ਕਨੋਸ਼, ਏਪੀ : ਅਮਰੀਕਾ ਦੇ ਯੂਟਾ 'ਚ ਰੇਤਲੇ ਤੂਫ਼ਾਨ ਦੀ ਲਪੇਟ 'ਚ ਆਉਣ ਨਾਲ ਕਈ ਸਾਧਨ ਆਪਸ 'ਚ ਟਕਰਾਅ ਗਏ ਜਿਸ ਨਾਲ ਕੁਝ ਲੋਕਾਂ ਦੀ ਮੌਤ ਹੋ ਗਈ। ਯੂਟਾ ਹਾਈਵੇ ਪੈਟਰੋਲ ਨੇ ਦੱਸਿਆ ਕਿ ਐਤਵਾਰ ਦੇ ਦਿਨ ਦੁਪਹਿਰ 'ਚ ਰੇਤਲੇ ਤੂਫ਼ਾਨ ਦੌਰਾਨ 20 ਵਾਹਨਾਂ ਦੀ ਟੱਕਰ ਹੋਣ ਨਾਲ ਲਗਪਗ 7 ਲੋਕਾਂ ਦੀ ਮੌਤ ਹੋ ਗਈ। ਇਕ ਪ੍ਰੈਸ ਰਿਲੀਜ਼ ਮੁਤਾਬਕ ਕਨੋਸ਼ ਸ਼ਹਿਰ ਕੋਲ ਅੰਤਰਰਾਸ਼ਟਰੀ 15 'ਤੇ ਇਹ ਹਾਦਸਾ ਹੋਇਆ। ਹਾਦਸੇ ਦੀ ਵਜ੍ਹਾ ਕਾਰਨ ਕਈ ਲੋਕਾਂ ਨੂੰ ਗੰਭੀਰ ਸੱਟਾਂ ਆਈਆਂ ਤੇ ਉਨ੍ਹਾਂ ਨੂੰ ਕਥਿਤ ਤੌਰ 'ਤੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਦੁਰਘਟਨਾ ਪੀੜਤਾਂ ਨੂੰ ਲੈ ਜਾਣ ਲਈ ਗਰਾਊਂਡ ਤੇ ਏਅਰ ਐਬੂਲੈਂਸ ਦਾ ਇਸਤੇਮਾਲ ਕੀਤਾ ਗਿਆ। ਹਾਦਸੇ ਦੀ ਜਗ੍ਹਾ 'ਤੇ ਕਈ ਗੱਡੀਆਂ ਹਾਦਸਾਗ੍ਰਸਤ ਹੋ ਗਈਆਂ ਤੇ ਉਨ੍ਹਾਂ ਦਾ ਮਲਬਾ ਦੂਰ-ਦੂਰ ਤਕ ਫੈਲਿਆ ਹੋਇਆ ਹੈ। ਹਾਦਸੇ 'ਚ ਟਰੱਕ ਤੇ ਕਾਰ ਇਕ ਦੂਜੇ ਦੇ ਉਪਰ ਦਿਖ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਤੂਫ਼ਾਨ ਦੀ ਰਫ਼ਤਾਰ 51 ਮੀਲ ਪ੍ਰਤੀ ਘੰਟੇ ਦੀ ਸੀ।

ਹਾਈਵੇ ਪੈਟਰੋਲ ਨੇ ਕਿਹਾ ਕਿ ਤੇਜ਼ ਹਵਾਵਾਂ ਦੀ ਵਜ੍ਹਾ ਨਾਲ ਮਿੱਟੀ ਜਾਂ ਰੇਤਲੀ ਹਨੇਰੀ ਆਈ ਜਿਸ ਨਾਲ ਦ੍ਰਿਸ਼ ਘੱਟ ਹੋ ਜਾਣ ਦੀ ਵਜ੍ਹਾ ਨਾਲ ਗੱਡੀਆਂ ਆਪਸ 'ਚ ਟਕਰਾਅ ਗਈਆਂ। ਜਿਸ 'ਚ 7 ਲੋਕਾਂ ਦੀ ਮੌਤ ਹੋ ਗਈ। ਹੁਣ ਤਕ ਅਧਿਕਾਰਤ ਤੌਰ 'ਤੇ ਇਹ ਨਹੀਂ ਦੱਸਿਆ ਕਿ ਹਾਦਸੇ 'ਚ ਕਿੰਨੇ ਲੋਕ ਜ਼ਖ਼ਮੀ ਹੋਏ ਹਨ। ਜੇਕਰ ਹਾਦਸੇ ਦੀਆਂ ਤਸਵੀਰਾਂ ਤੋਂ ਇਹ ਦੇਖਿਆ ਜਾ ਸਕਦਾ ਹੈ ਕਿ ਜ਼ਖ਼ਮੀਆਂ ਦੀ ਗਿਣਤੀ ਜ਼ਿਆਦਾ ਹੋ ਸਕਦੀ ਹੈ। ਦੱਸਿਆ ਇਹ ਵੀ ਜਾ ਰਿਹਾ ਹੈ ਕਿ ਪੀੜਤਾਂ ਦੇ ਨਾਂ 24 ਘੰਟਿਆਂ ਤਕ ਕਿਸੇ ਨੂੰ ਵੀ ਨਹੀਂ ਦੱਸੇ ਜਾਣਗੇ।

Posted By: Ravneet Kaur