ਵਾਸ਼ਿੰਗਟਨ (ਪੀਟੀਆਈ) : ਅਮਰੀਕਾ ਨੇ ਭਾਰਤ ਤੋਂ ਅਜੇ ਤਕ ਆਪਣੇ ਕਰੀਬ 1,300 ਨਾਗਰਿਕ ਕੱਢੇ ਹਨ ਪ੍ਰੰਤੂ ਹੁਣ ਵੀ ਵੱਡੀ ਗਿਣਤੀ ਵਿਚ ਅਮਰੀਕੀ ਭਾਰਤ ਵਿਚ ਹਨ ਜੋ ਦੇਸ਼ ਪਰਤਣ ਤੋਂ ਕਤਰਾ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਦੁਨੀਆ ਵਿਚ ਸਭ ਤੋਂ ਜ਼ਿਆਦਾ ਮਾਮਲੇ ਅਮਰੀਕਾ ਵਿਚ ਸਾਹਮਣੇ ਆ ਰਹੇ ਹਨ। ਇਸ ਲਈ ਇਨ੍ਹਾਂ ਲੋਕਾਂ ਨੂੰ ਆਪਣੇ ਦੇਸ਼ ਪਰਤਣ 'ਚ ਡਰ ਲੱਗ ਰਿਹਾ ਹੈ।

ਅਮਰੀਕਾ ਦੀ ਦੱਖਣੀ ਅਤੇ ਮੱਧ ਏਸ਼ੀਆ ਮਾਮਲਿਆਂ ਦੀ ਕਾਰਜਕਾਰੀ ਉਪ ਸਕੱਤਰ ਐਲਿਸ ਜੀ ਵੈੱਲਜ਼ ਨੇ ਸੋਮਵਾਰ ਨੂੰ ਕਿਹਾ ਕਿ ਐਤਵਾਰ ਰਾਤ ਤਕ ਕਰੀਬ 1,300 ਅਮਰੀਕੀ ਨਾਗਰਿਕ ਵਾਪਸ ਲਿਆਂਦੇ ਗਏ। ਇਸ ਹਫ਼ਤੇ ਭਾਰਤ ਲਈ ਪੰਜ ਵਾਧੂ ਉਡਾਣਾਂ ਹੋਣਗੀਆਂ। ਇਹ ਸਹੀ ਅੰਕੜਾ ਦੱਸ ਸਕਣਾ ਕਠਿਨ ਹੈ ਕਿ ਕਿੰਨੇ ਅਮਰੀਕੀਆਂ ਨੂੰ ਦੇਸ਼ ਪਰਤਣ ਵਿਚ ਮਦਦ ਚਾਹੀਦੀ ਹੈ। ਅਮਰੀਕੀ ਦੂਤਘਰ ਅਤੇ ਵਣਜ ਦੂਤਘਰ ਵਿਚ ਸੱਤ ਹਜ਼ਾਰ ਤੋਂ ਜ਼ਿਆਦਾ ਲੋਕਾਂ ਨੇ ਰਜਿਸਟ੍ਰੇਸ਼ਨ ਕਰਵਾਇਆ ਹੈ। ਉਨ੍ਹਾਂ ਨੇ ਹਾਲਾਂਕਿ ਇਸ ਗੱਲ ਦਾ ਕੋਈ ਸਪੱਸ਼ਟ ਜਵਾਬ ਨਹੀਂ ਦਿੱਤਾ ਕਿ ਬਾਕੀ ਅਮਰੀਕੀ ਦੇਸ਼ ਪਰਤਣ ਵਿਚ ਕਿਉਂ ਘਬਰਾ ਰਹੇ ਹਨ? ਵੈੱਲਜ਼ ਨੇ ਸਿਰਫ਼ ਏਨਾ ਕਿਹਾ ਕਿ ਭਾਰਤ ਵਿਚ ਮੌਜੂਦ ਅਮਰੀਕੀਆਂ ਨੂੰ ਇਹ ਫ਼ੈਸਲਾ ਲੈਣ ਦੀ ਲੋੜ ਹੈ। ਇਹ ਅੰਦੇਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਦੁਨੀਆ ਵਿਚ ਕੋਰੋਨਾ ਵਾਇਰਸ ਨੂੰ ਲੈ ਕੇ ਅਮਰੀਕਾ ਹਾਟਸਪਾਟ ਬਣ ਗਿਆ ਹੈ। ਇਸ ਕਾਰਨ ਅਮਰੀਕੀ ਨਾਗਰਿਕ ਆਪਣੇ ਦੇਸ਼ ਪਰਤਣ ਤੋਂ ਕਤਰਾ ਰਹੇ ਹਨ। ਕੋਰੋਨਾ ਨਾਲ ਨਿਪਟਣ ਲਈ ਗਠਿਤ ਵ੍ਹਾਈਟ ਹਾਊਸ ਦੀ ਟਾਸਕ ਫੋਰਸ ਦੇ ਮੈਂਬਰ ਇਹ ਸ਼ੰਕਾ ਪ੍ਰਗਟਾ ਚੁੱਕੇ ਹਨ ਕਿ ਅਗਲੇ ਕੁਝ ਹਫ਼ਤਿਆਂ ਵਿਚ ਮਹਾਮਾਰੀ ਕਾਰਨ ਅਮਰੀਕਾ ਵਿਚ ਹਾਲਾਤ ਅਤੇ ਖ਼ਰਾਬ ਹੋ ਸਕਦੇ ਹਨ।