ਵਾਸ਼ਿੰਗਟਨ (ਪੀਟੀਆਈ) : ਅਮਰੀਕਾ 'ਚ ਨੌਕਰੀ ਦੀ ਇੱਛਾ ਰੱਖਣ ਵਾਲੇ ਭਾਰਤੀ ਆਈਟੀ ਪੇਸ਼ੇਵਰਾਂ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੱਡਾ ਝਟਕਾ ਦਿੱਤਾ ਹੈ। ਟਰੰਪ ਨੇ ਇਕ ਕਾਰਜਕਾਰੀ ਆਦੇਸ਼ 'ਤੇ ਦਸਤਖ਼ਤ ਕੀਤੇ ਹਨ, ਜਿਸ ਤਹਿਤ ਹੁਣ ਅਮਰੀਕਾ ਦੀਆਂ ਸਰਕਾਰੀ ਏਜੰਸੀਆਂ ਐੱਚ-1ਬੀ ਵੀਜ਼ਾ ਧਾਰਕਾਂ ਨੂੰ ਨੌਕਰੀ ਨਹੀਂ ਰੱਖ ਸਕਣਗੀਆਂ।

ਅਮਰੀਕਾ 'ਚ ਇਸ ਸਾਲ ਰਾਸ਼ਟਰਪਤੀ ਅਹੁਦੇ ਲਈ ਚੋਣਾਂ ਹੋਣੀਆਂ ਹਨ। ਇਸ ਦੇ ਮੱਦੇਨਜ਼ਰ ਟਰੰਪ ਪ੍ਰਸ਼ਾਸਨ ਨੇ ਅਮਰੀਕੀ ਕਾਮਿਆਂ ਦੇ ਹਿੱਤਾਂ ਦੇ ਬਚਾਅ ਦੇ ਨਾਂ 'ਤੇ 23 ਜੂਨ ਨੂੰ ਇਸ ਸਾਲ ਦੇ ਅੰਤ ਤਕ ਲਈ ਐੱਚ-1ਬੀ ਤੇ ਵਿਦੇਸ਼ੀ ਕਾਮਿਆਂ ਦੇ ਹਿੱਤਾਂ ਲਈ ਬਚਾਅ ਦੇ ਨਾਂ 'ਤੇ 23 ਜੂਨ ਨੂੰ ਇਸ ਸਾਲ ਦੇ ਅੰਤ ਤਕ ਲਈ ਐੱਚ-1ਬੀ ਤੇ ਵਿਦੇਸ਼ੀ ਕਾਮਿਆਂ ਨੂੰ ਅਮਰੀਕਾ 'ਚ ਕੰਮ ਕਰਨ ਲਈ ਜ਼ਰੂਰੀ ਹੋਰ ਵੀਜ਼ਿਆਂ ਨੂੰ ਮੁਅੱਤਲ ਕਰਨ ਦਾ ਐਲਾਨ ਕੀਤਾ ਸੀ। ਇਸ ਤੋਂ ਇਕ ਮਹੀਨੇ ਬਾਅਦ ਇਹ ਆਦੇਸ਼ ਜਾਰੀ ਕੀਤਾ ਹੈ। ਇਹ ਫ਼ੈਸਲਾ 24 ਜੂਨ ਤੋਂ ਹੀ ਲਾਗੂ ਮੰਨਿਆ ਜਾਵੇਗਾ।

ਐੱਚ-1ਬੀ ਵੀਜ਼ਾ ਇਕ ਗ਼ੈਰ ਅਪਰਵਾਸੀ ਵੀਜ਼ਾ ਹੈ, ਜੋ ਅਮਰੀਕੀ ਕੰਪਨੀਆਂ ਨੂੰ ਵਿਦੇਸ਼ੀ ਮਾਹਿਰਾਂ ਨੂੰ ਨੌਕਰੀ 'ਤੇ ਰੱਖਣ ਦੀ ਆਗਿਆ ਦਿੰਦਾ ਹੈ। ਅਮਰੀਕਾ 'ਚ ਕੰਮ ਕਰਨ ਵਾਲੇ ਜ਼ਿਆਦਾਤਰ ਭਾਰਤੀ ਆਈਟੀ ਪੇਸ਼ੇਵਰ ਇਸੇ ਵੀਜ਼ੇ 'ਤੇ ਉਥੇ ਜਾਂਦੇ ਹਨ। ਅਮਰੀਕੀ ਟੈੱਕ ਕੰਪਨੀਆਂ ਹਰ ਸਾਲ ਇਸੇ ਵੀਜ਼ੇ 'ਤੇ ਭਾਰਤ ਤੇ ਚੀਨ ਸਮੇਤ ਦੂਜੇ ਦੇਸ਼ਾਂ ਤੋਂ ਹਜ਼ਾਰਾਂ ਮੁਲਾਜ਼ਮਾਂ ਨੂੰ ਨੌਕਰੀ 'ਤੇ ਰੱਖਦੀਆਂ ਹਨ।

ਆਦੇਸ਼ 'ਤੇ ਦਸਤਖ਼ਤ ਕਰਨ ਤੋਂ ਬਾਅਦ ਓਵਲ ਆਫਿਸ 'ਚ ਟਰੰਪ ਨੇ ਪੱਤਰਕਾਰਾਂ ਨੂੰ ਕਿਹਾ ਕਿ ਉਨ੍ਹਾਂ ਦੀ ਸਰਕਾਰ ਇਹ ਬਰਦਾਸ਼ਤ ਨਹੀਂ ਕਰੇਗੀ ਕਿ ਸਸਤੇ ਵਿਦੇਸ਼ੀ ਕਾਮਿਆਂ ਲਈ ਸਖ਼ਤ ਮਿਹਨਤ ਕਰਨ ਵਾਲੇ ਅਮਰੀਕੀ ਨਾਗਰਿਕਾਂ ਨੂੰ ਨੌਕਰੀ ਤੋਂ ਹਟਾਇਆ ਜਾਵੇ।