ਵਾਸ਼ਿੰਗਟਨ (ਏਐੱਨਆਈ) : ਅਮਰੀਕੀ ਸੰਸਦ ਦੇ ਨੁਮਾਇੰਦੇ ਸਕਾਟ ਪੇਰੀ ਨੇ ਤਿੱਬਤ ਨੂੰ ਵੱਖਰੇ ਤੇ ਆਜ਼ਾਦ ਦੇਸ਼ ਦੀ ਮਾਨਤਾ ਦੇਣ ਲਈ ਕਾਂਗਰਸ (ਅਮਰੀਕੀ ਸੰਸਦ) 'ਚ ਇਕ ਬਿੱਲ ਪੇਸ਼ ਕੀਤਾ ਹੈ। ਸੈਂਟਰਲ ਤਿੱਬਤ ਪ੍ਰਸ਼ਾਸਨ ਨੇ 25 ਮਈ ਨੂੰ ਜਾਰੀ ਆਪਣੀ ਰਿਪੋਰਟ 'ਚ ਦੱਸਿਆ ਕਿ ਪੇਰੀ ਨੇ 19 ਮਈ ਨੂੰ ਵਿਦੇਸ਼ੀ ਮਾਮਲਿਆਂ ਦੀ ਹਾਊਸ ਕਮੇਟੀ ਦੇ ਸਾਹਮਣੇ ਆਪਣਾ ਬਿੱਲ ਪੇਸ਼ ਕੀਤਾ ਸੀ। ਸੈਂਟਰਲ ਤਿੱਬਤ ਪ੍ਰਸ਼ਾਸਨ ਨੂੰ ਤਿੱਬਤ ਦੀ ਬਰਖ਼ਾਸਤ ਸਰਕਾਰ ਦੇ ਰੂਪ 'ਚ ਵੀ ਦੇਖਿਆ ਜਾਂਦਾ ਹੈ। ਇਸ ਬਿੱਲ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਮਾਨਤਾ ਲਈ ਵ੍ਹਾਈਟ ਹਾਊਸ ਭੇਜਿਆ ਗਿਆ ਹੈ। ਪੈਨਸਿਲਵੇਨੀਆ ਦੇ ਸੈਨੇਟਰ ਸਕਾਟ ਪੇਰੀ ਕਾਂਗਰਸ ਦੇ ਉਨ੍ਹਾਂ 32 ਮੈਂਬਰਾਂ 'ਚ ਸ਼ਾਮਲ ਰਹੇ ਹਨ ਜਿਨ੍ਹਾਂ ਨੇ ਟਾਮ ਲੈਂਟੋਸ ਦੇ ਅਮਰੀਕੀ ਵਿਦੇਸ਼ ਨੂੰ ਲਿਖੇ ਗਏ ਉਸ ਪੱਤਰ 'ਤੇ ਦਸਤਖ਼ਤ ਕੀਤੇ ਹਨ, ਜਿਸ 'ਚ ਤਿੱਬਤ ਨਾਲ ਸਬੰਧ ਦੋ ਬਿੱਲਾਂ ਨੂੰ ਲਾਗੂ ਕਰਨ ਦੀ ਮੰਗ ਕੀਤੀ ਗਈ ਸੀ।

ਪੇਰੀ ਨੇ ਆਪਣੇ ਬਿੱਲ 'ਚ ਤਿੱਬਤ ਦੇ ਮਸਲੇ 'ਤੇ ਬੀਜਿੰਗ 'ਤੇ ਦਬਾਅ ਵਧਾਉਣ ਦੀ ਮੰਗ ਕੀਤੀ ਹੈ। ਕਾਬਿਲੇਗੌਰ ਹੈ ਕਿ ਕੋਰੋਨਾ ਮਹਾਮਾਰੀ ਕਾਰਨ ਇਸ ਸਮੇਂ ਅਮਰੀਕਾ ਤੇ ਚੀਨ ਦੇ ਸਬੰਧ ਕਾਫੀ ਤਣਾਅਪੂਰਨ ਹਨ। ਪੇਰੀ ਨੇ 22 ਮਈ ਨੂੰ ਹਾਂਗਕਾਂਗ ਦੇ ਲੋਕਾਂ ਦੇ ਪੱਖ 'ਚ ਵੀ ਇਸੇ ਤਰ੍ਹਾਂ ਦਾ ਇਕ ਬਿੱਲ ਪੇਸ਼ ਕੀਤਾ ਸੀ। ਇਸ ਬਿੱਲ 'ਚ ਹਾਂਗਕਾਂਗ 'ਚ ਆਜ਼ਾਦ ਲੋਕਤੰਤਰ ਲਈ ਉੱਥੋਂ ਦੇ ਲੋਕਾਂ ਦੇ ਸਮਰਥਨ 'ਚ ਖੜ੍ਹੇ ਹੋਣ ਦੀ ਗੱਲ ਕਹੀ ਗਈ ਹੈ।