ਵਾਸ਼ਿੰਗਟਨ (ਏਜੰਸੀਆਂ) : ਤਿੰਨ ਨਵੰਬਰ ਨੂੰ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ 'ਚ ਭਾਰਤੀ-ਅਮਰੀਕੀ ਭਾਈਚਾਰੇ ਦੇ 66 ਫ਼ੀਸਦੀ ਵੋਟਰ ਡੈਮੋਕ੍ਰੇਟ ਉਮੀਦਵਾਰ ਜੋ ਬਿਡੇਨ ਨਾਲ ਹਨ।

ਟਰੰਪ ਨੂੰ 28 ਫ਼ੀਸਦੀ ਵੋਟਰਾਂ ਦੀ ਹਮਾਇਤ ਮਿਲਦੀ ਦਿਸ ਰਹੀ ਹੈ। ਛੇ ਫ਼ੀਸਦੀ ਵੋਟਰ ਹਾਲੇ ਫ਼ੈਸਲਾ ਨਾਲ ਲੈਣ ਦੀ ਸਥਿਤੀ ਵਿਚ ਹਨ। ਇਕ ਤਾਜ਼ਾ ਸਰਵੇਖਣ ਵਿਚ ਇਹ ਅੰਕੜਾ ਸਾਹਮਣੇ ਆਇਆ ਹੈ। ਇੰਡੀਆਸਪੋਰਾ ਅਤੇ ਏਸ਼ੀਅਨ ਅਮਰੀਕਨ ਐਂਡ ਪੈਸਿਫਿਕ ਆਈਲੈਂਡਰਸ ਨੇ ਮੰਗਲਵਾਰ ਨੂੰ ਸਾਂਝੇ ਰੂਪ ਨਾਲ ਇਸ ਨੂੰ ਜਾਰੀ ਕੀਤਾ ਹੈ।

ਭਾਰਤੀ-ਅਮਰੀਕੀ ਭਾਈਚਾਰੇ ਵਿਚ ਭਲੇ ਹੀ ਬਿਡੇਨ ਦੀ ਪ੍ਰਸਿੱਧੀ ਕਾਇਮ ਹੋਵੇ, ਪਰ ਡੈਮੋਕ੍ਰੇਟਸ ਲਈ ਚਿੰਤਾ ਦੀ ਗੱਲ ਇਹ ਹੈ ਕਿ ਰਿਪਬਲਿਕਨ ਉਮੀਦਵਾਰ ਤੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਬੈਂਕ ਵਿਚ ਪੈਂਠ ਵਧਾਈ ਹੈ। ਇਸ ਤੋਂ ਪਹਿਲਾਂ ਕਿਸੇ ਰਿਪਬਲਿਕਨ ਰਾਸ਼ਟਰਪਤੀ ਨੂੰ ਇਸ ਭਾਈਚਾਰੇ ਵਿਚ ਏਨਾ ਸਮਰਥਨ ਨਹੀਂ ਮਿਲਿਆ। ਇਸ ਦਾ ਮਤਲਬ ਇਹ ਹੋਇਆ ਕਿ ਭਾਰਤੀ ਅਮਰੀਕੀ ਭਾਈਚਾਰੇ ਦੇ ਸਮਰਥਨ ਨੂੰ ਲੈ ਕੇ ਡੈਮੋਕ੍ਰੇਟਿਕ ਪਾਰਟੀ ਹੁਣ ਪਹਿਲਾਂ ਦੀ ਤਰ੍ਹਾਂ ਨਿਸ਼ਚਿੰਤ ਨਹੀਂ ਰਹਿ ਸਕਦੀ।

2016 ਦੀਆਂ ਰਾਸ਼ਟਰਪਤੀ ਚੋਣਾਂ ਵਿਚ ਡੈਮੋਕ੍ਰੇਟ ਉਮੀਦਵਾਰ ਹਿਲੇਰੀ ਕਲਿੰਟਨ ਨੂੰ ਇਸ ਭਾਈਚਾਰੇ ਦੇ 77 ਫ਼ੀਸਦੀ ਲੋਕਾਂ ਦੇ ਵੋਟ ਮਿਲੇ ਸਨ। ਉਦੋਂ ਉਨ੍ਹਾਂ ਦੇ ਵਿਰੋਧੀ ਟਰੰਪ ਹੀ ਸਨ ਜਿਨ੍ਹਾਂ ਨੂੰ ਮਹਿਜ਼ 16 ਫ਼ੀਸਦੀ ਵੋਟਾਂ ਨਾਲ ਸਬਰ ਕਰਨਾ ਪਿਆ ਸੀ। ਉਥੇ, 2012 ਦੀਆਂ ਰਾਸ਼ਟਰਪਤੀ ਚੋਣਾਂ ਵਿਚ ਭਾਰਤੀ-ਅਮਰੀਕੀ ਭਾਈਚਾਰੇ ਦੇ 84 ਫ਼ੀਸਦੀ ਲੋਕਾਂ ਨੇ ਡੈਮੋਕ੍ਰੇਟ ਉਮੀਦਵਾਰ ਬਰਾਕ ਓਬਾਮਾ ਲਈ ਵੋਟ ਕੀਤਾ ਸੀ।

------

ਹਿੱਟ ਹੋਇਆ ਟਰੰਪ ਮੁਹਿੰਮ ਦਾ ਵੀਡੀਓ

ਟਰੰਪ ਮੁਹਿੰਮ ਵੱਲੋਂ ਭਾਰਤੀ ਅਮਰੀਕੀ ਭਾਈਚਾਰੇ ਨੂੰ ਰਿਝਾਉਣ ਲਈ 'ਚਾਰ ਸਾਲ ਹੋਰ' ਸਿਰਲੇਖ ਨਾਲ ਜਾਰੀ ਵੀਡੀਓ ਨੂੰ ਇਕ ਕਰੋੜ ਵਾਰ ਦੇਖਿਆ ਜਾ ਚੁੱਕਾ ਹੈ। ਇਸ ਵੀਡੀਓ ਵਿਚ ਟਰੰਪ ਅਤੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਕ-ਦੂਜੇ ਦਾ ਹੱਥ ਫੜੇ ਚੱਲਦੇ ਹੋਏ ਦਿਖਾਇਆ ਗਿਆ ਹੈ। ਟਰੰਪ ਦੀ ਸੀਨੀਅਰ ਸਲਾਹਕਾਰ ਕਿੰਬਰਲੀ ਗੁਈਲਫਾਇਲ ਨੇ ਟਵੀਟ ਕਰ ਕੇ ਕਿਹਾ ਕਿ ਭਾਰਤ ਨਾਲ ਡੂੰਘੀ ਦੋਸਤੀ ਨਾਲ ਅਮਰੀਕਾ ਖ਼ੁਸ਼ ਹੈ ਅਤੇ ਸਾਡੀ ਮੁਹਿੰਮ ਨੂੰ ਭਾਰਤੀ-ਅਮਰੀਕੀ ਭਾਈਚਾਰੇ ਦਾ ਭਾਰੀ ਸਮਰਥਨ ਮਿਲ ਰਿਹਾ ਹੈ।