ਵਾਸ਼ਿੰਗਟਨ (ਏਐੱਨਆਈ) : ਲੱਦਾਖ ਦੀ ਗਲਵਾਨ ਘਾਟੀ 'ਚ ਭਾਰਤੀ ਫ਼ੌਜੀਆਂ ਨਾਲ ਉਲਝਣਾ ਚੀਨ ਦੀ ਕਮਿਊਨਿਸਟ ਸਰਕਾਰ ਲਈ ਬਹੁਤ ਭਾਰੀ ਪੈ ਰਿਹਾ ਹੈ। ਭਾਰਤ ਨੇ ਜਿੱਥੇ ਉਸ ਖ਼ਿਲਾਫ਼ ਆਰਥਿਕ ਮੋਰਚਾਬੰਦੀ ਸ਼ੁਰੂ ਕਰ ਦਿੱਤੀ ਹੈ, ਉਥੇ ਉਹ ਆਪਣੇ ਦੇਸ਼ ਦੇ ਲੋਕਾਂ ਨੂੰ ਵੀ ਗਲਵਾਨ ਘਾਟੀ ਦੀ ਝੜਪ 'ਤੇ ਸਹੀ ਜਵਾਬ ਨਹੀਂ ਦੇ ਰਿਹਾ ਹੈ। ਸੱਤਾਧਾਰੀ ਚਾਈਨੀਜ਼ ਕਮਿਊਨਿਸਟ ਪਾਰਟੀ (ਸੀਸੀਪੀ) ਸੱਚਾਈ ਲੁਕਾ ਰਹੀ ਹੈ ਜਿਸ ਨਾਲ ਪੀਪਲਜ਼ ਲਿਬਰੇਸ਼ਨ ਆਰਮੀ (ਪੀਐੱਲਏ) ਦੇ ਸਾਬਕਾ ਦਿੱਗਜਾਂ ਅਤੇ ਮੌਜੂਦਾ ਜਵਾਨਾਂ ਵਿਚਾਲੇ ਇਸ ਕਦਰ ਨਾਰਾਜ਼ਗੀ ਵਧਦੀ ਜਾ ਰਹੀ ਹੈ ਕਿ ਉਹ ਕਦੇ ਵੀ ਸਰਕਾਰ ਖ਼ਿਲਾਫ਼ ਹਥਿਆਰਬੰਦ ਬਗ਼ਾਵਤ ਕਰ ਸਕਦੇ ਹਨ। ਇਹ ਕਹਿਣਾ ਹੈ ਚੀਨ ਦੇ ਇਕ ਬਾਗ਼ੀ ਨੇਤਾ ਅਤੇ ਸੀਸੀਪੀ ਦੇ ਇਕ ਸਾਬਕਾ ਨੇਤਾ ਦੇ ਪੁੱਤਰ ਜਿਆਨਲੀ ਯਾਂਗ ਦਾ।

ਸਿਟੀਜ਼ਨ ਪਾਵਰ ਇਨੀਸ਼ਿਏਟਿਵ ਫਾਰ ਚਾਈਨਾ ਨਾਂ ਦੀ ਜਥੇਬੰਦੀ ਦੇ ਸੰਸਥਾਪਕ ਤੇ ਪ੍ਰਧਾਨ ਯਾਂਗ ਨੇ ਵਾਸ਼ਿੰਗਟਨ ਪੋਸਟ 'ਚ ਪ੍ਰਕਾਸ਼ਿਤ ਆਪਣੇ ਲੇਖ ਵਿਚ ਕਿਹਾ ਹੈ ਕਿ ਬੀਜਿੰਗ ਨੂੰ ਡਰ ਹੈ ਕਿ ਜੇਕਰ ਉਹ ਇਹ ਮੰਨ ਲੈਂਦਾ ਹੈ ਕਿ ਵਿਰੋਧੀਆਂ ਤੋਂ ਜ਼ਿਆਦਾ ਉਸ ਦੇ ਆਪਣੇ ਫ਼ੌਜੀ ਮਾਰੇ ਗਏ ਸਨ ਤਾਂ ਦੇਸ਼ ਵਿਚ ਅਸ਼ਾਂਤੀ ਫੈਲ ਸਕਦੀ ਹੈ ਅਤੇ ਸੀਸੀਪੀ ਦੀ ਸੱਤਾ ਵੀ ਦਾਅ 'ਤੇ ਲੱਗ ਸਕਦੀ ਹੈ।

