ਵਾਸ਼ਿੰਗਟਨ : ਪਾਕਿਸਤਾਨ ਨੂੰ ਮਿਲਿਆ ਗ਼ੈਰ ਨਾਟੋ ਪ੍ਰਮੁੱਖ ਸਹਿਯੋਗੀ ਦੇਸ਼ ਦਾ ਦਰਜਾ ਖ਼ਤਮ ਕਰਨ ਵਾਲਾ ਬਿੱਲ ਅਮਰੀਕੀ ਸੰਸਦ 'ਚ ਪੇਸ਼ ਹੋ ਗਿਆ ਹੈ। ਪ੍ਰਤੀਨਿਧ ਸਭਾ 'ਚ ਇਹ ਬਿੱਲ ਹਾਕਮ ਰਿਪਬਲਿਕਨ ਪਾਰਟੀ ਦੇ ਮੈਂਬਰ ਐਂਡੀ ਬਿ੍ਰਗਸ ਨੇ ਪੇਸ਼ ਕੀਤਾ।

ਮਤਾ 73 ਦੇ ਸਿਰਲੇਖ ਨਾਲ ਪੇਸ਼ ਇਸ ਬਿੱਲ 'ਚ ਕਿਹਾ ਗਿਆ ਹੈ ਕਿ ਪਾਕਿਸਤਾਨ ਦਾ ਇਹ ਖ਼ਾਸ ਦਰਜਾ ਰੱਦ ਕਰ ਦਿੱਤਾ ਜਾਵੇ। ਜੇਕਰ ਉਸ ਤੋਂ ਹੇਠਾਂ ਕੋਈ ਦਰਜਾ ਦੇਣਾ ਹੈ ਤਾਂ ਉਸ ਦੇ ਲਈ ਸ਼ਰਤਾਂ ਤੈਅ ਹੋਣੀਆਂ ਚਾਹੀਦੀਆਂ ਹਨ। ਬਿੱਲ ਨੂੰ ਸਦਨ ਦੀ ਵਿਦੇਸ਼ੀ ਮਾਮਲਿਆਂ ਦੀ ਕਮੇਟੀ ਕੋਲ ਜ਼ਰੂਰੀ ਪ੍ਰਕਿਰਿਆ ਪੂਰੀ ਕਰਨ ਲਈ ਭੇਜ ਦਿੱਤਾ ਗਿਆ ਹੈ। ਇਹ ਬਿੱਲ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪਾਕਿਸਤਾਨ ਨੂੰ ਅੱਤਵਾਦੀਆਂ ਦੀ ਸੁਰੱਖਿਅਤ ਪਨਾਹਗਾਹ ਠਹਿਰਾਉਣ ਦੇ ਬਾਅਦ ਆਇਆ ਹੈ। ਬਿੱਲ 'ਚ ਪਾਕਿਸਤਾਨ ਨੂੰ ਉਹ ਸਰਟੀਫਿਕੇਟ ਦੇਣ ਦੀ ਮੰਗ ਕੀਤੀ ਗਈ ਹੈ ਜਿਸ ਵਿਚ ਉਹ ਤਾਲਿਬਾਨ ਦੇ ਹੱਕਾਨੀ ਨੈੱਟਵਰਕ ਧੜੇ ਖ਼ਿਲਾਫ਼ ਕਾਰਵਾਈ ਦਾ ਵਚਨ ਦੇਵੇਗਾ। ਉਹ ਪਾਕਿਸਤਾਨੀ ਧਰਤੀ ਦੀ ਵਰਤੋਂ ਅੱਤਵਾਦੀਆਂ ਦੀ ਪਨਾਹਗਾਹ ਵਜੋਂ ਨਹੀਂ ਕਰਨ ਦੇਵੇਗਾ। ਨਾਲ ਹੀ ਸ਼ਾਂਤੀ ਅਤੇ ਵਿਕਾਸ ਲਈ ਪਾਕਿਸਤਾਨ ਅਫ਼ਗਾਨਿਸਤਾਨ ਸਰਕਾਰ ਨਾਲ ਸਹਿਯੋਗ ਕਰੇਗਾ। ਜ਼ਿਕਰਯੋਗ ਹੈ ਕਿ ਪਾਕਿਸਤਾਨ-ਅਫ਼ਗਾਨਿਸਤਾਨ ਸਰਹੱਦ 'ਤੇ ਸਰਗਰਮ ਹੱਕਾਨੀ ਨੈੱਟਵਰਕ ਦੇ ਅੱਤਵਾਦੀ ਮੌਕਾ ਦੇਖ ਕੇ ਅਫ਼ਗਾਨਿਸਤਾਨ 'ਚ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ ਅਤੇ ਉਸ ਦੇ ਬਾਅਦ ਪਾਕਿਸਤਾਨ 'ਚ ਵਾਪਸ ਪਰਤ ਆਉਂਦੇ ਹਨ। ਬਿੱਲ 'ਚ ਪਾਕਿਸਤਾਨ ਦੀ ਅੱਤਵਾਦੀ ਵਿਰੋਧੀ ਮੁਹਿੰਮ ਨੂੰ ਅਮਰੀਕੀ ਰਾਸ਼ਟਰਪਤੀ ਵੱਲੋਂ ਪ੍ਰਮਾਣਿਤ ਕਰਨ ਦੀ ਵਿਵਸਥਾ ਕਾਇਮ ਕਰਨ ਦੀ ਮੰਗ ਕੀਤੀ ਗਈ ਹੈ।