ਵਾਸ਼ਿੰਗਟਨ (ਪੀਟੀਆਈ) : ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਜੋਅ ਬਾਇਡਨ ਨੇ ਉਨ੍ਹਾਂ ਕੰਮਾਂ ਦੀ ਸੂਚੀ ਤਿਆਰ ਕਰ ਲਈ ਹੈ ਜਿਨ੍ਹਾਂ ਨੂੰ ਉਹ ਸਹੁੰ ਵਾਲੇ ਦਿਨ ਹੀ ਪੂਰਾ ਕਰਨਗੇ। 20 ਜਨਵਰੀ ਨੂੰ ਸਹੁੰ ਚੁੱਕਣ ਦੇ ਤੁਰੰਤ ਬਾਅਦ ਬਾਇਡਨ ਦੇਸ਼ ਦੇ ਸਾਹਮਣੇ ਮੌਜੂਦ ਚਾਰ ਚੁਣੌਤੀਆਂ-ਕੋਰੋਨਾ ਸੰਕਟ, ਆਰਥਿਕ ਸੰਕਟ, ਪੌਣਪਾਣੀ ਸਬੰਧੀ ਸਮੱਸਿਆਵਾਂ ਅਤੇ ਨਸਲੀ ਅਸਮਾਨਤਾ ਨਾਲ ਨਿਪਟਣ ਲਈ ਕਰੀਬ ਇਕ ਦਰਜਨ ਪ੍ਰਸਤਾਵਾਂ 'ਤੇ ਦਸਤਖ਼ਤ ਕਰਨਗੇ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਉਹ ਆਪਣੇ ਕਾਰਜਕਾਲ ਦੇ ਪਹਿਲੇ ਦਿਨ 1.1 ਕਰੋੜ ਪਰਵਾਸੀਆਂ ਨੂੰ ਨਾਗਰਿਕਤਾ ਦੇਣ ਦਾ ਵੀ ਐਲਾਨ ਕਰ ਸਕਦੇ ਹਨ।

ਵ੍ਹਾਈਟ ਹਾਊਸ ਦੇ ਨਵੇਂ ਚੁਣੇ ਚੀਫ ਆਫ ਸਟਾਫ ਰੋਨ ਕਲੀਨ ਨੇ ਆਗਾਮੀ ਵ੍ਹਾਈਟ ਹਾਊਸ ਸੀਨੀਅਰ ਕਰਮਚਾਰੀਆਂ ਨੂੰ ਸ਼ਨਿਚਰਵਾਰ ਨੂੰ ਦਿੱਤੇ ਇਕ ਨੋਟਿਸ ਵਿਚ ਕਿਹਾ ਕਿ ਨਵੇਂ ਚੁਣੇ ਰਾਸ਼ਟਰਪਤੀ ਬਾਇਡਨ ਅਜਿਹੇ ਸਮੇਂ ਵਿਚ ਕਾਰਜਕਾਲ ਸੰਭਾਲ ਰਹੇ ਹਨ ਜਦੋਂ ਦੇਸ਼ ਗੰਭੀਰ ਸੰਕਟ ਨਾਲ ਜੂਝ ਰਿਹਾ ਹੈ। ਸਾਡੇ ਸਾਹਮਣੇ ਚਾਰ ਵੱਡੇ ਸੰਕਟ ਹਨ ਜੋ ਇਕ-ਦੂਜੇ ਨਾਲ ਜੁੜੇ ਹਨ। ਇਹ ਸੰਕਟ ਹਨ-ਕੋਰੋਨਾ ਅਤੇ ਇਸ ਕਾਰਨ ਪੈਦਾ ਹੋਇਆ ਆਰਥਿਕ ਸੰਕਟ, ਪੌਣਪਾਣੀ ਨਾਲ ਜੁੜੀਆਂ ਸਮੱਸਿਆਵਾਂ ਅਤੇ ਨਸਲੀ ਸਮਾਨਤਾ ਦੀ ਘਾਟ ਨਾਲ ਜੁੜਿਆ ਸੰਕਟ ਹੈ।

