ਵਾਸ਼ਿੰਗਟਨ (ਏਜੰਸੀਆਂ) : ਜੇਕਰ ਤੁਸੀਂ ਤਿੰਨ ਨਵੰਬਰ ਦੀ ਚੋਣ ਵਿਚ ਡੈਮੋਕ੍ਰੇਟ ਉਮੀਦਵਾਰ ਜੋ ਬਿਡੇਨ ਤੋਂ ਹਾਰ ਗਏ ਤਾਂ ਸ਼ਾਂਤਮਈ ਤਰੀਕੇ ਨਾਲ ਸੱਤਾ ਤਬਦੀਲੀ ਕਰ ਦਿਉਗੇ? ਇਸ ਸਵਾਲ ਦਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹੈਰਾਨ ਕਰਨ ਵਾਲਾ ਜਵਾਬ ਦਿੱਤਾ। ਉਨ੍ਹਾਂ ਕਿਹਾ ਕਿ ਮੈਂ ਵਾਅਦਾ ਨਹੀਂ ਕਰ ਸਕਦਾ। ਮੈਂ ਪੋਸਟਲ ਵੋਟਿੰਗ ਨੂੰ ਲੈ ਕੇ ਪਹਿਲੇ ਹੀ ਆਪਣਾ ਸ਼ੱਕ ਜ਼ਾਹਿਰ ਕਰ ਚੁੱਕਾ ਹਾਂ। ਇਹ ਦੇਖਣਾ ਹੋਵੇਗਾ ਕਿ ਆਖਿਰ 'ਚ ਕੀ ਹੁੰਦਾ ਹੈ। ਹੋ ਸਕਦਾ ਹੈ ਕੁਝ ਚੀਜ਼ਾਂ ਦਾ ਫ਼ੈਸਲਾ ਸੁਪਰੀਮ ਕੋਰਟ ਵਿਚ ਹੋਵੇ। ਇਸ ਲਈ, ਇਹ ਜ਼ਰੂਰੀ ਹੈ ਕਿ ਉੱਥੇ ਪੂਰੇ 9 ਜੱਜ ਹੋਣ।

ਵ੍ਹਾਈਟ ਹਾਊਸ ਵਿਚ ਬੁੱਧਵਾਰ ਰਾਤ ਇਕ ਪ੍ਰਰੈੱਸ ਕਾਨਫਰੰਸ ਵਿਚ ਚੋਣ ਪਿੱਛੋਂ ਸੱਤਾ ਤਬਦੀਲੀ 'ਤੇ ਰਾਸ਼ਟਰਪਤੀ ਟਰੰਪ ਤੋਂ ਕੁਝ ਸਵਾਲ ਪੁੱਛੇ ਗਏ। ਇਕ ਪੱਤਰਕਾਰ ਨੇ ਪੁੱਛਿਆ ਕਿ ਕੀ ਅੱਜ ਇੱਥੇ ਤੁਸੀਂ ਇਹ ਵਿਸ਼ਵਾਸ ਦਿਵਾ ਸਕਦੇ ਹੋ ਕਿ ਚੋਣ ਪਿੱਛੋਂ ਸੱਤਾ ਤਬਦੀਲੀ ਸ਼ਾਂਤਮਈ ਢੰਗ ਨਾਲ ਹੋਵੇਗੀ। ਖ਼ਾਸ ਕਰਕੇ ਇਹ ਦੇਖਦੇ ਹੋਏ ਕਿ ਕਈ ਰਾਜਾਂ ਵਿਚ ਦੰਗੇ ਵੀ ਹੋ ਰਹੇ ਹਨ। ਇਸ 'ਤੇ ਟਰੰਪ ਨੇ ਕਿਹਾ ਕਿ ਮੈਂ ਵੋਟਿੰਗ ਨੂੰ ਲੈ ਕੇ ਕੁਝ ਮੁੱਦਿਆਂ 'ਤੇ ਆਪਣੀ ਚਿੰਤਾ ਜ਼ਾਹਿਰ ਕਰ ਚੁੱਕਾ ਹਾਂ। ਮੈਨੂੰ ਨਹੀਂ ਲੱਗਦਾ ਕਿ ਸੱਤਾ ਤਬਦੀਲੀ ਦੀ ਲੋੜ ਪਵੇਗੀ। ਜੋ ਹੁਣ ਹੈ, ਉਹੀ ਜਾਰੀ ਰਹੇਗਾ। ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਵੋਟ ਪੱਤਰਾਂ 'ਤੇ ਕਿਸੇ ਦਾ ਕੰਟਰੋਲ ਨਹੀਂ ਰਹਿ ਗਿਆ ਹੈ। ਡੈਮੋਕ੍ਰੇਟ ਇਸ ਨੂੰ ਜ਼ਿਆਦਾ ਬਿਹਤਰ ਤਰੀਕੇ ਨਾਲ ਜਾਣਦੇ ਹਨ। ਇਕ ਹੀ ਪੱਤਰਕਾਰ ਵੱਲੋਂ ਵਾਰ-ਵਾਰ ਇਹੀ ਸਵਾਲ ਪੁੱਛੇ ਜਾਣ 'ਤੇ ਟਰੰਪ ਨੇ ਅੱਗੇ ਜਵਾਬ ਦੇਣ ਤੋਂ ਮਨ੍ਹਾ ਕਰ ਦਿੱਤਾ। ਟਰੰਪ ਦੇ ਜਵਾਬ ਨੂੰ ਇਸ ਸੰਦਰਭ ਵਿਚ ਦੇਖਿਆ ਜਾ ਸਕਦਾ ਹੈ ਕਿ ਉਹ ਵੱਡੇ ਪੈਮਾਨੇ 'ਤੇ 'ਮੇਲ ਇਨ ਵੋਟਿੰਗ' ਨੂੰ ਲੈ ਕੇ ਧੋਖਾਧੜੀ ਦੀ ਸ਼ੰਕਾ ਪ੍ਰਗਟ ਕਰ ਰਹੇ ਹਨ। ਟਰੰਪ ਪਹਿਲੇ ਵੀ ਕਹਿ ਚੁੱਕੇ ਹਨ ਕਿ ਬਿਡੇਨ ਕੇਵਲ ਤਦ ਹੀ ਜਿੱਤ ਸਕਦੇ ਹਨ, ਜਦੋਂ ਚੋਣ ਵਿਚ ਧੋਖਾਧੜੀ ਹੋਵੇ। ਹਾਲਾਂਕਿ, ਕਈ ਚੋਣ ਸਰਵੇਖਣਾਂ ਵਿਚ ਬਿਡੇਨ ਨੂੰ ਟਰੰਪ ਤੋਂ ਅੱਗੇ ਦੱਸਿਆ ਜਾ ਰਿਹਾ ਹੈ। 2016 ਦੀ ਚੋਣ ਵਿਚ ਵੀ ਟਰੰਪ ਨੇ ਹਾਰ ਹੋਣ 'ਤੇ ਚੋਣ ਨਤੀਜੇ ਸਵੀਕਾਰ ਕਰਨ ਦਾ ਵਾਅਦਾ ਕਰਨ ਤੋਂ ਇਨਕਾਰ ਕੀਤਾ ਸੀ।

