ ਕਾਨੂੰਨ ਲਾਗੂ ਹੋਣ ਦੇ 60 ਦਿਨ ਦੇ ਅੰਦਰ ਭਾਰਤ, ਜਾਪਾਨ ਤੇ ਦੱਖਣੀ ਕੋਰੀਆ ਤੇ ਫਾਈਵ ਆਈ ਦੇ ਸਹਿਯੋਗੀਆਂ ਵਿਚਾਲੇ ਸੂਚਨਾਵਾਂ ਦੇ ਲੈਣ-ਦੇਣ ਦੇ ਲਾਭ, ਚੁਣੌਤੀਆਂ ਤੇ ਸੂਚਨਾ-ਸਾਂਝੇਦਾਰੀ ਤੰਤਰ ਦੇ ਦਾਇਰੇ ਦੇ ਵਿਸਥਾਰ ਦੇ ਜੋਖ਼ਮ ਆਦਿ ਤੋਂ ਜਾਣੂ ਕਰਵਾਏਗੀ'।

ਪਿਛਲੇ ਹਫ਼ਤੇ ਤਕ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਖ਼ਿਲਾਫ਼ ਮਹਾਦੋਸ਼ ਦੀ ਪ੍ਰਕਿਰਿਆ 'ਚ ਰੁੱਝੇ ਰਹੇ ਸਚੀਫ ਨੇ 2018, 2019 ਤੇ 2020 ਲਈ ਖੁਫ਼ੀਆ ਅਥਾਰਿਟੀ ਤੌਰ-ਤਰੀਕਿਆਂ 'ਤੇ ਆਪਣੇ ਬਿਆਨ 'ਚ ਇਹ ਗੱਲ ਕਹੀ ਹੈ। ਰਿਪੋਰਟ 'ਚ ਭਾਰਤ, ਜਾਪਾਨ ਤੇ ਦੱਖਣੀ ਕੋਰੀਆ ਨਾਂ ਇਕ ਉਪਖੰਡ 'ਚ ਕਮੇਟੀ ਨੇ ਕਿਹਾ ਹੈ ਕਿ ਕੌਮਾਂਤਰੀ ਗੱਠਜੋੜ ਤੇ ਸਾਂਝੇਦਾਰੀ ਅਮਰੀਕਾ ਦੇ ਕੌਮੀ ਸੁਰੱਖਿਆ ਟੀਚਿਆਂ ਨੂੰ ਅੱਗੇ ਵਧਾਉਣ ਤੇ ਬਣਾਈ ਰੱਖਣ ਲਈ ਅਹਿਮ ਹਨ।