ਇਨ੍ਹਾਂ ਸਾਰੇ ਸੰਕਟਾਂ ਦੇ ਹੱਲ ਲਈ ਤੁਰੰਤ ਕਦਮ ਚੁੱਕੇ ਜਾਣ ਦੀ ਲੋੜ ਹੈ ਅਤੇ ਬਾਇਡਨ ਆਪਣੇ ਕਾਰਜਕਾਲ ਦੇ ਸ਼ੁਰੂਆਤੀ 10 ਦਿਨਾਂ ਵਿਚ ਇਨ੍ਹਾਂ ਸੰਕਟਾਂ ਨਾਲ ਨਿਪਟਣ ਲਈ ਨਿਰਣਾਇਕ ਕਦਮ ਚੁੱਕਣਗੇ। ਕਲੀਨ ਨੇ ਕਿਹਾ ਕਿ ਸਹੁੰ ਚੁੱਕਣ ਦੇ ਦਿਨ ਨਵੇਂ ਚੁਣੇ ਰਾਸ਼ਟਰਪਤੀ ਬਾਇਡਨ ਚਾਰ ਸੰਕਟਾਂ ਨਾਲ ਨਿਪਟਣ ਲਈ ਕਰੀਬ ਇਕ ਦਰਜਨ ਪ੍ਰਸਤਾਵਾਂ 'ਤੇ ਦਸਤਖ਼ਤ ਕਰਨਗੇ। ਬਾਇਡਨ ਪਹਿਲੇ ਹੀ ਦਿਨ ਅਮਰੀਕੀ ਲੋਕਾਂ ਨੂੰ ਕੋਰੋਨਾ ਵਾਇਰਸ ਮਹਾਮਾਰੀ ਨਾਲ ਜੁੜਿਆ ਰਾਹਤ ਪੈਕੇਜ ਵੀ ਦੇਣਗੇ। ਉਨ੍ਹਾਂ ਕਿਹਾ ਕਿ ਜਿਵੇਂ ਕਿ ਪਹਿਲੇ ਹੀ ਐਲਾਨ ਕੀਤਾ ਗਿਆ ਸੀ ਉਹ ਸਿੱਖਿਆ ਵਿਭਾਗ ਤੋਂ ਵਿਦਿਆਰਥੀਆਂ ਲਈ ਲੋਨ ਦੇ ਭੁਗਤਾਨ 'ਤੇ ਮੌਜੂਦਾ ਰੋਕ ਦੀ ਮਿਆਦ ਵਧਾਉਣਗੇ, ਪੈਰਿਸ ਸਮਝੌਤੇ ਵਿਚ ਦੁਬਾਰਾ ਸ਼ਾਮਲ ਹੋਣਗੇ ਅਤੇ ਮੁਸਲਮਾਨਾਂ ਤੋਂ ਪਾਬੰਦੀਆਂ ਹਟਾਉਣਗੇ।