ਸੁਪਰੀਮ ਕੋਰਟ 'ਚ ਨਿਯੁਕਤੀ ਦਾ ਪੇਚ

ਸੁਪਰੀਮ ਕੋਰਟ ਦੀ ਜੱਜ ਰੂਥ ਬੇਡਰ ਗਿੰਸਬਰਗ ਦਾ ਬੀਤੇ ਸ਼ੁੱਕਰਵਾਰ ਨੂੰ ਦੇਹਾਂਤ ਹੋ ਗਿਆ ਸੀ। ਹੁਣ ਉੱਥੇ ਅੱਠ ਜੱਜ ਹਨ। ਡੈਮੋਕ੍ਰੇਟ ਚਾਹੁੰਦੇ ਹਨ ਕਿ ਨਵੇਂ ਜੱਜ ਦੀ ਨਿਯੁਕਤੀ ਚੋਣ ਪਿੱਛੋਂ ਹੋਵੇ ਜਦਕਿ ਟਰੰਪ ਜਲਦਬਾਜ਼ੀ ਵਿਚ ਹਨ। ਕਾਰਨ ਇਹ ਹੈ ਕਿ ਚੋਣ ਪਿੱਛੋਂ ਕੋਈ ਮਾਮਲਾ ਫਸਿਆ ਤਾਂ ਨਵੇਂ ਜੱਜ ਉਨ੍ਹਾਂ ਦੇ ਪੱਖ ਵਿਚ ਆ ਸਕਦੇ ਹਨ। ਟਰੰਪ ਅਨੁਸਾਰ, ਉਹ ਸ਼ਨਿਚਰਵਾਰ ਨੂੰ ਜੱਜ ਦੇ ਰੂਪ ਵਿਚ ਕਿਸੇ ਮਹਿਲਾ ਨੂੰ ਨਾਮਜ਼ਦ ਕਰਨਗੇ।

ਟਰੰਪ ਦੀ ਆਲੋਚਨਾ

ਇਸ ਦੌਰਾਨ, ਅਤੀਤ ਵਿਚ ਹਮੇਸ਼ਾ ਟਰੰਪ ਦਾ ਸਾਥ ਦੇਣ ਵਾਲੇ ਸੈਨੇਟਰ ਮਿਟ ਰੋਮਨੀ ਨੇ ਰਾਸ਼ਟਰਪਤੀ ਦੀ ਆਲੋਚਨਾ ਕੀਤੀ ਹੈ। ਰੋਮਨੀ ਨੇ ਟਵੀਟ ਵਿਚ ਕਿਹਾ ਕਿ ਚੋਣ ਪਿੱਛੋਂ ਸ਼ਾਂਤਮਈ ਸੱਤਾ ਤਬਦੀਲੀ ਹੋਵੇ ਤਾਂ ਲੋਕਤੰਤਰ ਦੀ ਖ਼ੂਬੀ ਹੈ। ਇਹ ਅਮਰੀਕਾ ਹੈ, ਬੇਲਾਰੂਸ ਨਹੀਂ। ਰਾਸ਼ਟਰਪਤੀ ਨੂੰ ਆਪਣੀ ਮਾਣ ਮਰਿਆਦਾ ਦਾ ਖ਼ਿਆਲ ਰੱਖਣਾ ਚਾਹੀਦਾ ਹੈ।