ਵਾਸ਼ਿੰਗਟਨ (ਏਐੱਨਆਈ) : ਲੱਦਾਖ ਦੀ ਗਲਵਾਨ ਘਾਟੀ ਵਿਚ ਭਾਰਤੀ ਫ਼ੌਜੀਆਂ ਨਾਲ ਝੜਪ 'ਚ ਮਾਰੇ ਗਏ ਚੀਨੀ ਫ਼ੌਜੀਆਂ ਨੂੰ ਲੈ ਕੇ ਰਾਸ਼ਟਰਪਤੀ ਸ਼ੀ ਜਿਨਪਿੰਗ 'ਤੇ ਆਪਣੇ ਹੀ ਦੇਸ਼ ਵਿਚ ਉਂਗਲੀਆਂ ਉੱਠਣ ਲੱਗੀਆਂ ਹਨ। ਹੁਣ ਤਕ ਚੀਨ ਨੇ ਮਾਰੇ ਗਏ ਫ਼ੌਜੀਆਂ ਦੇ ਨਾਵਾਂ ਬਾਰੇ ਜਾਣਕਾਰੀ ਨਹੀਂ ਦਿੱਤੀ, ਜਿਸ ਨੂੰ ਲੈ ਕੇ ਉਸ ਨੂੰ ਫ਼ੌਜੀਆਂ ਦੇ ਪਰਿਵਾਰਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਮਰੀਕੀ ਮੀਡੀਆ ਬ੍ਰੇਈਟਵਾਰਟ ਮੁਤਾਬਿਕ ਫ਼ੌਜੀਆਂ ਦੇ ਪਰਿਵਾਰ ਵੀਬੋ ਅਤੇ ਦੂਜੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਆਪਣਾ ਗੁੱਸਾ ਜ਼ਾਹਿਰ ਕਰ ਰਹੇ ਹਨ ਅਤੇ ਚੀਨ ਸਰਕਾਰ ਉਨ੍ਹਾਂ ਦੇ ਗੁੱਸੇ ਨੂੰ ਸ਼ਾਂਤ ਕਰਨ ਵਿਚ ਨਾਕਾਮ ਰਹਿ ਰਹੀ ਹੈ।

ਦੱਸਣਯੋਗ ਹੈ ਕਿ 15 ਜੂਨ ਨੂੰ ਹੋਈ ਝੜਪ ਵਿਚ 20 ਭਾਰਤੀ ਫ਼ੌਜੀ ਜਿੱਥੇ ਸ਼ਹੀਦ ਹੋ ਗਏ ਸਨ ਉੱਥੇ ਚੀਨ ਦੇ 40 ਤੋਂ ਜ਼ਿਆਦਾ ਫ਼ੌਜੀ ਮਾਰੇ ਗਏ ਸਨ। ਖ਼ਾਸ ਗੱਲ ਇਹ ਹੈ ਕਿ ਚੀਨ ਸਰਕਾਰ ਨੇ ਕੇਵਲ ਕੁਝ ਫ਼ੌਜੀ ਅਧਿਕਾਰੀਆਂ ਦੇ ਮਾਰੇ ਜਾਣ ਦੀ ਗੱਲ ਕਬੂਲ ਕੀਤੀ ਹੈ। ਚੀਨ ਦੀ ਕਮਿਊਨਿਸਟ ਪਾਰਟੀ ਦੇ ਮੁੱਖ ਅਖ਼ਬਾਰ 'ਗਲੋਬਲ ਟਾਈਮਜ਼' 'ਚ ਹੂ ਜਿਨ ਨੇ ਇਕ ਟਵੀਟ ਵਿਚ ਕਿਹਾ ਕਿ ਮੇਰੀ ਜਾਣਕਾਰੀ ਅਨੁਸਾਰ ਗਲਵਾਨ ਘਾਟੀ ਵਿਚ ਹੋਈ ਝੜਪ ਵਿਚ ਚੀਨ ਦੇ ਫ਼ੌਜੀਆਂ ਦਾ ਵੀ ਜਾਨੀ ਨੁਕਸਾਨ ਹੋਇਆ ਹੈ। ਖ਼ਬਰਾਂ ਅਨੁਸਾਰ ਮਾਰੇ ਗਏ ਫ਼ੌਜੀਆਂ ਦੇ ਪਰਿਵਾਰ ਆਪਣਾ ਗੁੱਸਾ ਜ਼ਾਹਿਰ ਕਰਨ ਲਈ ਵੀਬੋ ਦੀ ਵਰਤੋਂ ਕਰ ਰਹੇ ਹਨ।