ਵਾਸ਼ਿੰਗਟਨ ਬੁਲਾਏ ਗਏ ਹਜ਼ਾਰਾਂ ਸੈਨਿਕ

ਵਾਸ਼ਿੰਗਟਨ ਵਿਚ ਹਿੰਸਕ ਪ੍ਰਦਰਸ਼ਨਾਂ ਦੀ ਸ਼ੰਕਾ ਦੇ ਮੱਦੇਨਜ਼ਰ ਰੱਖਿਆ ਅਧਿਕਾਰੀਆਂ ਵੱਲੋਂ ਹੋਰ ਫ਼ੌਜੀਆਂ ਨੂੰ ਭੇਜਣ ਦੀ ਮੰਗ ਪਿੱਛੋਂ ਵੱਡੀ ਗਿਣਤੀ ਵਿਚ ਫ਼ੌਜੀ ਵੱਖ-ਵੱਖ ਸੂਬਿਆਂ ਤੋਂ ਬੱਸਾਂ ਅਤੇ ਜਹਾਜ਼ਾਂ ਰਾਹੀਂ ਸ਼ਨਿਚਰਵਾਰ ਨੂੰ ਰਾਜਧਾਨੀ 'ਚ ਆਉਣ ਲੱਗੇ। ਵਾਸ਼ਿੰਗਟਨ ਵਿਚ ਅਗਲੇ ਹਫ਼ਤੇ ਦੇ ਸ਼ੁਰੂ ਤਕ 25 ਹਜ਼ਾਰ ਫ਼ੌਜੀਆਂ ਦੇ ਆਉਣ ਦਾ ਅਨੁਮਾਨ ਹੈ। ਕਈ ਹਜ਼ਾਰ ਫ਼ੌਜੀ ਬੱਸਾਂ ਤੇ ਫ਼ੌਜ ਦੇ ਟਰੱਕਾਂ ਵਿਚ ਸਵਾਰ ਹਨ ਅਤੇ ਵਾਸ਼ਿੰਗਟਨ ਆ ਰਹੇ ਹਨ। ਫ਼ੌਜ ਸਬੰਧੀ ਮਾਮਲਿਆਂ ਦੇ ਮੰਤਰੀ ਰਾਇਨ ਮੈੱਕਰਥੀ ਨੇ ਗਵਰਨਰਾਂ ਤੋਂ ਮਦਦ ਮੰਗੀ ਸੀ। ਦਰਅਸਲ, ਬਾਇਡਨ ਦੇ ਸਹੁੰ ਲੈਣ ਤੋਂ ਪਹਿਲੇ ਪ੍ਰਦਰਸ਼ਨਾਂ ਦੀ ਸ਼ੰਕਾ ਨੂੰ ਦੇਖਦੇ ਹੋਏ ਫ਼ੌਜ ਦੇ ਅਧਿਕਾਰੀਆਂ ਨੇ ਸੂਬਿਆਂ ਦੇ ਗਵਰਨਰਾਂ ਤੋਂ ਨੈਸ਼ਨਲ ਗਾਰਡ ਦੇ ਅਧਿਕਾਰਤ ਜਵਾਨਾਂ ਨੂੰ ਭੇਜਣ ਦੀ ਅਪੀਲ ਕੀਤੀ ਸੀ ਜਿਸ ਨਾਲ ਕਿ ਸ਼ਹਿਰ ਦੇ ਜ਼ਿਆਦਾਤਰ ਹਿੱਸੇ ਵਿਚ ਸਹੁੰ ਚੁੱਕਣ ਤੋਂ ਪਹਿਲੇ ਲਾਕਡਾਊਨ ਲਗਾਇਆ ਜਾ ਸਕੇ। ਛੇ ਜਨਵਰੀ ਨੂੰ ਅਮਰੀਕੀ ਸੰਸਦ ਭਵਨ 'ਤੇ ਭੀੜ ਨੇ ਹਿੰਸਕ ਧਾਵਾ ਬੋਲ ਦਿੱਤਾ ਸੀ। ਉਸ ਘਟਨਾ ਨੂੰ ਦੇਖਦੇ ਹੋਏ ਇਹ ਸ਼ੰਕਾ ਪ੍ਰਗਟਾਈ ਜਾ ਰਹੀ ਹੈ ਕਿ ਹਿੰਸਕ ਕੱਟੜਪੰਥੀ ਸਮੂਹ ਸ਼ਹਿਰ ਨੂੰ ਨਿਸ਼ਾਨਾ ਬਣਾ ਸਕਦੇ ਹਨ। ਹਥਿਆਰਬੰਦ ਘੁਸਪੈਠੀਆਂ ਦੇ ਆਉਣ ਅਤੇ ਧਮਾਕਾਖੇਜ਼ ਹਥਿਆਰ ਲਿਆਉਣ ਵਰਗੀ ਸ਼ੰਕਾ ਵੀ ਪ੍ਰਗਟਾਈ ਗਈ ਹੈ।

