ਲਾਸ ਏਂਜਲਸ (ਆਈਏਐੱਨਐੱਸ) : ਕੈਲੀਫੋਰਨੀਆ ਦੇ ਫਰਿਜ਼ਨੋ ਸਥਿਤ ਗੁਰਦੁਆਰਾ ਨਾਨਕਸਰ ਵਿਚ ਸੈਂਕੜੇ ਲੋਕਾਂ ਨੇ ਬਾਸਕਟਬਾਲ ਖਿਡਾਰੀ ਕੋਬੇ ਬ੍ਰਾਇੰਟ ਨੂੰ ਸ਼ਰਧਾਂਜਲੀ ਦਿੱਤੀ। ਮਹਾਨ ਖਿਡਾਰੀ ਦੇ ਬੇਵਕਤੀ ਦੇਹਾਂਤ 'ਤੇ ਪਿਛਲੇ ਹਫ਼ਤੇ ਵੀ ਗੁਰਦੁਆਰੇ ਵਿਚ ਪ੍ਰਾਰਥਨਾ ਸਭਾ ਕਰਵਾਈ ਗਈ ਸੀ।

ਸ਼ਰਧਾਂਜਲੀ ਸਭਾ ਵਿਚ ਸ਼ਾਮਲ ਹੋਣ ਵਾਲੇ ਸ਼ਰਧਾਲੂਆਂ ਨੇ ਕੋਬੇ ਦੀ ਬਾਸਕਟਬਾਲ ਟੀਮ ਲਾਸ ਏਂਜਲਸ ਲੇਕਰਸ ਦੀ ਜਰਸੀ ਪਾ ਕੇ ਰੱਖੀ ਸੀ। ਮਰਦ ਅਤੇ ਬੱਚੇ ਜਿਥੇ ਲੇਕਰਸ ਦੀ ਬੈਂਗਣੀ ਅਤੇ ਪੀਲੀ ਜਰਸੀ ਵਿਚ ਸਨ, ਉੱਥੇ ਔਰਤਾਂ ਨੇ ਇਸੇ ਰੰਗ ਦੀ ਸਲਵਾਰ ਕਮੀਜ਼ ਪਾਈ ਹੋਈ ਸੀ।

ਦੱਸਣਯੋਗ ਹੈ ਕਿ 26 ਜਨਵਰੀ ਨੂੰ ਇਕ ਹੈਲੀਕਾਪਟਰ ਹਾਦਸੇ ਵਿਚ 41 ਸਾਲਾ ਕੋਬੇ ਬ੍ਰਾਇੰਟ ਅਤੇ ਉਨ੍ਹਾਂ ਦੀ ਧੀ ਦੀ ਮੌਤ ਹੋ ਗਈ ਸੀ। ਸ਼ਰਧਾਂਜਲੀ ਸਭਾ ਵਿਚ ਕੋਬੇ ਦੀ ਯਾਦ ਵਿਚ ਕਈ ਬੱਚੇ ਰੋਂਦੇ ਦਿਸੇ। ਇਨ੍ਹਾਂ ਲੋਕਾਂ ਵਿਚ ਸ਼ਾਮਲ ਅੰਗਦ ਸੰਧੂ ਨੇ ਦੱਸਿਆ ਕਿ ਉਨ੍ਹਾਂ ਨੇ ਕੋਬੇ ਨੂੰ ਦੇਖ ਕੇ ਹੀ ਬਾਸਕਟਬਾਲ ਖੇਡਣਾ ਸ਼ੁਰੂ ਕੀਤਾ ਸੀ। ਉਨ੍ਹਾਂ ਦੀ ਤਰ੍ਹਾਂ ਅਮਰੀਕਾ ਵਿਚ ਸਿੱਖ ਭਾਈਚਾਰੇ ਦੇ ਕਈ ਲੋਕ ਕੋਬੇ ਦੇ ਪ੍ਰਸ਼ੰਸਕ ਹਨ। ਬਿਹਤਰੀਨ ਖੇਡ ਭਾਵਨਾ ਦੇ ਇਲਾਵਾ ਜੋਸ਼ ਅਤੇ ਜਨੂੰਨ ਨਾਲ ਭਰੇ ਕੋਬੇ ਦੇ ਪ੍ਰਸ਼ੰਸਕ ਦੁਨੀਆ ਭਰ ਵਿਚ ਹਨ।