ਵਾਸ਼ਿੰਗਟਨ (ਏਐੱਫਪੀ) : ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਅਤੇ ਈ-ਕਾਮਰਸ ਕੰਪਨੀ ਐਮਾਜ਼ੋਨ ਦੇ ਬਾਨੀ ਜੈੱਫ ਬੇਜ਼ੋਸ ਨੇ ਪੌਣਪਾਣੀ ਪਰਿਵਰਤਨ ਨਾਲ ਲੜਨ ਲਈ 10 ਅਰਬ ਡਾਲਰ (71 ਹਜ਼ਾਰ 419 ਕਰੋੜ ਰੁਪਏ) ਦਾਨ ਕਰਨ ਦਾ ਐਲਾਨ ਕੀਤਾ ਹੈ। ਇਹ ਰਕਮ ਉਨ੍ਹਾਂ ਦੀ ਕੁਲ ਸੰਪਤੀ ਦਾ 7.7 ਫ਼ੀਸਦੀ ਹੈ। ਜੈੱਫ ਬੇਜ਼ੋਸ ਦੀ ਕੁਲ ਜਾਇਦਾਦ 130 ਅਰਬ ਡਾਲਰ (ਨੌਂ ਲੱਖ 28 ਹਜ਼ਾਰ 444 ਕਰੋੜ ਰੁਪਏ) ਹੈ।

ਸੋਮਵਾਰ ਨੂੰ ਇੰਸਟਾਗ੍ਰਾਮ 'ਤੇ ਕੀਤੇ ਗਏ ਇਕ ਪੋਸਟ ਵਿਚ ਉਨ੍ਹਾਂ ਨੇ ਕਿਹਾ ਕਿ ਉਹ ਬੇਜ਼ੋਸ ਅਰਥ ਫੰਡ ਦੀ ਸ਼ੁਰੂਆਤ ਕਰਨਗੇ। ਪੋਸਟ ਵਿਚ ਲਿਖਿਆ, 'ਪੌਣਪਾਣੀ ਪਰਿਵਰਤਨ ਧਰਤੀ ਲਈ ਇਕ ਵੱਡਾ ਖ਼ਤਰਾ ਹੈ। ਇਸ ਲਈ ਪੌਣਪਾਣੀ ਪਰਿਵਰਤਨ ਨਾਲ ਜੰਗ ਲਈ ਹੁਣ ਤਕ ਦੇ ਵਰਤੇ ਤਰੀਕੇ ਅਤੇ ਇਸ ਨਾਲ ਨਿਪਟਣ ਦੇ ਨਵੇਂ ਤਰੀਕਿਆਂ ਲਈ ਕੰਮ ਕਰਨ ਦਾ ਇੱਛੁਕ ਹਾਂ। ਧਰਤੀ ਨੂੰ ਬਚਾਉਣ ਲਈ ਸ਼ੁਰੂ ਕੀਤੀ ਜਾਣ ਵਾਲੀ ਇਹ ਪਹਿਲ ਪੌਣਪਾਣੀ ਵਿਗਿਆਨਕਾਂ, ਸਮਾਜਿਕ ਵਰਕਰਾਂ ਅਤੇ ਗ਼ੈਰ-ਸਰਕਾਰੀ ਸੰਗਠਨਾਂ ਨੂੰ ਫੰਡ ਮੁਹੱਈਆ ਕਰਵਾਏਗੀ। ਅਸੀਂ ਧਰਤੀ ਨੂੰ ਬਚਾ ਸਕਦੇ ਹਾਂ। ਇਸ ਪਹਿਲ ਨਾਲ ਵੱਡੀਆਂ ਕੰਪਨੀਆਂ, ਛੋਟੀਆਂ ਕੰਪਨੀਆਂ, ਵੱਖ-ਵੱਖ ਦੇਸ਼, ਵਿਸ਼ਵ ਪੱਧਰ ਦੇ ਸੰਗਠਨ ਅਤੇ ਵਿਅਕਤੀਗਤ ਪੱਧਰ 'ਤੇ ਸਾਰੇ ਇਕੱਠੇ ਹੋਣਗੇ।' ਦੱਸਣਯੋਗ ਹੈ ਕਿ ਇੰਸਟਾਗ੍ਰਾਮ 'ਤੇ ਬੇਜ਼ੋਸ ਦੇ 14 ਲੱਖ ਫਾਲੋਅਰ ਹਨ।