ਵਿਧਾਨ ਸਭਾ ਭਵਨਾਂ ਦੀ ਸੁਰੱਖਿਆ ਸਖ਼ਤ ਕੀਤੀ ਗਈ

ਐਤਵਾਰ ਨੂੰ ਹਮਲਿਆਂ ਦੀ ਸ਼ੰਕਾ ਦੇ ਮੱਦੇਨਜ਼ਰ ਸਾਰੇ ਸੂਬਿਆਂ ਦੀਆਂ ਰਾਜਧਾਨੀਆਂ ਵਿਚ ਹਥਿਆਰਾਂ ਨਾਲ ਲੈਸ ਫ਼ੌਜੀਆਂ ਨੂੰ ਤਾਇਨਾਤ ਕੀਤਾ ਗਿਆ ਹੈ। ਸੂਬਿਆਂ ਦੇ ਗਵਰਨਰਾਂ ਨੇ ਹੰਗਾਮੀ ਸਥਿਤੀ ਦਾ ਐਲਾਨ ਕਰ ਦਿੱਤਾ ਹੈ। ਸੂਬਿਆਂ ਦੇ ਵਿਧਾਨ ਸਭਾ ਭਵਨਾਂ ਨੂੰ ਜਨਤਾ ਲਈ ਬੰਦ ਕਰ ਦਿੱਤਾ ਗਿਆ ਹੈ। ਉਧਰ, ਅਮਰੀਕੀ ਸੰਸਦ ਭਵਨ ਦੇ ਕੋਲ ਬਣੇ ਚੈੱਕ ਪੋਸਟ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਇਕ ਵਿਅਕਤੀ ਨੂੰ ਪੁਲਿਸ ਨੇ ਗਿ੍ਫ਼ਤਾਰ ਕੀਤਾ ਹੈ। ਉਸ ਕੋਲੋਂ ਭਰੀ ਹੋਈ ਬੰਦੂਕ ਅਤੇ 500 ਤੋਂ ਜ਼ਿਆਦਾ ਗੋਲ਼ੀਆਂ ਬਰਾਮਦ ਕੀਤੀਆਂ ਗਈਆਂ ਹਨ।

ਤਿੰਨ ਦਿਨ ਤਕ ਰੱਦ ਰਹਿਣਗੀਆਂ ਵਾਸ਼ਿੰਗਟਨ ਜਾਣ ਵਾਲੀਆਂ ਬੱਸਾਂ

ਸੁਰੱਖਿਆ ਸਬੰਧੀ ਚਿੰਤਾਵਾਂ ਕਾਰਨ ਕਈ ਅਮਰੀਕੀ ਟਰਾਂਸਪੋਰਟ ਕੰਪਨੀਆਂ ਨੇ 17 ਤੋਂ 20 ਜਨਵਰੀ ਤਕ ਵਾਸ਼ਿੰਗਟਨ ਜਾਣ ਵਾਲੀਆਂ ਬੱਸਾਂ ਨੂੰ ਰੱਦ ਕਰ ਦਿੱਤਾ ਹੈ। ਇਸ ਤੋਂ ਪਹਿਲੇ ਓਵਰਸਾਈਟ ਕਮੇਟੀ ਦੀ ਚੇਅਰਪਰਸਨ ਅਤੇ ਅਮਰੀਕੀ ਐੱਮਪੀ ਕੈਰੋਲੀਨਾ ਮੈਲੋਨੀ ਨੇ ਵੱਖ-ਵੱਖ ਬੱਸ ਸੇਵਾਵਾਂ, ਆਟੋ ਰੈਂਟਲ ਕੰਪਨੀਆਂ ਅਤੇ ਹੋਟਲਾਂ ਨੂੰ ਪੱਤਰ ਭੇਜ ਕੇ ਸੰਭਾਵਿਤ ਘਟਨਾਵਾਂ ਨੂੰ ਰੋਕਣ ਵਿਚ ਮਦਦ ਕਰਨ ਨੂੰ ਕਿਹਾ ਸੀ। ਜਿਨ੍ਹਾਂ ਕੰਪਨੀਆਂ ਨੂੰ ਇਹ ਪੱਤਰ ਭੇਜਿਆ ਗਿਆ ਸੀ ਉਨ੍ਹਾਂ ਵਿਚ ਮੈਗਾ ਬੱਸ, ਗ੍ਰੇਹਾਊਂਡ, ਬੋਲਟ ਬੱਸ, ਪੀਟਰ ਪੈਨ, ਹਯਾਤ, ਹਿਲਟਨ ਅਤੇ ਮੈਰੀਅਟ ਸ਼ਾਮਲ ਹਨ।

