ਨਿਊਯਾਰਕ (ਏਐੱਫਪੀ) : ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿਚ ਇਕ ਸੋਸ਼ਲ ਕਲੱਬ ਵਿਚ ਸ਼ਨਿਚਰਵਾਰ ਤੜਕੇ ਗੋਲ਼ੀਬਾਰੀ ਦੀ ਘਟਨਾ ਵਿਚ ਚਾਰ ਲੋਕਾਂ ਦੀ ਮੌਤ ਹੋ ਗਈ ਤੇ ਤਿੰਨ ਲੋਕ ਜ਼ਖ਼ਮੀ ਹੋ ਗਏ। ਪੁਲਿਸ ਨੇ ਉਕਤ ਜਾਣਕਾਰੀ ਦਿੱਤੀ।

ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਬਰੁਕਲਿਨ ਇਲਾਕੇ 'ਚ ਵਾਪਰੀ ਇਸ ਘਟਨਾ 'ਚ ਅਜੇ ਕਿਸੇ ਦੀ ਗਿ੍ਫ਼ਤਾਰੀ ਨਹੀਂ ਹੋਈ। ਘਟਨਾ ਦੇ ਕਾਰਨਾਂ ਬਾਰੇ ਵੀ ਅਜੇ ਕੁਝ ਪਤਾ ਨਹੀਂ ਲੱਗ ਸਕਿਆ। ਪੁਲਿਸ ਨੇ ਦੱਸਿਆ ਕਿ ਚਾਰ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਤਿੰਨ ਲੋਕ ਜ਼ਖ਼ਮੀ ਹੋਏ ਹਨ ਪਰ ਉਨ੍ਹਾਂ ਦੀ ਜਾਨ ਨੂੰ ਕੋਈ ਖ਼ਤਰਾ ਨਹੀਂ ਹੈ।

ਪਹਿਲਾਂ ਪੰਜ ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਆਈ ਸੀ। ਅਜੇ ਪਿਛਲੇ ਹਫ਼ਤੇ ਹੀ ਗੋਲ਼ੀਬਾਰੀ ਦੀਆਂ ਦੋ ਘਟਨਾਵਾਂ ਵਿਚ ਨੌਂ ਲੋਕਾਂ ਦੀ ਮੌਤ ਹੋ ਗਈ ਸੀ। ਮੈਸਾਚੁਸੇਟਸ 'ਚ ਇਕ ਹੀ ਪਰਿਵਾਰ ਦੇ ਪੰਜ ਜੀਆਂ ਦੀ ਗੋਲ਼ੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਨ੍ਹਾਂ ਸਾਰੇ ਲੋਕਾਂ ਦੀਆਂ ਲਾਸ਼ਾਂ ਘਰ ਵਿਚ ਹੀ ਮਿਲੀਆਂ ਸਨ। ਇਸ ਤੋਂ ਪਹਿਲਾਂ ਕੰਸਾਸ 'ਚ ਦੋ ਬੰਦੂਕਧਾਰੀਆਂ ਨੇ ਇਕ ਵਾਰ ਮੁੜ 'ਚ ਦਾਖ਼ਲ ਹੋ ਕੇ ਅੰਨ੍ਹੇਵਾਰ ਫਾਇਰਿੰਗ ਕੀਤੀ ਸੀ ਜਿਸ ਵਿਚ ਚਾਰ ਲੋਕਾਂ ਦੀ ਮੌਤ ਹੋ ਗਈ ਸੀ ਤੇ ਪੰਜ ਹੋਰ ਜ਼ਖ਼ਮੀ ਹੋ ਗਏ ਸਨ।

ਬੰਦੂਕਾਂ ਦੀ ਖ਼ਰੀਦੋ-ਫਰੋਖ਼ਤ 'ਤੇ ਉੱਠੇ ਸਵਾਲ

ਗੋਲ਼ੀਬਾਰੀ ਦੀਆਂ ਇਨ੍ਹਾਂ ਘਟਨਾਵਾਂ ਨਾਲ ਅਮਰੀਕਾ ਵਿਚ ਹਥਿਆਰਾਂ ਦੀ ਖ਼ਰੀਦੋ-ਫਰੋਖ਼ਤ 'ਤੇ ਬਹਿਸ ਸ਼ੁਰੂ ਹੋ ਗਈ ਹੈ। ਅਮਰੀਕਾ ਵਿਚ ਬੰਦੂਕਾਂ ਦੀ ਖੱਲ੍ਹੇਆਮ ਵਿਕਰੀ ਹੁੰਦੀ ਹੈ। ਇੱਥੇ ਸੈਂਕੜਿਆਂ ਦੀ ਗਿਣਤੀ ਵਿਚ ਸਟੋਰ ਖੁੱਲ੍ਹੇ ਹੋਏ ਹਨ ਜਿੱਥੇ ਬੰਦੂਕਾਂ ਵੇਚੀਆਂ ਜਾਂਦੀਆਂ ਹਨ। ਇਨ੍ਹਾਂ ਵਿਚ ਵਾਲਮਾਰਟ ਵਰਗੇ ਵੱਡੇ ਸ਼ਾਪਿੰਗ ਆਊਟਲੈੱਟਸਾਂ ਤੋਂ ਇਲਾਵਾ ਛੋਟੀਆਂ-ਛੋਟੀਆਂ ਦੁਕਾਨਾਂ ਵੀ ਸ਼ਾਮਲ ਹਨ। ਆਮ ਲੋਕ ਵੀ ਨਿਯਮਤ ਰੂਪ 'ਚ ਆਪਣੇ ਗੁਆਂਢ ਜਾਂ ਪਰਿਵਾਰ ਦੇ ਜੀਆਂ ਤੋਂ ਬੰਦੂਕਾਂ ਖ਼ਰੀਦਦੇ ਹਨ। ਹਥਿਆਰਾਂ ਦੇ ਇਸ ਖੁੱਲ੍ਹੇ ਲੈਣ-ਦੇਣ ਦੀ ਕੋਈ ਜਾਂਚ-ਪੜਤਾਲ ਨਹੀਂ ਹੁੰਦੀ।