ਵਾਸ਼ਿੰਗਟਨ (ਪੀਟੀਆਈ) : ਅਮਰੀਕਾ ਦੇ ਸਾਬਕਾ ਉਪ ਰਾਸ਼ਟਰਪਤੀ ਤੇ ਡੈਮੋਕ੍ਰੇਟਿਕ ਪਾਰਟੀ ਤੋਂ ਰਾਸ਼ਟਰਪਤੀ ਅਹੁਦੇ ਦੇ ਪ੍ਰਮੁੱਖ ਦਾਅਵੇਦਾਰ ਜੋ ਬਿਡੇਨ ਨੇ ਵੀ ਰਾਸ਼ਟਰਪਤੀ ਟਰੰਪ ਖ਼ਿਲਾਫ਼ ਮਹਾਦੋਸ਼ ਚਲਾਉਣ ਦੀ ਮੰਗ ਕੀਤੀ ਹੈ। ਪਹਿਲੀ ਵਾਰ ਇਹ ਮੰਗ ਉਠਾਉਂਦੇ ਹੋਏ ਬਿਡੇਨ ਨੇ ਕਿਹਾ ਕਿ ਟਰੰਪ ਅਮਰੀਕੀ ਲੋਕਤੰਤਰ ਲਈ ਖ਼ਤਰਾ ਹਨ ਤੇ ਉਨ੍ਹਾਂ ਨੇ ਅਹੁਦੇ ਦੀ ਸਹੁੰ ਦੀ ਉਲੰਘਣਾ ਕੀਤੀ ਹੈ। ਟਰੰਪ 'ਤੇ ਦੋਸ਼ ਹੈ ਕਿ ਉਨ੍ਹਾਂ ਨੇ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜੇਲੇਂਸਕੀ ਨੂੰ 25 ਜੁਲਾਈ ਨੂੰ ਫੋਨ ਕਰ ਕੇ ਬਿਡੇਨ ਨਾਲ ਜੁੜੇ ਭਿ੍ਸ਼ਟਾਚਾਰ ਦੇ ਸੌਦਿਆਂ ਦੀ ਜਾਂਚ ਕਰਾਉਣ ਦਾ ਦਬਾਅ ਪਾਇਆ ਸੀ। ਬਿਡੇਨ ਦੀ ਪਾਰਟੀ ਨੇ ਟਰੰਪ ਖ਼ਿਲਾਫ਼ ਮਹਾਦੋਸ਼ ਦੀ ਜਾਂਚ ਸ਼ੁਰੂ ਕੀਤੀ ਹੈ। ਡੈਮੋਕ੍ਰੇਟ ਮੈਂਬਰਾਂ ਦਾ ਕਹਿਣਾ ਹੈ ਕਿ ਟਰੰਪ ਨੇ ਯੂਕ੍ਰੇਨ 'ਚ ਅਮਰੀਕੀ ਫ਼ੌਜੀ ਮਦਦ ਰੋਕ ਕੇ ਉੱਥੋਂ ਦੇ ਰਾਸ਼ਟਰਪਤੀ ਨੂੰ ਅਜਿਹਾ ਕਰਨ ਲਈ ਮਜਬੂਰ ਕੀਤਾ। ਟਰੰਪ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕਰਦਿਆਂ ਮਹਾਦੋਸ਼ ਦੀ ਜਾਂਚ ਨੂੰ ਮੰਦੀ ਭਾਵਨਾ ਤੋਂ ਪ੍ਰਰੇਰਿਤ ਦੱਸਿਆ ਹੈ।

