ਵਾਸ਼ਿੰਗਟਨ : ਸ਼ੁੱਕਰ ਗ੍ਰਹਿ 'ਤੇ ਜੀਵਨ ਦੇ ਸੰਕੇਤ ਮਿਲਣ ਨਾਲ ਵਿਗਿਆਨੀਆਂ ਦੀ ਦਿਲਚਸਪੀ ਇਸ ਗ੍ਰਹਿ ਵੱਲ ਵਧੀ ਹੈ। ਪੁਲਾੜ ਵਿਗਿਆਨੀ ਹੁਣ ਬ੍ਰਹਿਮੰਡ ਦੀ ਗੁੱਥੀ ਸੁਲਝਾਉਣ ਲਈ ਮੰਗਲ ਦੀ ਬਜਾਏ ਸ਼ੁੱਕਰ 'ਤੇ ਧਿਆਨ ਕੇਂਦਰਤ ਕਰਨ 'ਤੇ ਵਿਚਾਰ ਕਰ ਰਹੇ ਹਨ।

ਪਹਿਲਾਂ ਵੀ ਸ਼ੁੱਕਰ ਨੂੰ ਜਾਣਨ ਦੀਆਂ ਕਈ ਕੋਸ਼ਿਸ਼ਾਂ ਹੋਈਆਂ ਹਨ। ਹੁਣ ਇਸ ਵਿਚ ਹੋਰ ਤੇਜ਼ੀ ਆ ਸਕਦੀ ਹੈ। ਹਵਾਈ ਤੇ ਚਿਲੀ ਟੈਲੀਸਕੋਪ ਦੀ ਮਦਦ ਨਾਲ ਸੰਕੇਤ ਮਿਲਿਆ ਹੈ ਕਿ ਸ਼ੁੱਕਰ 'ਤੇ ਸਲਫਿਊਰਿਕ ਐਸਿਡ ਨਾਲ ਲੱਦੇ ਬੱਦਲਾਂ 'ਚ ਸੂਖ਼ਮਜੀਵਾਂ ਦੀ ਮੌਜੂਦਗੀ ਹੋ ਸਕਦੀ ਹੈ। ਇਨ੍ਹਾਂ ਬੱਦਲਾਂ 'ਚ ਫਾਸਫੀਨ ਹੋਣ ਦੇ ਪੁਖਤਾ ਸਬੂਤ ਮਿਲੇ ਹਨ। ਧਰਤੀ 'ਤੇ ਫਾਸਫੀਨ ਕਾਰਖਾਨਿਆਂ 'ਚ ਤਿਆਰ ਕੀਤੀ ਜਾਂਦੀ ਹੈ ਜਾਂ ਫਿਰ ਬਿਨਾਂ ਆਕਸੀਜਨ ਤੋਂ ਵਾਤਾਵਰਨ 'ਚ ਰਹਿਣ ਵਾਲੇ ਸੂਖ਼ਮ ਜੀਵ ਇਸ ਨੂੰ ਤਿਆਰ ਕਰਦੇ ਹਨ।

ਨਾਰਥ ਕੈਰੋਲੀਨਾ ਸਟੇਟ ਯੂਨੀਵਰਸਿਟੀ ਦੇ ਖਗੋਲ ਵਿਗਿਆਨੀ ਪਾਲ ਬਾਇਰਨ ਮੁਤਾਬਕ ਜੇ ਸ਼ੁੱਕਰ ਸਰਗਰਮ ਹੈ ਤੇ ਇੱਥੇ ਫਾਸਫੀਨ ਤਿਆਰ ਹੋ ਰਹੀ ਹੈ ਤਾਂ ਇਹ ਚਮਤਕਾਰ ਹੀ ਹੈ। ਇਸ ਸੂਰਤ 'ਚ ਸਾਨੂੰ ਮੰਗਲ ਦੀ ਤਰ੍ਹਾਂ ਸ਼ੁੱਕਰ 'ਤੇ ਵੀ ਆਰਬਿਟਰ ਤੇ ਲੈਂਡਰ ਭੇਜਣ ਦੀ ਤਿਆਰੀ ਸ਼ੁਰੂ ਕਰਨੀ ਚਾਹੀਦੀ ਹੈ। ਹਾਲਾਂਕਿ ਇੱਥੇ ਪਹੁੰਚਣਾ ਆਸਾਨ ਨਹੀਂ ਹੋਵੇਗਾ। ਇਸ ਦਾ ਕਾਰਨ ਸ਼ੁੱਕਰ ਦਾ ਸੰਘਣਾ ਵਾਤਾਵਰਨ ਤੇ ਸਤ੍ਹਾ ਦਾ 800 ਡਿਗਰੀ ਫਾਰਨਹਾਈਟ ਤਾਪਮਾਨ ਹੈ, ਜੋ ਕਿਸੇ ਵੀ ਚੀਜ਼ ਨੂੰ ਨਸ਼ਟ ਕਰ ਸਕਦਾ ਹੈ।