ਜੱਜ ਸੋਨੀਆ ਚੁਕਾਏਗੀ ਕਮਲਾ ਹੈਰਿਸ ਨੂੰ ਸਹੁੰ

ਬੁੱਧਵਾਰ ਨੂੰ ਹੋਣ ਵਾਲੇ ਸਹੁੰ ਚੁੱਕ ਸਮਾਗਮ ਵਿਚ ਨਵੀਂ ਚੁਣੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਸਹੁੰ ਸੁਪਰੀਮ ਕੋਰਟ ਦੀ ਜੱਜ ਸੋਨੀਆ ਸੋਟੋਮਾਯੋਰ ਚੁਕਾਏਗੀ। ਇਹ ਪ੍ਰਰੋਗਰਾਮ ਇਸ ਲਿਹਾਜ਼ ਨਾਲ ਇਤਿਹਾਸਕ ਹੋਵੇਗਾ ਕਿ ਪਹਿਲੇ ਸਿਆਹਫਾਮ, ਦੱਖਣੀ ਏਸ਼ਿਆਈ ਮਹਿਲਾ ਉਪ ਰਾਸ਼ਟਰਪਤੀ ਨੂੰ ਸਹੁੰ ਚੁਕਾਉਣ ਵਾਲੀ ਸੋਟੋਮਾਯੋਰ ਪਹਿਲੀ ਲਾਤੀਨੀ ਅਮਰੀਕੀ ਜੱਜ ਹੈ। ਇਕ ਸੂਤਰ ਮੁਤਾਬਕ ਸੋਟੋਮਾਯੋਰ ਦੀ ਚੋਣ ਹੈਰਿਸ ਨੇ ਕੀਤੀ ਹੈ। ਦੋਵਾਂ ਨੇ ਇਕੱਠਿਆਂ ਵਕਾਲਤ ਕੀਤੀ ਹੈ। ਸਹੁੰ ਚੁੱਕਣ ਵੇਲੇ ਦੋ ਬਾਈਬਲਾਂ ਦੀ ਵੀ ਵਰਤੋਂ ਕੀਤੀ ਜਾਵੇਗੀ ਜਿਨ੍ਹਾਂ ਵਿੱਚੋਂ ਇਕ ਸੁਪਰੀਮ ਕੋਰਟ ਦੇ ਪਹਿਲੇ ਸਿਆਹਫਾਮ ਜੱਜ ਥਰਗੁਡ ਮਾਰਸ਼ਲ ਦੀ ਹੋਵੇਗੀ। ਹੈਰਿਸ ਦੇ ਸਹੁੰ ਚੁੱਕਣ ਦੀ ਇਹ ਨਵੀਨਤਮ ਜਾਣਕਾਰੀ ਏਬੀਸੀ ਨਿਊਜ਼ ਨੇ ਦਿੱਤੀ। ਹੈਰਿਸ, ਸੋਟੋਮਾਯੋਰ ਅਤੇ ਮਾਰਸ਼ਲ ਦੋਵਾਂ ਦੀ ਪ੍ਰਸ਼ੰਸਕ ਰਹੀ ਹੈ। ਉਨ੍ਹਾਂ ਟਵਿੱਟਰ 'ਤੇ ਪੋਸਟ ਇਕ ਵੀਡੀਓ ਵਿਚ ਕਿਹਾ ਸੀ ਕਿ ਕਿਉਂਕਿ ਵਕੀਲ ਬਣਨ ਦੀ ਇੱਛਾ ਪਿੱਛੇ ਇਕ ਪ੍ਰਮੁੱਖ ਕਾਰਨ ਮਾਰਸ਼ਲ ਹਨ। ਸੋਟੋਮਾਯੋਹ ਨੇ ਇਸ ਤੋਂ ਪਹਿਲੇ 2013 ਵਿਚ ਜੋਅ ਬਾਇਡਨ ਨੂੰ ਉਪ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁਕਾਈ ਸੀ।