ਵਾਸ਼ਿੰਗਟਨ (ਪੀਟੀਆਈ) : ਰਾਸ਼ਟਰਪਤੀ ਅਹੁਦੇ ਲਈ ਡੈਮੋਕ੍ਰੇਟਿਕ ਪਾਰਟੀ ਵੱਲੋਂ ਉਮੀਦਵਾਰੀ ਦੇ ਮੁੱਖ ਦਾਅਵੇਦਾਰ ਬਰਨੀ ਸੈਂਡਰਸ ਨੇ ਭਾਰਤ ਨੂੰ ਹਥਿਆਰ ਵੇਚਣ ਦੇ ਮੁੱਦੇ 'ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਆਲੋਚਨਾ ਕੀਤੀ ਹੈ। ਸੋਮਵਾਰ ਨੂੰ ਉਨ੍ਹਾਂ ਨੇ ਕਿਹਾ ਕਿ ਹਥਿਆਰ ਵਿਕਰੀ ਦੀ ਥਾਂ ਅਮਰੀਕਾ ਨੂੰ ਭਾਰਤ ਨਾਲ ਧਰਤੀ ਬਚਾਉਣ ਖ਼ਾਤਰ ਪੌਣਪਾਣੀ ਪਰਿਵਰਤਨ ਨਾਲ ਨਿਪਟਣ ਵਿਚ ਸਾਂਝੇਦਾਰੀ ਕਰਨੀ ਚਾਹੀਦੀ ਹੈ। ਸੈਂਡਰਸ ਨੇਵਾਦਾ ਅਤੇ ਨਿਊ ਹੈਂਪਸ਼ਾਇਰ ਦੀ ਪ੍ਰਾਇਮਰੀ ਜਿੱਤ ਚੁੱਕੇ ਹਨ ਜਦਕਿ ਆਯੋਵਾ ਦਾ ਨਤੀਜਾ ਨਹੀਂ ਆਇਆ ਹੈ।

ਭਾਰਤ ਦੇ ਦੋ ਰੋਜ਼ਾਂ ਦੌਰੇ 'ਤੇ ਆਏ ਟਰੰਪ ਨੇ ਸੋਮਵਾਰ ਨੂੰ ਅਹਿਮਾਦਾਬਾਦ ਦੇ ਮੋਟੇਰਾ ਸਟੇਡੀਅਮ ਵਿਚ ਭਾਰਤ ਨਾਲ ਤਿੰਨ ਅਰਬ ਡਾਲਰ ਦੇ ਰੱਖਿਆ ਸੌਦਿਆਂ 'ਤੇ ਦਸਤਖ਼ਤ ਕਰਨ ਦੀ ਗੱਲ ਕਹੀ ਸੀ। ਮੰਗਲਵਾਰ ਨੂੰ ਇਸ ਸਮਝੌਤੇ ਨੂੰ ਅਮਲੀ ਜਾਮਾ ਪਾ ਵੀ ਦਿੱਤਾ ਗਿਆ। ਸੈਂਡਰਸ ਨੇ ਕਿਹਾ ਕਿ ਰੇਥੀਯਾਨ, ਬੋਇੰਗ ਦੇ ਹਥਿਆਰ ਵੇਚਣ ਦੀ ਥਾਂ ਅਮਰੀਕਾ ਨੂੰ ਭਾਰਤ ਨਾਲ ਪੌਣਪਾਣੀ ਪਰਿਵਰਤਨ ਨਾਲ ਨਿਪਟਣ ਲਈ ਭਾਈਵਾਲੀ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਹਵਾ ਪ੍ਰਦੂਸ਼ਣ ਨੂੰ ਘੱਟ ਕਰਨ, ਨਵਿਆਉਣਯੋਗ ਊਰਜਾ ਸਬੰਧੀ ਕੰਮਾਂ ਲਈ ਅਤੇ ਆਪਣੀ ਧਰਤੀ ਨੂੰ ਬਚਾਉਣ ਖ਼ਾਤਰ ਅਸੀਂ ਮਿਲ ਕੇ ਕੰਮ ਕਰ ਸਕਦੇ ਹਾਂ।