ਵਾਸ਼ਿੰਗਟਨ, ਪੀਟੀਆਈ। ਅਮਰੀਕੀ ਸਪੇਸ ਏਜੰਸੀ ਨਾਸਾ ਵੱਲੋਂ ਭਾਰਤ ਦੇ ਮੂਨ ਮਿਸ਼ਨ ਚੰਦਰਯਾਨ-2 ਸਬੰਧੀ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ। ਨਾਸਾ ਨੇ ਕਿਹਾ ਕਿ ਹਾਲ ਹੀ 'ਚ ਉਸ ਦੇ ਆਰਬਿਟਰ ਨੇ ਜੋ ਤਸਵੀਰਾਂ ਆਪਣੇ ਕੈਮਰੇ 'ਚ ਕੈਦ ਕੀਤੀਆਂ ਹਨ, ਉਨ੍ਹਾਂ 'ਚ ਇਸਰੋ ਦੇ ਲੈਂਡਰ ਵਿਕਰਮ ਦਾ ਕੋਈ ਸਬੂਤ ਨਹੀਂ ਦਿਖਾਈ ਦੇ ਰਿਹਾ। ਨਾਸਾ ਦਾ ਇਹ ਆਰਬਿਟਰ ਚੰਦਰਮਾ ਦੇ ਉਸੇ ਹਿੱਸੇ 'ਚੋਂ ਲੰਘਿਆ ਸੀ, ਜਿੱਥੇ ਭਾਰਤ ਨੇ ਆਪਣੇ ਮਿਸ਼ਨ ਚੰਦਰਯਾਨ-2 ਦੀ ਲੈਂਡਿੰਗ ਨਿਰਧਾਰਤ ਕੀਤੀ ਸੀ। ਦੱਸ ਦੇਈਏ ਕਿ 7 ਸਤੰਬਰ ਨੂੰ ਭਾਰਤੀ ਪੁਲਾੜ ਖੋਜ ਸੰਗਠਨ ਨੇ ਲੈਂਡਰ ਵਿਕਰਮ ਨਾਲ ਸੰਪਰਕ ਟੁੱਟਣ ਤੋਂ ਪਹਿਲਾਂ ਚੰਦਰਮਾ ਦੇ ਦੱਖਣੀ ਧਰੁਵ 'ਤੇ ਵਿਕਰਮ ਦੀ ਸਾਫ਼ਟ ਲੈਂਡਿੰਗ ਦੀ ਕੋਸ਼ਿਸ਼ ਕੀਤੀ ਸੀ।

ਨਾਸਾ ਦੇ ਲੂਨਰ ਰੀਕਾਨਿਸਸੈਂਸ ਆਰਬਿਟਰ ਮਿਸ਼ਨ ਦੇ ਪ੍ਰੋਜੈਕਟ ਵਿਗਿਆਨੀ ਨੋਆ ਐਡਵਰਡ ਪੇਟ੍ਰੋ ਨੇ ਪੀਟੀਆਈ ਨੂੰ ਇਕ ਵਿਸ਼ੇਸ਼ ਈਮੇਲ ਇੰਟਰੈਕਸ਼ਨ 'ਚ ਦੱਸਿਆ ਕਿ ਲੂਨਰ ਰੀਕਾਨਿਸਸੈਂਸ ਆਰਬਿਟਰ 14 ਅਕਤੂਬਰ ਨੂੰ ਚੰਦਰਯਾਨ-2 ਦੀ ਖੋਜ ਲਈ ਚੰਦਰਮਾ ਦੇ ਉਸ ਹਿੱਸੇ ਤੋਂ ਲੰਘਿਆ ਜਿੱਥੇ ਇਸਰੋ ਲੈਂਡਰ ਉਤਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਦੌਰਾਨ ਉੱਥੋ ਦੀਆਂ ਕੁਝ ਤਸਵੀਰਾਂ ਲਈਆਂ ਗਈਆਂ, ਪਰ ਨਵੀਂਆਂ ਤਸਵੀਰਾਂ 'ਚ ਉਨ੍ਹਾਂ ਨੂੰ ਲੈਂਡਰ ਦਾ ਕੋਈ ਸਬੂਤ ਨਹੀਂ ਮਿਲਿਆਂ।

ਪੇਟ੍ਰੋ ਨੇ ਕਿਹਾ ਕਿ ਕੈਮਰਾ ਟੀਮ ਨੇ ਚੰਦਰਮਾ ਦੀ ਸਤ੍ਹਾ ਦੀਆਂ ਲਈਆਂ ਤਸਵੀਰਾਂ ਦੀ ਡੂੰਘੀ ਜਾਂਚ ਕੀਤੀ ਤੇ ਤਬਦੀਲੀ ਦਾ ਪਤਾ ਲਗਾਉਣ ਵਾਲੀ ਤਕਨੀਕ ਦਾ ਇਸਤੇਮਾਲ ਕੀਤਾ। ਪਰ ਇਨ੍ਹਾਂ ਤਸਵੀਰਾਂ 'ਚ ਉਨ੍ਹਾਂ ਨੂੰ ਵਿਕਰਮ ਲੈਂਡਰ ਦਾ ਕੋਈ ਸਬੂਤ ਨਹੀਂ ਮਿਲਿਆ।

Posted By: Akash Deep