ਨਿਊਯਾਰਕ (ਏਐੱਨਆਈ) : ਪੂਰੀ ਦੁਨੀਆ ਨੂੰ ਕੋਰੋਨਾ ਵਰਗੀ ਮਹਾਮਾਰੀ ਵੰਡਣ ਵਾਲਾ ਚੀਨ ਹੁਣ ਆਪਣੇ ਹੀ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰ ਰਿਹਾ ਹੈ। ਕੋਰੋਨਾ ਦੀ ਇਕ ਅਸਰਦਾਰ ਵੈਕਸੀਨ ਬਣਾਉਣ ਲਈ ਦੁਨੀਆ ਜੀਅ-ਜਾਨ ਨਾਲ ਰੁੱਝੀ ਹੈ ਪਰ ਚੀਨ 'ਚ ਵੱਡੀ ਗਿਣਤੀ 'ਚ ਲੋਕਾਂ ਨੂੰ ਅਸੁਰੱਖਿਅਤ-ਗ਼ੈਰ ਪ੍ਰਮਾਣਿਤ ਟੀਕਾ ਲਾਇਆ ਜਾ ਰਿਹਾ ਹੈ। ਇਹ ਟੀਕਾ ਸਰਕਾਰੀ ਕੰਪਨੀਆਂ ਦੇ ਅਧਿਕਾਰੀਆਂ, ਵੈਕਸੀਨ ਕੰਪਨੀ ਦੇ ਸਟਾਫ, ਅਧਿਆਪਕਾਂ, ਸੁਪਰ-ਮਾਰਕੀਟ ਦੇ ਮੁਲਾਜ਼ਮਾਂ ਤੇ ਅਸੁਰੱਖਿਅਤ ਖੇਤਰਾਂ ਦੀ ਯਾਤਰਾ ਕਰਨ ਵਾਲੇ ਲੋਕਾਂ ਨੂੰ ਲਾਇਆ ਜਾ ਰਿਹਾ ਹੈ। ਚੀਨ ਦਾ ਇਹ ਟੀਕਾ ਹਾਲੇ ਸੁਰੱਖਿਅਤ ਤੇ ਪ੍ਰਭਾਵਸ਼ਾਲੀ ਸਾਬਤ ਨਹੀਂ ਹੋਇਆ ਹੈ।

ਮੀਡੀਆ ਰਿਪੋਰਟ ਮੁਤਾਬਕ, ਚੀਨੀ ਅਧਿਕਾਰੀਆਂ ਨੇ ਵੱਡੀ ਗਿਣਤੀ 'ਚ ਲੋਕਾਂ ਨੂੰ ਵੈਕਸੀਨ ਲਾਉਣ ਦੀ ਯੋਜਨਾ ਬਣਾਈ ਹੈ। ਆਸਟ੍ਰੇਲੀਆ ਦੇ ਮਰਡੋਕ ਚਿਲਡਰਨ ਰਿਸਰਚ ਇੰਸਟੀਚਿਊਟ ਦੇ ਬਾਲ ਰੋਗਾਂ ਦੇ ਮਾਹਰ ਡਾ. ਕਿਮ ਮੁਲਹੋਲੈਂਡ ਨੇ ਕਿਹਾ, 'ਗ਼ੈਰ-ਪ੍ਰਮਾਣਿਤ ਟੀਕਾ ਲਾਉਣਾ ਕਾਫੀ ਖ਼ਤਰਨਾਕ ਹੋ ਸਕਦਾ ਹੈ। ਮੈਨੂੰ ਚੀਨੀ ਮੁਲਾਜ਼ਮਾਂ ਦੀ ਚਿੰਤਾ ਹੈ, ਜੋ ਸਭ ਕੁਝ ਜਾਣਦੇ ਹੋਏ ਵੀ ਇਸ ਤੋਂ ਮਨ੍ਹਾ ਨਹੀਂ ਕਰ ਸਕਦੇ।'

ਕੰਪਨੀਆਂ ਨੇ ਵੈਕਸੀਨ ਲੈਣ ਵਾਲੇ ਲੋਕਾਂ ਨੂੰ ਇਕ ਖੁਫੀਆ ਸਮਝੌਤੇ 'ਤੇ ਦਸਤਖ਼ਤ ਕਰਨ ਲਈ ਵੀ ਕਿਹਾ ਹੈ ਤਾਂ ਕਿ ਉਹ ਮੀਡੀਆ ਨਾਲ ਕੋਈ ਜਾਣਕਾਰੀ ਸਾਂਝੀ ਨਾ ਕਰ ਸਕਣ। ਹਾਲੇ ਇਹ ਸਪੱਸ਼ਟ ਨਹੀਂ ਹੈ ਕਿ ਚੀਨ 'ਚ ਕਿੰਨੇ ਲੋਕਾਂ ਨੂੰ ਇਹ ਵੈਕਸੀਨ ਲਾਈ ਹੈ। ਚੀਨ ਦੀ ਸਰਕਾਰੀ ਕੰਪਨੀ ਸਿਨੋਫਾਰਮਾ ਨੇ ਮੰਨਿਆ ਕਿ ਹਜ਼ਾਰਾਂ ਲੋਕਾਂ ਨੇ ਟੀਕੇ ਲਗਵਾਏ ਹਨ। ਬੀਜਿੰਗ ਦੀ ਇਕ ਕੰਪਨੀ ਸਿਨੋਵੈਕ ਮੁਤਾਬਕ ਬੀਜਿੰਗ 'ਚ 10 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੂੰ ਵੈਕਸੀਨ ਦਿੱਤੀ ਗਈ ਹੈ। ਕੰਪਨੀ ਨੇ ਇਹ ਵੀ ਮੰਨਿਆ ਹੈ ਕਿ ਉਸ ਦੇ ਕਰੀਬ ਤਿੰਨ ਹਜ਼ਾਰ ਮੁਲਾਜ਼ਮਾਂ ਤੇ ਉਨ੍ਹਾਂ ਦੇ ਪਰਿਵਾਰ ਦੇ ਲੋਕਾਂ ਨੂੰ ਟੀਕੇ ਲਾਏ ਗਏ ਹਨ।