ਕੁਲਵੰਤ ਉੱਭੀ ਧਾਲੀਆਂ, ਕੈਲੀਫੋਰਨੀਆ : ਸਿੱਖ ਰਾਈਡਰਜ਼ ਆਫ਼ ਅਮਰੀਕਾ ਨਾਮੀ ਮੋਟਰਸਾਈਕਲ ਕਲੱਬ ਬੇਕਰਸਫੀਲਡ 'ਚ ਵਿਸਕਾਨਸਿਨ ਗੁਰੂਘਰ ਵਿਖੇ ਹੋਏ ਨਸਲੀ ਹਮਲੇ ਪਿੱਛੋਂ ਹੋਂਦ 'ਚ ਆਇਆ ਸੀ। ਇਸ ਗਰੁੱਪ ਵੱਲੋਂ ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ 'ਚ ਪਹੁੰਚ ਕੇ ਅਮਰੀਕੀ ਲੋਕਾਂ ਨੂੰ ਸਿੱਖ ਪਛਾਣ ਸਬੰਧੀ ਜਾਣੂ ਕਰਵਾਇਆ ਜਾਂਦਾ ਹੈ। ਹਰ ਸਾਲ ਸਿੱਖ ਰਾਈਡਰਜ਼ ਵੱਲੋਂ ਅਮਰੀਕੀ ਲੋਕਾਂ ਦੇ ਵੱਖ-ਵੱਖ ਸਮਾਗਮਾਂ 'ਚ ਪਹੁੰਚ ਕੇ ਸਿੱਖ ਧਰਮ ਨੂੰ ਪ੍ਰਫੁੱਲਿਤ ਕਰਨ ਲਈ ਸ਼ਲਾਘਾਯੋਗ ਉਪਰਾਲੇ ਕੀਤੇ ਜਾ ਰਹੇ ਹਨ।

ਇਸੇ ਕੜੀ ਅਧੀਨ ਟੈਕਸਾਸ ਸਟੇਟ ਦੇ ਸ਼ਹਿਰ ਡੈਲਸ ਵਿਖੇ ਸਿੱਖ ਰਾਈਡਰਜ਼ ਆਫ਼ ਅਮਰੀਕਾ ਦੇ ਕਾਰਕੁਨਾਂ ਵੱਲੋਂ ਪੰਜਵੀਂ ਸਾਲਾਨਾ ਮੋਟਰਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ ਜਿਸ ਦੀ ਸ਼ੁੁਰੂਆਤ ਅਰਦਾਸ ਨਾਲ ਹੋਈ। ਇਸ ਦੌਰਾਨ ਤੀਹ ਮੀਲਾਂ ਦਾ ਸਫਰ ਤਹਿ ਕੀਤਾ ਗਿਆ। ਇਸ ਰੈਲੀ ਨੂੰ ਫਰੀਵੇਅ ਬੰਦ ਕਰਕੇ ਪੁਲਿਸ ਐਸਕੋਰਟ ਦੁਬਾਰਾ ਬਿੱਡਫਰਡ ਤੋਂ ਡੈਲਸ ਲਿਜਾਇਆ ਗਿਆ। ਇਸ ਰੈਲੀ ਵਿਚ 230 ਤੋਂ ਵੱਧ ਮੋਟਰਸਾਈਕਲ ਸਵਾਰਾਂ ਨੇ ਹਿੱਸਾ ਲਿਆ। ਸੈਂਕੜਿਆਂ ਦੇ ਹਿਸਾਬ ਅਮਰੀਕੀ ਲੋਕਾਂ ਨੇ ਇਸ ਸਮਾਗਮ 'ਚ ਸ਼ਿਰਕਤ ਕੀਤੀ। ਇਸ ਰੈਲੀ ਦੌਰਾਨ 5 ਲੋਕਲ ਲਾਅ ਇੰਨਫੋਰਸਮੈਂਟ ਚੈਰਿਟੀਆਂ ਲਈ 7500 ਡਾਲਰ ਦਾ ਫੰਡ ਵੀ ਦਿੱਤਾ ਗਿਆ। ਇਸ ਮੌਕੇ ਸੰਸਥਾ ਦੇ ਬੁਲਾਰਿਆ ਨੇ ਦੱਸਿਆ ਕਿ ਇਸ ਸਾਲ ਇਸ ਮੌਕੇ ਖ਼ਾਸ ਤੌਰ 'ਤੇ ਲੱਗੇ ਸਿੱਖ ਰਾਈਡਰਜ਼ ਬੂਥ ਤੋਂ ਸਿੱਖ ਧਰਮ ਅਤੇ ਦਸਤਾਰ ਪ੍ਰਤੀ ਜਾਣਕਾਰੀ ਭਰਪੂਰ ਪਰਚੇ ਵੀ ਵੰਡੇ ਗਏ। ਇਸ ਮੌਕੇ ਬਹੁਤ ਸਾਰੇ ਗੋਰੇ ਜਿਹੜੇ ਸਿੱਖ ਧਰਮ ਤੋਂ ਅਣਜਾਣ ਸਨ, ਸਿੱਖ ਧਰਮ ਪ੍ਰਤੀ ਜਾਣ ਕੇ ਬਹੁਤ ਪ੍ਰਭਾਵਿਤ ਹੋਏ ਅਤੇ ਸਿੱਖ ਰਾਈਡਰਜ਼ ਦੇ ਇਸ ਉਪਰਾਲੇ ਦੀ ਉਨ੍ਹਾਂ ਭਰਪੂਰ ਸ਼ਲਾਘਾ ਕੀਤੀ। ਇਸ ਸਮਾਗਮ 'ਚ ਵਿਸ਼ੇਸ਼ ਤੌਰ 'ਤੇ ਸਿਟੀ ਮੇਅਰ ਅਤੇ ਪੁਲਿਸ ਚੀਫ ਨੇ ਸ਼ਿਰਕਤ ਕਰਕੇ ਪ੍ਰਰੋਗਰਾਮ ਨੂੰ ਹੋਰ ਚਾਰ ਚੰਨ ਲਾਏ। ਹੁਣ ਤਕ ਪਿਛਲੇ ਸੱਤ ਸਾਲਾਂ ਦੌਰਾਨ ਸਿੱਖ ਰਾਈਡਰਜ਼ ਆਫ ਅਮੈਰਿਕਾ ਇਕ ਲੱਖ ਪੱਚੀ ਹਜ਼ਾਰ ਡਾਲਰ ਲੋਕਲ ਲਾਅ ਇਨਫੋਰਸਮੈਂਟ ਅਤੇ ਲੋਕਲ ਚੈਰਿਟੀਆਂ ਨੂੰ ਦਾਨ ਕਰ ਚੁੱਕੇ ਹਨ।