ਸੰਯੁਕਤ ਰਾਸ਼ਟਰ (ਪੀਟੀਆਈ) : ਗੁਆਂਢੀਆਂ ਨਾਲ ਹਮਲਾਵਰ ਰਵੱਈਆ ਤੇ ਅਮਰੀਕਾ ਦੇ ਨਾਲ ਤਣਾਅ ਵਿਚਾਲੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਦਾ ਦੇਸ਼ ਕਿਸੇ ਵੀ ਤਰ੍ਹਾਂ ਦੀ ਜੰਗ ਲੜਨ ਦਾ ਇਰਾਦਾ ਨਹੀਂ ਰੱਖਦਾ। ਸੰਯੁਕਤ ਰਾਸ਼ਟਰ ਮਹਾਸਭਾ ਦੇ 75ਵੇਂ ਇਜਲਾਸ 'ਚ ਸ਼ੀ ਨੇ ਕਿਹਾ ਕਿ ਚੀਨ ਦੂਜੇ ਦੇਸ਼ਾਂ ਨਾਲ ਮਤਭੇਦਾਂ ਨੂੰ ਘੱਟ ਕਰਨ ਤੇ ਵਿਵਾਦਾਂ ਨੂੰ ਸੰਵਾਦ ਤੇ ਗੱਲਬਾਤ ਰਾਹੀਂ ਸੁਲਝਾਉਣਾ ਜਾਰੀ ਰੱਖੇਗਾ।

ਸ਼ੀ ਜਿਨਪਿੰਗ ਦਾ ਇਹ ਬਿਆਨ ਅਜਿਹੇ ਸਮੇਂ 'ਚ ਆਇਆ ਹੈ, ਜਦੋਂ ਚੀਨ ਨੇ ਪਿਛਲੇ ਚਾਰ ਮਹੀਨਿਆਂ ਤੋਂ ਪੂਰਬੀ ਲੱਦਾਖ 'ਚ ਮੌਜੂਦਾ ਕੰਟਰੋਲ ਰੇਖਾ (ਐੱਲਏਸੀ) 'ਤੇ ਭਾਰਤ ਦੇ ਨਾਲ ਸਰਹੱਦੀ ਵਿਵਾਦ ਨੂੰ ਲੈ ਕੇ ਅੜੀਅਲ ਰਵੱਈਆ ਅਪਣਾਇਆ ਹੋਇਆ ਹੈ। ਪਹਿਲਾਂ ਤੋਂ ਰਿਕਾਰਡ ਕੀਤੇ ਗਏ ਵੀਡੀਓ ਸੰਦੇਸ਼ 'ਚ ਸ਼ੀ ਨੇ ਕਿਹਾ, 'ਅਸੀਂ ਕਦੇ ਵੀ ਪ੍ਰਭੂਸੱਤਾ ਜਾਂ ਪ੍ਰਭਾਵ ਦੇ ਵਿਸਥਾਰਵਾਦ ਦੀ ਤਲਾਸ਼ ਨਹੀਂ ਕਰਾਂਗੇ। ਕਿਸੇ ਦੇਸ਼ ਨਾਲ ਸੀਤ ਯੁੱਧ ਜਾਂ ਰਵਾਇਤੀ ਜੰਗ ਲੜਨ ਦਾ ਸਾਡਾ ਕੋਈ ਇਰਾਦਾ ਵੀ ਨਹੀਂ ਹੈ।'

ਚੀਨ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ ਦੇ ਮੁਖੀ ਤੇ ਚੀਨੀ ਫ਼ੌਜ ਦੇ ਪ੍ਰਮੁੱਖ ਸ਼ੀ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਖੁੱਲ੍ਹੇ, ਸਹਿਕਾਰੀ ਤੇ ਆਮ ਵਿਕਾਸ ਨੂੰ ਲੈ ਕੇ ਵਚਨਬੱਧ ਹੈ। ਇਸ ਨਾਲ ਚੀਨ ਦੇ ਅਰਥਚਾਰੇ ਵੱਲ ਵਿਕਸਿਤ ਹੋਣ ਦਾ ਮੌਕਾ ਮਿਲੇਗਾ ਤੇ ਕੌਮਾਂਤਰੀ ਅਰਥਚਾਰਾ ਵੀ ਸੁਧਰੇਗਾ ਤੇ ਤਰੱਕੀ ਹੋਵੇਗੀ।

ਕੋਰੋਨਾ ਵਾਇਰਸ ਫੈਲਾਉਣ 'ਤੇ ਵੀ ਸ਼ੀ ਦਾ ਪਲਟਾਵਰ

ਸ਼ੀ ਜਿਨਪਿੰਗ ਨੇ ਕਿਹਾ, ਅਸੀਂ ਕੋਰੋਨਾ ਮਹਾਮਾਰੀ ਦਾ ਸਾਹਮਣਾ ਕਰ ਰਹੇ ਹਾਂ। ਸਾਨੂੰ ਰਲ ਮਿਲ ਕੇ ਇਸ ਮਹਾਮਾਰੀ ਨਾਲ ਲੜਨਾ ਚਾਹੀਦਾ। ਇਸ ਲੜਾਈ 'ਚ ਵਿਸ਼ਵ ਸਿਹਤ ਸੰਗਠਨ ਨੂੰ ਮੋਹਰੀ ਭੂਮਿਕਾ ਨਿਭਾਉਣ ਦੇਣੀ ਚਾਹੀਦੀ ਹੈ। ਇਸ ਮੁੱਦੇ ਨੂੰ ਸਿਆਸੀ ਬਣਾਉਣ ਜਾਂ ਇਸ ਲਈ ਕਿਸੇ ਨੂੰ ਵੀ ਜ਼ਿੰਮੇਵਾਰ ਠਹਿਰਾਉਣ ਦੇ ਯਤਨ ਨੂੰ ਪੂਰੀ ਤਰ੍ਹਾਂ ਨਕਾਰਿਆ ਜਾਣਾ ਚਾਹੀਦਾ।

ਇਸ ਤੋਂ ਪਹਿਲਾਂ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੀਨ 'ਤੇ ਪੂਰੀ ਦੁਨੀਆ 'ਚ ਕੋਰੋਨਾ ਵਾਇਰਸ ਮਹਾਮਾਰੀ ਫੈਲਾਉਣ ਦਾ ਦੋਸ਼ ਲਾਇਆ ਸੀ। ਉਨ੍ਹਾਂ ਨੇ ਸੰਯੁਕਤ ਰਾਸ਼ਟਰ ਨੂੰ ਕੋਰੋਨਾ ਵਾਇਰਸ ਨੂੰ ਰੋਕਣ 'ਚ ਅਸਫਲ ਰਹਿਣ ਲਈ ਚੀਨ ਨੂੰ ਜ਼ਿੰਮੇਵਾਰ ਠਹਿਰਾਉਣ ਦੀ ਮੰਗ ਕੀਤੀ ਸੀ।