ਵਾਸ਼ਿੰਗਟਨ (ਏਜੰਸੀ) : ਅਮਰੀਕਾ 'ਚ ਹੁਣ ਕੋਈ ਵੀ ਰਾਹ ਚੱਲਦੇ ਸੌਖਿਆਂ ਹੀ ਟੀਕਾ ਲਗਵਾ ਸਕਦਾ ਹੈ। ਇਸ ਲਈ ਹਜ਼ਾਰਾਂ ਫਾਰਮੇਸੀਆਂ ਤੇ ਮੋਬਾਈਲ ਕਲੀਨਿਕ ਦੀ ਵਿਵਸਥਾ ਕੀਤੀ ਗਈ ਹੈ। ਇਹ ਕਦਮ ਕੋਰੋਨਾ ਮਹਾਮਾਰੀ ਖ਼ਿਲਾਫ਼ ਟੀਕਾਕਰਨ ਮੁਹਿੰਮ 'ਚ ਤੇਜ਼ੀ ਲਿਆਉਣ ਲਈ ਚੁੱਕਿਆ ਗਿਆ ਹੈ।

ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਬੀਤੇ ਹਫ਼ਤੇ ਟੀਕਾਕਰਨ ਵਧਾਉਣ ਲਈ ਇਸ ਸਹੂਲਤ ਦਾ ਐਲਾਨ ਕੀਤਾ ਸੀ। ਉਨ੍ਹਾਂ ਕਿਹਾ ਸੀ ਕਿ ਅਸੀਂ ਟੀਕਾਕਰਨ ਨੂੰ ਸੁਖਾਲਾ ਬਣਾਉਣ ਜਾ ਰਹੇ ਹਾਂ। ਬਾਇਡਨ ਨੇ ਇਹ ਐਲਾਨ ਅਜਿਹੇ ਸਮੇਂ ਕੀਤਾ, ਜਦੋਂ ਅਮਰੀਕਾ 'ਚ ਟੀਕਾਕਰਨ ਮੁਹਿੰਮ ਦੀ ਰਫ਼ਤਾਰ ਕੁਝ ਮੱਠੀ ਪੈਣ ਲੱਗੀ ਸੀ। ਦੇਸ਼ 'ਚ ਹੁਣ ਤਕ ਕਰੀਬ 15 ਕਰੋੜ ਲੋਕਾਂ ਦਾ ਟੀਕਾਕਰਨ ਹੋ ਚੁੱਕਿਆ। ਦੁਨੀਆ 'ਚ ਕੋਰੋਨਾ ਦੇ ਕਹਿਰ ਨਾਲ ਸਭ ਤੋਂ ਵੱਧ ਜੂਝਣ ਵਾਲੇ ਅਮਰੀਕਾ 'ਚ ਨਵੇਂ ਮਾਮਲਿਆਂ 'ਚ ਕਾਫ਼ੀ ਗਿਰਾਵਟ ਆ ਗਈ ਹੈ। ਇੱਥੇ ਹੁਣ ਤਕ ਕੁਲ ਤਿੰਨ ਕਰੋੜ 33 ਲੱਖ ਤੋਂ ਵੱਧ ਮਾਮਲੇ ਪਾਏ ਗਏ ਹਨ। ਜਦਕਿ ਪੰਜ ਲੱਖ 94 ਹਜ਼ਾਰ ਮਰੀਜ਼ਾਂ ਦੀ ਮੌਤ ਹੋ ਗਈ ਹੈ।