ਕੰਪਨੀ ਦੇ ਮੁਲਾਜ਼ਮਾਂ ਨੇ ਚਲਾਈ ਸੀ ਆਨਲਾਈਨ ਮੁਹਿੰਮ

ਪਿਛਲੇ ਮਹੀਨੇ ਐਮਾਜ਼ੋਨ ਦੇ ਸੈਂਕੜੇ ਮੁਲਾਜ਼ਮਾਂ ਨੇ ਆਨਲਾਈਨ ਮੁਹਿੰਮ ਚਲਾ ਕੇ ਕੰਪਨੀ 'ਤੇ ਪੌਣਪਾਣੀ ਪਰਿਵਰਤਨ ਨਾਲ ਨਿਪਟਣ ਦਾ ਦਬਾਅ ਬਣਾਇਆ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਕੰਪਨੀ ਦੀ ਹੋਮ ਡਿਲੀਵਰੀ ਸਕੀਮ ਕਾਰਨ ਵੱਡੀ ਮਾਤਰਾ ਵਿਚ ਕਚਰਾ ਪੈਦਾ ਹੁੰਦਾ ਹੈ। ਨਾਲ ਹੀ ਇਸ ਦੌਰਾਨ ਜਿਨ੍ਹਾਂ ਵਾਹਨਾਂ ਰਾਹੀਂ ਡਿਵੀਵਰੀ ਕੀਤੀ ਜਾਂਦੀ ਹੈ ਉਨ੍ਹਾਂ ਤੋਂ ਨਿਕਲਣ ਵਾਲੀ ਗ੍ਰੀਨ ਹਾਊਸ ਗੈਸ ਵੀ ਪੌਣਪਾਣੀ ਨੂੰ ਨੁਕਸਾਨ ਪਹੁੁੰਚਾਉਂਦੀ ਹੈ। ਸਤੰਬਰ 2019 ਵਿਚ ਜੈੱਫ ਬੇਜ਼ੋਸ ਨੇ ਸਾਲ 2040 ਤਕ ਕੰਪਨੀ ਨੂੰ ਕਾਰਬਨ ਨਿਊਟਰਲ ਅਤੇ ਸਾਲ 2030 ਤਕ 100 ਫ਼ੀਸਦੀ ਨਵੀਨੀਕਰਨ ਊਰਜਾ ਅਤੇ 2030 ਤਕ ਇਕ ਲੱਖ ਇਲੈਕਟਿ੍ਕ ਵਾਹਨ ਦੀ ਡਿਲੀਵਰੀ ਕਰਨ ਦਾ ਵੀ ਐਲਾਨ ਕੀਤਾ ਸੀ।

ਪੂਰੀ ਜਾਇਦਾਦ ਦਾਨ ਕਰਨ ਦਾ ਐਲਾਨ ਕਰ ਚੁੱਕੇ ਹਨ ਬਫੇ

ਦੁਨੀਆ ਦੇ ਤੀਜੇ ਸਭ ਤੋਂ ਅਮੀਰ ਵਿਅਕਤੀ ਅਤੇ ਬਰਕਸ਼ਾਇਰ ਹੈਥਵੇ ਦੇ ਸੀਈਓ ਅਤੇ ਚੇਅਰਮੈਨ ਵਾਰੇਨ ਬਫੇ ਨੇ 2006 ਵਿਚ ਆਪਣੀ ਪੂਰੀ ਜਾਇਦਾਦ ਯਾਨੀ 36 ਅਰਬ ਡਾਲਰ (ਢਾਈ ਲੱਖ ਕਰੋੜ ਤੋਂ ਜ਼ਿਆਦਾ) ਦਾਨ ਕਰਨ ਦਾ ਐਲਾਨ ਕੀਤਾ ਸੀ ਜਦਕਿ ਵਾਲਮਾਰਟ ਦੇ ਬਾਨੀ ਸੈਮ ਵਾਲਟਨ ਦੀ ਮਰਹੂਮ ਪਤਨੀ ਹੇਲਨ ਵਾਲਟਨ ਨੇ 2007 ਵਿਚ 16.4 ਅਰਬ ਡਾਲਰ (ਇਕ ਲੱਖ ਪੰਦਰਾਂ ਹਜ਼ਾਰ ਕਰੋੜ ਰੁਪਏ) ਦਾਨ ਕਰਨ ਦਾ ਐਲਾਨ ਕੀਤਾ ਸੀ।