ਛੇ ਦਹਾਕਿਆਂ ਤੋਂ ਯਤਨਸ਼ੀਲ ਹੈ ਰੂਸ

1961 'ਚ ਪਹਿਲੀ ਵਾਰ ਰੂਸੀ ਪੁਲਾੜ ਵਾਹਨ ਨੇ ਸ਼ੁੱਕਰ ਦੀ ਸਤ੍ਹਾ ਦੀਆਂ ਤਸਵੀਰਾਂ ਲਈਆਂ ਸਨ। 1967 'ਚ ਰੂਸੀ ਪੁਲਾੜ ਮਿਸ਼ਨ ਵੇਨੇਰਾ-4 ਨੇ ਪਹਿਲੀ ਵਾਰ ਸ਼ੁੱਕਰ ਦੇ ਵਾਤਾਵਰਨ 'ਚ ਕਾਰਬਨ ਡਾਇਆਕਸਾਈਡ ਦਾ ਪਤਾ ਲਾਇਆ ਸੀ। 1980 'ਚ ਵੇਨੇਰਾ-11 ਅਤੇ ਵੇਨੇਰਾ-12 ਨੇ ਇੱਥੇ ਤੇਜ਼ ਤੂਫ਼ਾਨ ਆਉਣ ਤੇ ਬਿਜਲੀ ਚਮਕਣ ਦਾ ਪਤਾ ਲਾਇਆ ਸੀ। ਵੇਨੇਰਾ-13 ਅਤੇ ਵੇਨੇਰਾ-14 ਨੇ ਪਹਿਲੀ ਵਾਰ ਸ਼ੁੱਕਰ ਦੀ ਸਤ੍ਹਾ 'ਤੇ ਆਵਾਜ਼ ਰਿਕਾਰਡ ਕੀਤੀ ਸੀ। 1985 'ਚ ਰੂਸ ਨੇ ਸ਼ੁੱਕਰ ਦੀ ਹੋਰ ਜਾਣਕਾਰੀ ਹਾਸਲ ਕਰਨ ਅਤੇ ਖੋਜ ਲਈ ਉਪਕਰਨਾਂ ਨਾਲ ਲੱਦਿਆ ਗੁਬਾਰਾ ਭੇਜਿਆ ਸੀ। ਹਾਲਾਂਕਿ ਬਾਅਦ 'ਚ ਸ਼ੁੱਕਰ 'ਤੇ ਖੋਜ ਦੀ ਰਫ਼ਤਾਰ ਮੱਠੀ ਪੈ ਗਈ।

ਅਮਰੀਕਾ ਦਾ ਸ਼ੁੱਕਰ ਮਿਸ਼ਨ

ਅਮਰੀਕਾ ਨੇ ਸ਼ੁੱਕਰ ਨੂੰ ਸਮਝਣ ਲਈ 1960 ਅਤੇ 1970 'ਚ ਮੈਰੀਨਰ ਤੇ ਪਾਓਨੀਅਰ ਪ੍ਰੋਗਰਾਮ ਸ਼ੁਰੂ ਕੀਤਾ ਸੀ। 1962 'ਚ ਮੈਰੀਨਰ-2 ਜ਼ਰੀਏ ਅਮਰੀਕਾ ਨੂੰ ਪਤਾ ਲੱਗਿਆ ਕਿ ਸ਼ੁੱਕਰ 'ਤੇ ਕਾਫ਼ੀ ਠੰਢੇ ਬੱਦਲ ਹਨ ਪਰ ਸਤ੍ਹਾ ਦਾ ਤਾਪਮਾਨ ਸਾੜ ਦੇਣ ਵਾਲਾ ਹੈ। 1978 'ਚ ਪਾਓਨੀਅਰ ਮਿਸ਼ਨ ਨਾਲ ਅਮਰੀਕਾ ਨੇ ਪਤਾ ਲਾਇਆ ਕਿ ਸ਼ੁੱਕਰ ਦੀ ਸਤ੍ਹਾ ਧਰਤੀ ਦੇ ਮੁਕਾਬਲੇ ਕਾਫ਼ੀ ਪੱਧਰੀ ਹੈ। ਇੱਥੇ ਚੁੰਬਕੀ ਖੇਤਰ ਹੋਣ ਦੀ ਸੰਭਾਵਨਾ ਵੀ ਪ੍ਰਗਟਾਈ ਗਈ ਸੀ।


ਇਸਰੋ ਦੀ ਤਿਆਰੀ

ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਵੀ ਸ਼ੁੱਕਰਯਾਨ-1 ਜ਼ਰੀਏ ਸ਼ੁੱਕਰ ਨੂੰ ਜਾਣਨ ਦੀ ਯੋਜਨਾ ਬਣਾ ਰਿਹਾ ਹੈ। ਨਿਊਜ਼ੀਲੈਂਡ ਦੀ ਕੰਪਨੀ ਰਾਕੇਟ ਲੈਬ ਨੇ ਵੀ ਸ਼ੁੱਕਰ 'ਤੇ ਸੈਟੇਲਾਈਟ ਭੇਜਣ ਦੀ ਗੱਲ ਕਹੀ ਹੈ। ਨਾਸਾ ਵੀ ਪਿਛਲੇ ਇਕ ਦਹਾਕੇ ਤੋਂ ਸ਼ੁੱਕਰ ਮਿਸ਼ਨ ਦੀ ਤਿਆਰੀ ਕਰ ਰਹੀ ਹੈ। ਨਾਸਾ ਨੇ ਸ਼ੁੱਕਰ 'ਤੇ ਲੈਂਡਰ ਭੇਜਣ ਲਈ ਵੀਆਈਸੀਆਈ ਨਾਂ ਦਾ ਇਕ ਮਿਸ਼ਨ ਤਿਆਰ ਕੀਤਾ ਹੈ।

Posted By: Sunil Thapa