ਵਾਸ਼ਿੰਗਟਨ (ਏਜੰਸੀਆਂ) : ਹੁਣ ਤੋਂ ਕਰੀਬ 44 ਸਾਲ ਬਾਅਦ ਯਾਨੀ 2064 'ਚ ਦੁਨੀਆ ਦੀ ਅਬਾਦੀ (9.7 ਅਰਬ) ਸਿਖਰ 'ਤੇ ਹੋਵੇਗੀ। ਪਰ ਇਸ ਸਦੀ ਦੇ ਅੰਤ ਤਕ ਇਹ ਘਟ ਕੇ 8.8 ਅਰਬ ਹੀ ਰਹਿ ਜਾਵੇਗੀ। ਜਦਕਿ ਸਾਲ 2100 ਤਕ 1.09 ਅਰਬ ਦੀ ਅਬਾਦੀ ਨਾਲ ਭਾਰਤ ਸਭ ਤੋਂ ਵੱਧ ਅਬਾਦੀ ਵਾਲਾ ਦੇਸ਼ ਹੋਵੇਗਾ। ਫਿਲਹਾਲ ਵਿਸ਼ਵ ਦੀ ਕੁਲ ਅਬਾਦੀ 7.8 ਅਰਬ ਤੇ ਭਾਰਤ ਦੀ 1.38 ਅਰਬ ਹੈ।

ਲੈਂਸੇਟ ਦੇ ਜਰਨਲ 'ਚ ਪ੍ਰਕਾਸ਼ਿਤ ਯੂਨੀਵਰਸਿਟੀ ਆਫ ਵਾਸ਼ਿੰਗਟਨ ਦੇ ਇੰਸਟੀਚਿਊਟ ਫਾਰ ਹੈਲਥ ਮੈਟਿ੍ਕਸ ਐਂਡ ਇਵੈਲਿਊਏਸ਼ਨ (ਆਈਐੱਚਐੱਮਈ) ਦੇ ਅਧਿਐਨ ਮੁਤਾਬਕ ਸਾਲ 2100 'ਚ ਅਬਾਦੀ ਦੇ ਮਾਮਲੇ 'ਚ ਭਾਰਤ ਤੋਂ ਬਾਅਦ ਦੂਜਾ ਸਥਾਨ ਨਾਈਜੀਰੀਆ (79.1 ਕਰੋੜ), ਤੀਜਾ ਚੀਨ (73.2 ਕਰੋੜ), ਚੌਥਾ ਅਮਰੀਕਾ (33.6 ਕਰੋੜ) ਤੇ ਪੰਜਵਾਂ ਪਾਕਿਸਤਾਨ (24.8 ਕਰੋੜ) ਦਾ ਹੋਵੇਗਾ। ਵਿਸ਼ਲੇਸ਼ਣਾਤਮਕ ਅਧਿਐਨ 'ਚ ਇਹ ਭਵਿੱਖਬਾਣੀ ਵੀ ਕੀਤੀ ਗਈ ਹੈ ਕਿ ਭਾਰਤ ਤੇ ਚੀਨ ਵਰਗੇ ਦੇਸ਼ਾਂ 'ਚ ਕੰਮਕਾਜ ਕਰਨ ਯੋਗ ਅਬਾਦੀ 'ਚ ਕਮੀ ਆਵੇਗੀ। ਪੂਰੀ ਦੁਨੀਆ 'ਚ ਸਾਲ 2100 ਤਕ 65 ਸਾਲ ਤੋਂ ਵੱਧ ਉਮਰ ਵਾਲੇ 2.37 ਅਰਬ ਲੋਕ ਹੋਣਗੇ। ਇਸ ਨਾਲ ਭਾਰਤ ਤੇ ਚੀਨ ਵਰਗੇ ਦੇਸ਼ਾਂ ਦਾ ਆਰਥਿਕ ਵਿਕਾਸ ਵੀ ਘਟੇਗਾ। ਇਸ ਕਾਰਨ ਆਲਮੀ ਸ਼ਕਤੀਆਂ ਦੀ ਲੜੀ 'ਚ ਵੀ ਬਦਲਾਅ ਹੋਵੇਗਾ। ਪਰ ਇਸ ਸਦੀ ਦੇ ਅੰਤ ਤਕ ਭਾਰਤ ਫਿਰ ਵੀ ਚਾਰ ਮਹਾਸ਼ਕਤੀਆਂ— ਨਾਈਜੀਰੀਆ, ਚੀਨ ਤੇ ਅਮਰੀਕਾ 'ਚੋਂ ਇਕ ਹੋਵੇਗਾ। ਇਸ 'ਚ ਇਹ ਵੀ ਦੱਸਿਆ ਗਿਾ ਹੈ ਕਿ ਇਸ ਸਦੀ ਦੇ ਅੰਤ ਤਕ ਜਾਪਾਨ, ਥਾਈਲੈਂਡ, ਇਟਲੀ ਤੇ ਸਪੇਨ ਸਮੇਤ ਦੁਨੀਆ ਦੇ 23 ਦੇਸ਼ਾਂ ਦੀ ਅਬਾਦੀ 50 ਫ਼ੀਸਦੀ ਤਕ ਘੱਟ ਹੋ ਜਾਵੇਗੀ।

ਆਈਐੱਚਐੱਮਈ ਦੇ ਨਵੇਂ ਅਧਿਐਨ 'ਚ 195 ਦੇਸ਼ਾਂ ਸਬੰਧੀ ਆਲਮੀ, ਖੇਤਰੀ, ਰਾਸ਼ਟਰੀ ਅਬਾਦੀ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ। ਇਸ 'ਚ ਭਵਿੱਖੀ ਜਨਮ ਦਰ ਤੋਂ ਲੈਕੇ ਸੰਭਾਵਿਤ ਮੌਤ ਦੀ ਦਰ ਦਾ ਅਨੁਮਾਨ ਹੈ। ਆਈਐੱਚਐੱਮਈ ਦੇ ਡਾਇਰੈਕਟਰ ਕ੍ਰਿਸਟੋਫਰ ਮੁਰੇ ਨੇ ਕਿਹਾ ਹੈ ਕਿ ਇਹ ਸਾਰੇ ਦੇਸ਼ਾਂ ਦੀਆਂ ਸਰਕਾਰਾਂ ਲਈ ਸਹੀ ਮੌਕਾ ਹੈ ਕਿ ਉਹ ਆਪਣੀਆਂ ਨੀਤੀਆਂ 'ਚ ਜ਼ਰੂਰੀ ਬਦਲਾਅ ਲਿਆਏ।