ਯਾਂਗ ਨੇ ਲਿਖਿਆ ਹੈ, 'ਸੀਸੀਪੀ ਦੀ ਸਰਕਾਰ ਲਈ ਪੀਐੱਲਏ ਨੇ ਹੁਣ ਤਕ ਇਕ ਮਜ਼ਬੂਤ ਥੰਮ੍ਹ ਵਾਂਗ ਕੰਮ ਕੀਤਾ ਹੈ। ਜੇਕਰ ਪੀਐੱਲਏ ਦੇ ਮੌਜੂਦਾ ਫ਼ੌਜੀਆਂ ਦੀਆਂ ਭਾਵਨਾਵਾਂ ਨੂੰ ਸੱਟ ਵੱਜਦੀ ਹੈ ਅਤੇ ਉਹ ਲੱਖਾਂ ਦਿੱਗਜਾਂ (ਇਨ੍ਹਾਂ ਵਿਚ ਪੀਐੱਲਏ ਦੇ ਉਹ ਮੈਂਬਰ ਵੀ ਸ਼ਾਮਲ ਹਨ, ਜਿਹੜੇ ਸ਼ੀ ਜਿਨਪਿੰਗ ਤੋਂ ਨਾਰਾਜ਼ ਹਨ... ਜਿਨ੍ਹਾਂ 'ਚ ਪੀਐੱਲਏ ਨੂੰ ਕਾਰੋਬਾਰੀ ਸਰਗਰਮੀਆਂ ਤੋਂ ਵੱਖ ਕਰਨ ਦੀ ਸ਼ੀ ਦੀ ਮੁਹਿੰਮ ਦੇ ਵਿਰੋਧੀ ਹਨ) ਨਾਲ ਆ ਜਾਂਦੇ ਹਨ ਤਾਂ ਸ਼ੀ ਦੀ ਅਗਵਾਈ ਨੂੰ ਮਜ਼ਬੂਤੀ ਨਾਲ ਚੁਣੌਤੀ ਦੇ ਸਕਦੇ ਹਨ।' ਉਨ੍ਹਾਂ ਅੱਗੇ ਲਿਖਿਆ ਹੈ ਕਿ ਸੀਸੀਪੀ ਲੀਡਰਸ਼ਿਪ ਸਰਕਾਰ ਖ਼ਿਲਾਫ਼ ਸਾਬਕਾ ਫ਼ੌਜੀਆਂ ਦੀ ਸਮੂਹਿਕ ਤੇ ਹਥਿਆਰਬੰਦ ਕਾਰਵਾਈ ਦੀ ਸਮਰੱਥਾ ਨੂੰ ਹਲਕੇ ਵਿਚ ਲੈਣ ਦੀ ਗ਼ਲਤੀ ਨਹੀਂ ਕਰ ਸਕਦਾ। ਦਮਨਕਾਰੀ ਕਾਰਵਾਈ ਅਤੇ ਨੌਕਰਸ਼ਾਹੀ ਦੇ ਉਪਾਵਾਂ ਦੇ ਬਾਵਜੂਦ ਫ਼ੌਜ ਦੇ ਸਾਬਕਾ ਦਿੱਗਜਾਂ ਦਾ ਵਿਰੋਧ ਵੱਧ ਰਿਹਾ ਹੈ। ਇਸੇ ਨਾਲ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਸੀਸੀਪੀ ਦੀ ਲੀਡਰਸ਼ਿਪ ਖ਼ਿਲਾਫ਼ ਨਾਰਾਜ਼ਗੀ ਵੀ ਵੱਧ ਰਹੀ ਹੈ।