ਵਾਸ਼ਿੰਗਟਨ (ਪੀਟੀਆਈ) : ਅਮਰੀਕਾ ਦੀ ਖ਼ੁਫ਼ੀਆ ਏਜੰਸੀ ਸੀਆਈਏ ਨੇ ਇਕ ਸਵਿਸ ਕੰਪਨੀ ਜ਼ਰੀਏ ਭਾਰਤ ਸਮੇਤ ਦੁਨੀਆ ਦੇ ਤਮਾਮ ਦੇਸ਼ਾਂ ਦੇ ਗੁਪਤ ਸੰਦੇਸ਼ਾਂ ਨੂੰ ਦਹਾਕਿਆਂ ਤਕ ਪੜਿ੍ਆ ਤੇ ਅਮਰੀਕੀ ਨੀਤੀ ਤੈਅ ਕਰਨ 'ਚ ਸਹਾਇਤਾ ਦਿੱਤੀ। ਸਵਿਟਜ਼ਰਲੈਂਡ ਦੀ ਇਸ ਕੰਪਨੀ 'ਤੇ ਦੁਨੀਆ ਨੂੰ ਪੂਰਾ ਭਰੋਸਾ ਸੀ ਪਰ ਅਸਲ ਵਿਚ ਇਸ ਕੰਪਨੀ ਵਿਚ ਸੀਆਈਏ ਦੀ ਭਾਈਵਾਲੀ ਸੀ। ਇਹ ਜਾਣਕਾਰੀ ਅਮਰੀਕੀ ਅਖ਼ਬਾਰ ਵਾਸ਼ਿੰਗਟਨ ਪੋਸਟ ਤੇ ਜਰਮਨੀ ਦੀ ਸਰਕਾਰੀ ਖ਼ਬਰ ਏਜੰਸੀ ਜ਼ੈੱਡਡੀਐੱਫ ਵਿਚ ਪ੍ਰਕਾਸ਼ਿਤ ਰਿਪੋਰਟ ਵਿਚ ਸਾਹਮਣੇ ਆਈ ਹੈ। ਭਾਰਤ ਸਰਕਾਰ ਨੇ ਇਸ ਰਿਪੋਰਟ 'ਤੇ ਫਿਲਹਾਲ ਕੋਈ ਪ੍ਰਤੀਕਿਰਿਆ ਪ੍ਰਗਟ ਨਹੀਂ ਕੀਤੀ ਹੈ।

ਕ੍ਰਿਪਟੋ ਏਜੀ ਨਾਂ ਦੀ ਸਵਿਸ ਕੰਪਨੀ ਨਾਲ ਸਾਲ 1951 ਵਿਚ ਸੀਆਈਏ (ਸੈਂਟਰਲ ਇੰਟੈਲੀਜੈਂਸ ਏਜੰਸੀ) ਦਾ ਸਮਝੌਤਾ ਹੋਇਆ ਤੇ ਇਹ 1970 ਤੋਂ ਬਾਅਦ ਤਕ ਚੱਲਿਆ। ਦੋਵੇਂ ਸਮਾਚਾਰ ਸਮੂਹ ਸੀਆਈਏ ਦੀਆਂ ਗੁਪਤ ਕਾਰਵਾਈਆਂ 'ਤੇ ਆਧਾਰਿਤ ਖੋਜ ਪੂਰਨ ਸਾਂਝੀ ਮੁਹਿੰਮ ਚਲਾ ਰਹੇ ਹਨ। ਇਸ ਮੁਹਿੰਮ ਵਿਚ ਦੱਸਿਆ ਜਾ ਹਿਾ ਹੈ ਕਿ ਕਿਸ ਤਰ੍ਹਾਂ ਅਮਰੀਕਾ ਤੇ ਉਸ ਦੇ ਸਹਿਯੋਗੀ ਦੇਸ਼ ਦੁਨੀਆ ਦੇ ਦੇਸ਼ਾਂ ਤੋਂ ਧਨ ਲੈਂਦੇ ਸਨ ਤੇ ਉਨ੍ਹਾਂ ਦੀਆਂ ਸੂਚਨਾਵਾਂ ਚੋਰੀ ਕਰ ਕੇ ਉਨ੍ਹਾਂ ਦਾ ਫ਼ਾਇਦਾ ਲੈਂਦੇ ਸਨ। ਕ੍ਰਿਪਟੋ ਏਜੀ ਦਾ ਗਠਨ 1940 ਵਿਚ ਸੰਵਾਦ ਤੇ ਸੂਚਨਾਵਾਂ ਦੀ ਸੁਰੱਖਿਆ ਲਈ ਇਕ ਆਜ਼ਾਦ ਸੰਸਥਾ ਦੇ ਤੌਰ 'ਤੇ ਹੋਇਆ ਸੀ ਪਰ ਬਾਅਦ ਵਿਚ ਇਸ ਨੇ ਆਪਣੀ ਭੂਮਿਕਾ ਬਦਲ ਲਈ।

ਰਿਪੋਰਟ ਅਨੁਸਾਰ ਸੰਕੇਤਕ ਭਾਸ਼ਾ ਵਿਚ ਹੋਣ ਵਾਲੇ ਸੰਵਾਦ ਲਈ ਉਪਕਰਨ ਬਣਾਉਣ ਵਾਲੀ ਕ੍ਰਿਪਟੋ ਏਜੀ ਨੇ ਸੀਆਈਏ ਨਾਲ ਹੱਥ ਮਿਲਾ ਕੇ ਆਪਣੇ ਗਾਹਕ ਦੇਸ਼ਾਂ ਨਾਲ ਵਿਸ਼ਵਾਸਘਾਤ ਕੀਤਾ। ਕਰੀਬ 50 ਸਾਲ ਤਕ ਦੁਨੀਆ ਦੇ ਤਮਾਮ ਦੇਸ਼ਾਂ ਦੀਆਂ ਸਰਕਾਰਾਂ ਆਪਣੇ ਜਾਸੂਸਾਂ, ਫ਼ੌਜਾਂ ਤੇ ਕੂਟਨੀਤਕਾਂ ਨਾਲ ਹੋਣ ਵਾਲੇ ਸੰਵਾਦ ਲਈ ਕ੍ਰਿਪਟੋ ਏਜੀ 'ਤੇ ਨਿਰਭਰ ਸਨ ਤੇ ਉਸ 'ਤੇ ਵਿਸ਼ਵਾਸ ਕਰਦੀਆਂ ਸਨ। ਕੰਪਨੀ ਦੇ ਗਾਹਕਾਂ ਵਿਚ ਲਾਤੀਨੀ ਅਮਰੀਕੀ ਦੇਸ਼, ਭਾਰਤ, ਪਾਕਿਸਤਾਨ, ਈਰਾਨ ਤੇ ਵੈਟੀਕਨ ਵੀ ਸਨ। ਇਨ੍ਹਾਂ ਸਾਰਿਆਂ ਦੇਸ਼ਾਂ ਨੂੰ ਕਦੇ ਸ਼ੱਕ ਵੀ ਨਹੀਂ ਹੋਇਆ ਕਿ ਉਨ੍ਹਾਂ ਦੇ ਗੁਪਤ ਸੰਦੇਸ਼ਾਂ ਨੂੰ ਇਸ ਤਰ੍ਹਾਂ ਵਿਚਾਲਿਓਂ ਹੀ ਚੋਰੀ ਕੀਤਾ ਜਾ ਰਿਹਾ ਹੈ। ਉਨ੍ਹਾਂ ਨੂੰ ਇਹ ਵੀ ਪਤਾ ਨਹੀਂ ਲੱਗ ਸਕਿਆ ਕਿ ਕ੍ਰਿਪਟੋ ਏਜੀ ਦਾ ਸੀਆਈਏ ਨਾਲ ਕੋਈ ਰਿਸ਼ਤਾ ਹੈ। ਇਹ ਗੱਲ ਪੱਛਮੀ ਜਰਮਨੀ ਦੇ ਖ਼ੁਫ਼ੀਆ ਸੰਗਠਨ ਤੇ ਸੀਆਈਏ ਵਿਚਕਾਰ ਗਠਜੋੜ ਤੋਂ ਪਤਾ ਲੱਗੀ ਕਿ ਕ੍ਰਿਪਟੋ ਏਜੀ ਦੀ ਵਰਤੋਂ ਕੀਤੀ ਜਾ ਰਹੀ ਸੀ।