ਬੁੱਧਵਾਰ ਨੂੰ ਨਿਊ ਹੈਂਪਸ਼ਾਇਰ 'ਚ ਇਕ ਚੋਣ ਰੈਲੀ ਦੌਰਾਨ ਬਿਡੇਨ ਨੇ ਕਿਹਾ, 'ਅਮਰੀਕਾ ਦੇ ਇਤਿਹਾਸ 'ਚ ਕਦੀ ਕਿਸੇ ਰਾਸ਼ਟਰਪਤੀ ਨੇ ਅਜਿਹਾ ਅਨੋਖਾ ਵਿਵਹਾਰ ਨਹੀਂ ਕੀਤਾ। ਆਪਣੇ ਬਿਆਨਾਂ ਤੇ ਕੰਮਾਂ ਨਾਲ ਟਰੰਪ ਨੇ ਖ਼ੁਦ ਨੂੰ ਦੋਸ਼ੀ ਸਾਬਤ ਕੀਤਾ ਹੈ। ਉਨ੍ਹਾਂ ਨੇ ਨਿਆਂ ਪ੍ਰਕਿਰਿਆ 'ਚ ਰੁਕਾਵਟ ਪਾ ਕੇ ਅਤੇ ਕਾਂਗਰਸ ਦੀ ਜਾਂਚ 'ਚ ਸਹਿਯੋਗ ਨਾ ਕਰ ਕੇ ਖ਼ੁਦ ਨੂੰ ਦੋਸ਼ੀ ਠਹਿਰਾ ਦਿੱਤਾ ਹੈ।'

ਪਹਿਲੀ ਵਾਰ ਟਰੰਪ 'ਤੇ ਜਨਤਕ ਤੌਰ 'ਤੇ ਮਹਾਦੋਸ਼ ਚਲਾਏ ਜਾਣ ਦੀ ਹਮਾਇਤ ਕਰਦਿਆਂ ਬਿਡੇਨ ਨੇ ਕਿਹਾ, 'ਅਮਰੀਕੀ ਜਨਤਾ ਸਾਫ਼ ਦੇਖ ਸਕਦੀ ਹੈ ਕਿ ਟਰੰਪ ਨੇ ਅਹੁਦੇ ਦੀ ਸਹੁੰ ਦੀ ਉਲੰਘਣਾ ਕੀਤੀ, ਦੇਸ਼ ਨੂੰ ਧੋਖਾ ਦਿੱਤਾ ਤੇ ਮਹਾਦੋਸ਼ ਲਾਇਕ ਕੰਮ ਕੀਤੇ। ਸਾਡੇ ਸੰਵਿਧਾਨ, ਲੋਕਤੰਤਰ ਤੇ ਬੁਨਿਆਦੀ ਏਕਤਾ ਬਚਾਉਣ ਦੀ ਖ਼ਾਤਰ ਉਨ੍ਹਾਂ 'ਤੇ ਜ਼ਰੂਰ ਮਹਾਦੋਸ਼ ਚਲਾਇਆ ਜਾਣਾ ਚਾਹੀਦਾ ਹੈ।'

ਬਿਡੇਨ ਦੇ ਬਿਆਨ 'ਤੇ ਟਰੰਪ ਨੇ ਵੀ ਪਲਟਵਾਰ ਕਰਦਿਆਂ ਉਨ੍ਹਾਂ ਨੂੰ ਭਿ੍ਸ਼ਟਾਚਾਰੀ ਦੱਸਿਆ। ਵ੍ਹਾਈਟ ਹਾਊਸ 'ਚ ਪੱਤਰਕਾਰ ਵਾਰਤਾ 'ਚ ਉਨ੍ਹਾਂ ਕਿਹਾ ਕਿ ਅਸੀਂ ਬਿਡੇਨ ਨੂੰ ਭਿ੍ਸ਼ਟਾਚਾਰ ਨਾਲ ਫੜਿਆ ਹੈ। ਟਰੰਪ ਨੇ ਬਿਡੇਨ ਦੇ ਪੁੱਤਰ 'ਤੇ ਵੀ ਯੂਕ੍ਰੇਨ 'ਚ ਭਿ੍ਸ਼ਟਾਚਾਰ ਕਰਨ ਦੇ ਦੋਸ਼ ਲਗਾਏ। ਟਰੰਪ ਨੇ ਦਾਅਵਾ ਕੀਤਾ ਕਿ ਬਿਡੇਨ ਦੇ ਰਾਸ਼ਟਰਪਤੀ ਬਣਨ ਦੀ ਕੋਈ ਸੰਭਾਵਨਾ ਨਹੀਂ ਹੈ।